Monday, July 2, 2012

ਯੂਰੋ ਕੱਪ ਫਾਈਨਲ ਸਪੇਨ ਨੇ ਇਟਲੀ ਨੂੰ 4-0 ਨਾਲ ਹਰਾਕੇ ਜਿੱਤਿਆ

ਯੂਰੋ ਕੱਪ ਫਾਈਨਲ ਸਪੇਨ ਨੇ ਇਟਲੀ ਨੂੰ 4-0 ਨਾਲ ਹਰਾਕੇ ਜਿੱਤਿਆ
ਕਈ ਰਿਕਾਰਡ ਦਰਜ ਹੋਏ ਸਪੇਨ ਦੇ ਨਾਅ
ਰਣਜੀਤ ਸਿੰਘ ਪ੍ਰੀਤ ਦੀ ਰਿਪੋਰਟ
8 ਜੂਨ ਤੋਂ ਪੋਲੈਂਡ ਅਤੇ ਯੂਕਰੇਨ ਦੀ ਮੇਜਬਾਨੀ ਅਧੀਨ ਖੇਡੇ ਗਏ 14 ਵੇਂ ਯੂਰੋ ਕੱਪ ਦਾ ਪਹਿਲੀ ਜੁਲਾਈ ਵਾਲਾ ਓਲੰਪਿਕ ਸਟੇਡੀਅਮ ਕੀਵ ਵਿਚਲਾ ਫਾਈਨਲ ਜਦ ਸਪੇਨ ਨੇ ਇਟਲੀ ਨੂੰ 4-0 ਨਾਲ ਹਰਾਕੇ ਜਿੱਤਿਆ ਤਾਂ ਇਸ ਦੇ ਨਾਲ ਹੀ ਕਈ ਨਵੇਂ ਰਿਕਾਰਡ ਫੁੱਟਬਾਲ ਇਤਿਹਾਸ ਦੇ ਨਵੇਂ ਪੰਨਿਆਂ ਦਾ ਸਿੰਗਾਰ ਬਣ ਗਏ । ਫਾਈਨਲ ਮੈਚ ਨੂੰ ਸੁਰੂ ਹੋਇਆਂ ਅਜੇ 14 ਮਿੰਟ ਹੀ ਹੋਏ ਸਨ ਕਿ ਡੇਵਿਡ ਸਿਲਵਾ ਨੇ ਗੋਲ ਕਰਕੇ ਆਪਣੀ ਟੀਮ ਨੂੰ 1-0 ਨਾਲ ਬੜਤ ਦਿਵਾ ਦਿੱਤੀ । ਜੋਰਡੀ ਅਲਬਾ ਨੇ 41 ਵੇਂ ਮਿੰਟ ਵਿੱਚ ਦੂਜਾ ਗੋਲ ਕਰਕੇ ਸਮੇ ਦੇ ਅੰਕ ਵੀ 14 ਤੋਂ 41 ਵਿੱਚ ਬਦਲ ਦਿਖਾਏ । ਧੀਮੀ ਖੇਡ ਰਹੀ ਇਟਲੀ ਲਈ ਵਾਪਸੀ ਦੇ ਰਸਤੇ ਕਰੀਬ ਕਰੀਬ ਬੰਦ ਹੀ ਹੋ ਚੁੱਕੇ ਸਨ । ਅੱਧੇ ਸਮੇ ਤੱਕ ਸਕੋਰ 2-0 ਨਾਲ ਸਪੇਨ ਦੇ ਪੱਖ ਵਿੱਚ ਰਿਹਾ । ਮੈਚ ਦੇ 84 ਵੇਂ ਮਿੰਟ ਵਿੱਚ ਫਰਨਾਂਡੋ ਟੌਰਿਸ ਨੇ ਤੀਜਾ ਗੋਲ ਦਾਗ ਦਿੱਤਾ । ਹੁਣ ਸਪੇਨ ਨੂੰ ਆਪਣੀ ਜਿੱਤ ਯਕੀਨੀ ਦਿਸਣ ਲੱਗੀ । ਪਰ ਅਜੇ 4 ਮਿੰਟ ਹੀ ਹੋਰ ਬੀਤੇ ਸਨ ਜਾਂ ਇਹ ਕਹਿ ਲਵੋ ਕਿ ਮੈਚ ਸਮਾਪਤੀ ਤੋਂ ਸਿਰਫ ਦੋ ਹੀ ਮਿੰਟ ਪਹਿਲਾਂ ਜੁਆਨ ਮੱਤਾ ਨੇ ਚੌਥਾ ਗੋਲ ਕਰਦਿਆਂ ਸਪੇਨ ਦੀ ਜਿੱਤ ਉੱਤੇ ਮੁਹਰ ਲਗਾ ਦਿੱਤੀ । ਜਿਓਂ ਹੀ ਇਸ ਮੁਕਾਬਲੇ ਦੇ ਆਖਰੀ 31 ਵੇਂ ਮੈਚ ਦੇ ਸਮੇ ਦੀ ਸਮਾਪਤੀ ਲਈ ਸੀਟੀ ਪੁਰਤਗਾਲ ਦੇ ਰੈਫਰੀ ਪੈਡਰੋ ਪ੍ਰੋਇਨਸਾ ਨੇ ਵਜਾਈ ਤਾਂ ਜਿੱਥੇ ਸਪੈਨਿਸ ਖਿਡਾਰੀ ਨੱਚ ਉੱਠੇ ,ਉੱਥੇ 63 ਹਜਾਰ ਦਰਸਕ ਵੀ ਤਾੜੀਆਂ-ਕਿਲਕਾਰੀਆਂ ਮਾਰਨ ਲੱਗੇ । ਸਪੇਨੀ ਖਿਡਾਰੀ ਅੰਡਰਿਸ ਇਨਇਸਟਾ ਮੈਨ ਆਫ ਦਾ ਮੈਚ ਅਖਵਾਇਆ ਅਤੇ ਕੋਚ ਵਿਕਿੰਟੇ ਡੈਲ ਬੌਸਕੀ ਤੋਂ ਖੁਸੀ ਵਿੱਚ ਬੋਲਿਆ ਵੀ ਨਹੀਂ ਸੀ ਜਾ ਰਿਹਾ ।
ਇਸ ਵਾਰੀ 3-3 ਗੋਲ ਕਰਨ ਵਾਲੇ ਭਾਵੇਂ 6 ਖਿਡਾਰੀ ਸਨ ,ਪਰ ਗੋਲਡਨ ਬੂਟ ਦਾ ਖਿਤਾਬ ਸਪੇਨ ਦੇ ਫਰਨਾਂਡੋ ਟੌਰਿਸ ਦੇ ਹਿੱਸੇ ਰਿਹਾ । ਪਿਛਲੇ 2008 ਵਾਲੇ ਯੂਰੋ ਕੱਪ ਸਮੇ ਵੀ ਸਪੇਨ ਦੇ ਹੀ ਡੇਵਿਡ ਵਿੱਲਾ ਨੇ 4 ਗੋਲ ਕਰਕੇ ਗੋਲਡਨ ਬੂਟ ਹਾਸਲ ਕਰਿਆ ਸੀ । ਪਿਛਲੀ ਵਾਰ 77 ਗੋਲ ਹੋਏ ਸਨ,ਪਰ ਇਸ ਵਾਰੀ 76 ਹੋਏ ਹਨ । ਜਦੋਂ ਕਿ ਇਸ ਪੱਖ ਤੋਂ ਰਿਕਾਰਡ 85 ਗੋਲਾਂ ਦਾ ਹੈ ।
                       ਯੂਰੋ ਕੱਪ 2012 ਦੇ ਫਾਈਨਲ ਨੇ ਕਈ ਨਵੇਂ ਰਿਕਾਰਡ ਕਾਇਮ ਕਰ ਦਿੱਤੇ ਹਨ । ਇਹ ਪਹਿਲਾ ਅਜਿਹਾ ਫਾਈਨਲ ਹੈ ਜਿਸ ਵਿੱਚ 90 ਮਿੰਟ ਦੌਰਾਂਨ 4-0 ਨਾਲ ਕੋਈ ਟੀਮ ਜੇਤੂ ਬਣੀ ਹੈ । ਇਹ ਰਿਕਾਰਡ ਸਪੇਨ ਦੇ ਨਾਅ ਦਰਜ ਹੋ ਗਿਆ ਹੈ । ਸਪੇਨ ਨੇ ਯੂਰੋ ਕੱਪ ਦੀ ਉਹ .ਪਰੰਪਰਾ ਵੀ ਤੋੜ ਦਿੱਤੀ ਹੈ ਕਿ ਕੋਈ ਟੀਮ ਲਗਾਤਾਰ ਦੋ ਵਾਰੀ ਖਿਤਾਬ ਜੇਤੂ ਨਹੀਂ ਬਣ ਸਕਦੀ । ਸਪੇਨ ਨੇ 2008 ਅਤੇ 2012 ਦਾ ਫਾਈਨਲ ਜਿੱਤ ਕੇ ਇਹ ਰਿਕਾਰਡ ਬਣਾਇਆ ਹੈ । ਸਪੇਨ ਨੇ ਵਿਸਵ ਕੱਪ,ਅਤੇ ਦੋ ਵਾਰ ਯੂਰੋ ਕੱਪ ਜਿੱਤ ਕੇ ਵੀ ਲਗਾਤਾਰ ਤਿੰਨ ਜਿੱਤਾਂ ਦਾ ਰਿਕਾਰਡ ਕਾਇਮ ਕਰਿਆ ਹੈ । ਸਪੇਨ ਹੀ ਅਜਿਹਾ ਮੁਲਕ ਹੈ ਜਿਸ ਨੇ ਇਸ ਮੁਕਾਬਲੇ ਵਿੱਚ 9 ਵਾਰੀ ਭਾਗ ਲੈਂਦਿਆਂ 4 ਵਾਰੀ ਸੈਮੀਫਾਈਨਲ ਪ੍ਰਵੇਸ ਪਾ ਕੇ ਚਾਰੋਂ ਵਾਰ ਹੀ ਫਾਈਨਲ ਖੇਡਕੇ 3 ਵਾਰ (1964,2008,2012) ਖਿਤਾਬ ਜਿੱਤਿਆ ਹੈ ਅਤੇ ਜਰਮਨੀ ਦੀ ਬਰਾਬਰੀ ਕਰ ਲਈ ਹੈ । ਫਾਈਨਲ ਖੇਡੀਆਂ ਦੋਹਾਂ ਟੀਮਾਂ ਦੇ ਹਿੱਸੇ ਵੀ ਬਰਾਬਰ ਬਰਾਬਰ ਹੀ 13-13 ਪੀਲੇ ਕਾਰਡ ਰਹੇ ਹਨ । ਪਰ ਸਪੇਨ ਨੇ ਪੂਰਾ ਇੱਕ ਸੈਂਕੜਾ ਅਤੇ ਇਟਲੀ ਨੇ 97 ਫਾਊਲ ਕੀਤੇ ਹਨ । ਇਟਲੀ ਭਾਵੇਂ ਖਿਤਾਬ ਨਹੀਂ ਜਿੱਤ ਸਕਿਆ,ਪਰ ਉਸ ਨੇ 62 ਅਤੇ ਸਪੇਨ ਨੇ 37 ਟਾਰਗਿਟ ਹਮਲੇ ਕੀਤੇ ਹਨ । ਸਪੇਨ ਦਾ ਕਪਤਾਨ ਇੱਕਰ ਕੈਸਿਲਸ 2000 ਤੋਂ 2012 ਤੱਕ ਯੂਰੋ ਕੱਪ ਖੇਡਿਆ ਹੈ,ਇਸ ਨੇ 14 ਮੈਚਾਂ ਵਿੱਚ ਹਿੱਸਾ ਲਿਆ ਹੈ ਅਤੇ 9 ਕਲੀਨ ਸੀਟ ਲਈਆਂ ਹਨ ।
             ਯੂਰੋ ਕੱਪ ਦੇ ਫਾਈਨਲ ਵਿੱਚ ਹੁਣ ਤੱਕ 12 ਟੀਮਾਂ ਹੀ ਪਹੁੰਚੀਆਂ ਹਨ,ਪਰ ਇਹਨਾ ਵਿੱਚੋਂ 9 ਟੀਮਾਂ ਹੀ ਖਿਤਾਬ ਜੇਤੂ ਅਖਵਾਈਆਂ ਹਨ । ਇਸ ਵਾਰੀ ਪਨੈਲਟੀ ਸੂਟ ਆਊਟ ਵਾਲੇ ਮੈਚ ਤੋਂ ਬਿਨਾਂ ਸਪੇਨ ਸਿਰ ਸਿਰਫ ਇੱਕ ਗੋਲ ਹੀ ਹੋਇਆ,ਜਦੋਂ ਕਿ 12 ਗੋਲ ਕੀਤੇ । ਸਪੇਨ ਨੇ 5 ਮੈਚ ਜਿੱਤੇ,ਇੱਕ ਸਾਵਾਂ ਖੇਡਿਆ । ਇਟਲੀ ਨੇ 8 ਵਾਰੀ ਯੂਰੋ ਕੱਪ ਖੇਡਦਿਆਂ,5 ਸੈਮੀਫਾਈਨਲ ਖੇਡੇ ਹਨ,ਪਰ ਇੱਕ ਹੀ ਜਿੱਤ 1968 ਵਿੱਚ ਹਾਸਲ ਕੀਤੀ ਹੈ,2000 ਅਤੇ 2012 ਵਿੱਚ ਦੂਜਾ ਸਥਾਨ ਲਿਆ ਹੈ । ਇਸ ਵਾਰੀ 3 ਜਿੱਤੇ ,2 ਬਰਾਬਰ ਰੱਖੇ,ਅਤੇ ਫਾਈਨਲ ਹਾਰਿਆ । ਕੁੱਲ 10 ਗੋਲ ਕੀਤੇ ਅਤੇ 9 ਕਰਵਾਏ । ਫਾਈਨਲ ਖੇਡਣ ਵਾਲੇ ਦੋਨੋ ਮੁਲਕਾਂ ਦਾ ਕੁੱਲ ਮਿਲਾਕੇ ਇਹ 27 ਵਾਂ ਮੈਚ ਸੀ,ਜਿਸ ਵਿੱਚੋ ਦੋਹਾਂ ਨੇ 8-8 ਮੈਚ ਜਿੱਤੇ ਹਨ,ਅਤੇ 11 ਮੈਚ ਬਰਾਬਰ ਰਹੇ ਹਨ ।

ਹੁਣ ਤੱਕ ਦੇ ਜੇਤੂਆਂ ਦਾ ਵੇਰਵਾ;-

ਸਾਲ
ਮੇਜ਼ਬਾਨ
ਫਾਈਨਲ
ਜੇਤੂ
ਸਕੋਰ
ਉਪ-ਜੇਤੂ
1960

ਫਰਾਂਸ
ਸੋਵੀਅਤ ਸੰਘ

2-1
ਯੋਗੋਸਲਾਵੀਆ

1964

ਸਪੇਨ

ਸੋਵੀਅਤ ਸੰਘ

1972

ਬੈਲਜੀਅਮ
ਪੱਛਮੀ ਜਰਮਨੀ

ਸੋਵੀਅਤ ਸੰਘ

1976

ਯੋਗੋਸਲਾਵੀਆ 
ਚੈਕੋਸਲਵਾਕੀਆ

2–2
      (5–3) ਪਸ
ਪੱਛਮੀ ਜਰਮਨੀ

1980

ਇਟਲੀ 
ਪੱਛਮੀ ਜਰਮਨੀ
ਬੈਲਜੀਅਮ

1984
ਫਰਾਂਸ
ਫਰਾਂਸ

ਸਪੇਨ

1988

ਪੱਛਮੀ ਜਰਮਨੀ 
ਨੀਦਰਲੈਂਡ

ਸੋਵੀਅਤ ਸੰਘ

1992

ਸਵੀਡਨ
ਡੈਨਮਾਰਕ

ਜਰਮਨੀ

1996

ਇੰਗਲੈਂਡ
ਜਰਮਨੀ

ਚੈੱਕ ਗਣਰਾਜ

2000

ਬੈਲਜੀਅਮ
ਨੀਦਰਲੈਂਡ
ਫਰਾਂਸ

ਇਟਲੀ

2004

ਪੁਰਤਗਾਲ
ਯੂਨਾਨ

ਪੁਰਤਗਾਲ

2008
ਆਸਟਰੀਆ
ਸਵਿਟਜ਼ਰਲੈਂਡ
ਸਪੇਨ

ਜਰਮਨੀ

2012

ਪੋਲੈਂਡ
ਯੁਕਰੇਨ
ਸਪੇਨ
4-0
ਇਟਲੀ

Thursday, June 14, 2012

ਅਬ ਕੇ ਹਮ ਵਿਛੜੇ ਤੋ ਕਭੀ ਖ਼ਵਾਬੋਂ ---” ਮਹਿੰਦੀ ਹਸਨ

ਅਬ ਕੇ ਹਮ ਵਿਛੜੇ ਤੋ ਕਭੀ ਖ਼ਵਾਬੋਂ ---” ਮਹਿੰਦੀ ਹਸਨ
                                                    ਰਣਜੀਤ ਸਿੰਘ ਪ੍ਰੀਤ
                                       ਖ਼ਾਨ ਸਾਹਿਬ ਦੇ ਨਾਂਅ ਨਾਲ ਪ੍ਰਸਿੱਧੀ ਹਾਸਲ ਕਰਨ ਵਾਲੇ,ਸ਼ਾਸ਼ਤਰੀ ਸੰਗੀਤ,ਪਿੱਠਵਰਤੀ ਗਾਇਕ ਅਤੇ ਗ਼ਜ਼ਲ ਗਾਇਕੀ ਦੇ ਬੇਤਾਜ ਬਾਦਸ਼ਾਹ,ਹਰਮੋਨੀਅਮ ਨੂੰ ਉਂਗਲਾਂ 'ਤੇ ਨਾਚ ਨਚਾਉਣ ਵਾਲੇ,1957 ਤੋਂ 1999 ਤੱਕ ਚੁਸਤੀ-ਫ਼ੁਰਤੀ ਦੀ ਮਿਸਾਲ ਬਣੇ ਰਹਿਣ ਵਾਲੇ, ਡਿਸਕੋਗਰਾਫ਼ੀ ਲਈ ਕਹਿਨਾ ਉਸੇ”,”ਨਜ਼ਰਾਨਾ, ਲਾਈਵ ਐਟ ਰੌਇਲ ਅਲਬਿਰਟ ਹਾਲ”,”ਅੰਦਾਜ਼ ਇ ਮਸਤਾਨਾ “,ਕਲਾਸੀਕਲ ਗ਼ਜ਼ਲਜ਼ ਭਾਗ 1,2,3 ”,”ਦਿਲ ਜੋ ਰੋਤਾ ਹੈ”,”ਗਾਲਿਬ ਗ਼ਜ਼ਲਜ਼ ”,” ਗ਼ਜ਼ਲਜ਼ ਫਾਰ ਐਵਰ ”,”ਭਾਗ ਪਹਿਲਾ ਆਦਿ ਪੇਸ਼ ਕਰਨ ਵਾਲੇ,ਅਤੇ “ਆਗੇ ਬੜੇ ਨਾ ਕਿੱਸਾ- ਇ- ਇਸ਼ਕ ”,”ਆਜ ਤੱਕ ਯਾਦ ਹੈ ਵੋਹ ਪਿਆਰ ਕਾ ਮੰਜ਼ਿਰ”,”ਆਂਖੋਂ ਸੇ ਮਿਲੀ ਆਂਖੇ”,”ਆਪ ਕੀ ਆਂਖੋਂ ਨੇ”,”ਆਏ ਕੁੱਛ ਅਬਰ ਕੁੱਛ ਸ਼ਰਾਬ ਆਏ”,”ਅਬ ਕੇ ਵਿਛੜੇ ਤੋ ਸ਼ਾਇਦ ਕਭੀ ਖ਼ਵਾਬੋਂ ਮੇਂ ਮਿਲੇਂ”,”ਐ ਰੌਸ਼ਨੀਓਂ ਕੇ ਸ਼ਹਿਰ”,”ਏਕ ਬੱਸ ਤੂ ਹੀ ਨਹੀਂ”,”ਆਪਨੋ ਨੇ ਗ਼ਮ ਦੀਆ”,”ਭੂਲੀ ਵਿਸਰੀ ਚੰਦ ਉਮੀਦੇਂ”,”ਚਲਤੇ ਹੋ ਤੋ ਚਮਨ ਕੋ ਚਲੀਏ”,”ਚਿਰਾਗ਼ -ਇ -ਤੂਰ”,”ਦੇਖ ਤੋ ਦਿਲ “,”ਦਿਲ- ਇ- ਨਾਦਾਨ”,”ਦਿਲ ਕੀ ਬਾਤ ਲਬੋਂ ਪਰ ਲਾ ਕਰ “,”ਦਿਲ ਮੇਂ ਤੂਫ਼ਾਂਨ ਛੁਪਾ ਕੇ ਬੈਠਾਂ ਹੂੰ”,ਵਰਗੀਆਂ ਸਦਾ ਬਹਾਰ ਗ਼ਜ਼ਲਾਂ ਨਾਲ ਦਿਲਾਂ 'ਤੇ ਰਾਜ ਕਰਨ ਵਾਲੇ,ਜਨਾਬ ਰਸ਼ਦੀ ਦੇ ਨਾਲ ਹੀ ਪਾਕਿਸਤਾਨੀ ਫ਼ਿਲਮ ਜਗਤ ਵਿੱਚ ਬਾਦਸ਼ਾਹਤ ਕਰਨ ਦੇ ਮਾਲਿਕ ਉਸਤਾਦ ਮਹਿੰਦੀ ਹਸਨ ਦਾ ਜਨਮ ਸੰਗੀਤਕ ਘਰਾਣੇ ਕਲਾਵੰਤ ਕਬੀਲੇ ਦੀ 16ਵੀਂ ਪੀੜ੍ਹੀ ਵਿੱਚ 18ਜੁਲਾਈ 1927 ਨੂੰ ਲੂਨਾ,ਝੁਨਝੁਨ (ਰਾਜਸਥਾਨ) ਵਿੱਚ ਵਾਲਿਦ ਉਸਤਾਦ ਅਜ਼ੀਮ ਖ਼ਾਨ ਦੇ ਘਰ ਹੋਇਆ । ਮਹਿੰਦੀ ਹਸਨ ਦੇ ਪਿਤਾ ਅਤੇ ਉਸ ਦੇ ਚਾਚਾ ਉਸਤਾਦ ਇਸਮਾਈਲ ਖ਼ਾਨ ਰਿਵਾਇਤੀ ਧਰੁਪਦ ਗਾਇਕੀ ਨਾਲ ਸਬੰਧਤ ਸਨ। ਜਦ ਦੇਸ਼ ਦਾ ਬਟਵਾਰਾ ਹੋਇਆ ,ਤਾਂ ਮਹਿੰਦੀ ਹਸਨ ਨੂੰ ਵੀ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾਂ ਪਿਆ ,ਅਤੇ ਪਾਕਿਸਤਾਨ ਵਿੱਚ ਰੋਜ਼ੀ-ਰੋਟੀ ਲਈ ਕਾਫ਼ੀ ਮੁਸੀਬਤਾਂ ਝੱਲਣੀਆਂ ਪਈਆਂ।
                                ਦਿਨ ਕਟੀ ਲਈ ਮਹਿੰਦੀ ਹਸਨ ਨੇ ਪਹਿਲਾਂ ਇੱਕ ਸਾਇਕਲਾਂ ਦੀ ਦੁਕਾਂਨ 'ਤੇ ਕੰਮ ਕਰਨਾਂ ਸ਼ੁਰੂ ਕੀਤਾ ,ਅਤੇ ਫਿਰ ਕਾਰ ,ਡੀਜ਼ਲ ਟਰੈਕਟਰ ਮਕੈਨਿਕ ਦਾ ਕੰਮ ਕਰਨ ਲੱਗਿਆ। ਪਰ ਨਾਲੋ-ਨਾਲ ਗਾਇਕੀ ਅਭਿਆਸ ਦਾ ਪੱਲੂ ਵੀ ਫੜ•ੀ ਰੱਖਿਆ। । ਉਸਦੀ ਸਖ਼ਤ ਮਿਹਨਤ ਅਤੇ ਲਗਨ ਨੂੰ ਬੂਰ ਪਿਆ ਅਤੇ 1957 ਵਿੱਚ ਪਾਕਿਸਤਾਨ ਰੇਡੀਓ ਸਟੇਸ਼ਨ ਤੋਂ ਪੇਸ਼ਕਾਰੀ ਦਾ ਬੁਲਾਵਾ ਆ ਗਿਆ।। ਮਹਿੰਦੀ ਹਸਨ ਨੇ ਜੋ ਠੁਮਰੀ ਪੇਸ਼ ਕੀਤੀ। ਉਸ ਨੂੰ ਬਹੁਤ ਸਲਾਹਿਆ ਗਿਆ। ਇਸ ਸਮੇਂ ਬੇਗ਼ਮ ਅਖ਼ਤਰ, ਉਸਤਾਦ ਬਰਕਤ ਅਲੀ ਖ਼ਾਂਨ, ਮੁਖ਼ਤਾਰ ਬੇਗ਼ਮ,ਗ਼ਜ਼ਲ ਗਾਇਕੀ ਦੇ ਨਾਮੀ ਕਲਾਕਾਰ ਸਨ। ਇਸ ਤੋਂ ਉਤਸ਼ਾਹਤ ਹੋ ਕਿ ਮਹਿੰਦੀ ਹਸਨ ਨੇ ਉਰਦੂ ਸ਼ਾਇਰੀ ਅਤੇ ਗ਼ਜ਼ਲ ਗਾਇਕੀ ਵੱਲ ਵਧੇਰੇ ਧਿਆਨ ਦਿੱਤਾ,ਇਸ ਕੰਮ ਲਈ ਜ਼ੈਡ ਏ ਬੁਖ਼ਾਰੀ,ਅਤੇ ਰਫ਼ੀਕ ਅਨਵਰ ਨੇ ਵੀ ਉਸਦਾ ਸਾਥ ਦਿੱਤਾ।
                         1980 ਵਿੱਚ ਗ਼ਜ਼ਲ ਦੇ ਇਸ ਸ਼ਹਿਨਸ਼ਾਹ ਨੂੰ ਅਜਿਹੀ ਬਿਮਾਰੀ ਨੇ ਆ ਦਬੋਚਿਆ ਕਿ ਸਦਾ ਸਦਾ ਲਈ ਗਾਇਕੀ ਨਾਲੋਂ ਤੋੜ-ਵਿਛੋੜਾ ਕਰਨਾਂ ਪਿਆ। ਲਾਹੌਰ ਤੋਂ ਵਾਪਸੀ ਲਾਉਂਦਿਆਂ ਆਪਣੀ ਪੱਕੀ ਰਿਹਾਇਸ਼ ਕਰਾਚੀ ਵਿੱਚ ਆ ਨਿਵਾਸ ਕੀਤਾ। ਪਰ ਉਂਝ ਗਾਇਕੀ ਨਾਲ 2010 ਤੱਕ ਜੁੜੇ ਰਹੇ। ਜਿੱਥੇ ਆਪ ਦੇ 9 ਲੜਕੇ ਅਤੇ 5 ਲੜਕੀਆਂ ਨੇ ਖੇਡਦਿਆਂ ਬਚਪਨ ਗੁਜ਼ਾਰਿਆ ਸੀ। ਮਹਿੰਦੀ ਹਸਨ ਦੇ ਬੱਚੇ ਵੀ ਸੰਗੀਤਕ ਰੁਚੀਆਂ ਰਖਦੇ ਹਨ। ਪਾਕਿਸਤਾਨ ਵਿੱਚ ਹੀ ਮਹਿੰਦੀ ਹਸਨ ਦਾ ਜਨਮ ਦਿਨ ਪੀ ਟੀ ਵੀ ਨੇ 2010 ਨੂੰ ਮਨਾਇਆ। ਗੱਲ ਅਕਤੂਬਰ 2010 ਦੀ ਹੈ, ਜਦ ਐਚ ਐਮ ਵੀ ਕੰਪਨੀ ਨੇ “ਸਰਹੱਦੇਂ” ਰਾਹੀਂ ਤੇਰਾ ਮਿਲਨਾ ”ਡਿਊਟ ਗੀਤ ਸਰੋਤਿਆਂ ਲਈ ਪੇਸ਼ ਕੀਤਾ ,ਜੋ ਮਹਿੰਦੀ ਹਸਨ ਅਤੇ ਲਤਾ ਮੰਗੇਸ਼ਕਰ ਦਾ ਸ਼ਾਇਦ ਪਹਿਲਾ ਅਤੇ ਆਖ਼ਰੀ ਡਿਊਟ ਸੀ । ਇਸ ਗੀਤ ਨੂੰ ਖ਼ੁਦ ਮਹਿੰਦੀ ਹਸਨ ਨੇ ਸੰਗੀਤਬੱਧ ਕੀਤਾ ਸੀ ਅਤੇ ਫਰਹਦ ਸ਼ਹਿਜਾਦ ਨੇ ਲਿਖਿਆ ਸੀ। ਇਸ ਗੀਤ ਨੂੰ ਜਨਾਬ ਮਹਿੰਦੀ ਹਸਨ ਨੇ 2009 ਵਿੱਚ ਪਾਕਿਸਤਾਨ ਵਿੱਚ ਰਿਕਾਰਡ ਕੀਤਾ ਸੀ। ਪਰ ਜਦੋਂ ਲਤਾ ਮੰਗੇਸ਼ਕਰ ਨੇ 2010 ਵਿੱਚ ਇਹ ਸੁਣਿਆਂ,ਤਾਂ ਇਸ ਵਿੱਚ ਸ਼ਮੂਲੀਅਤ ਕਰ ਲਈ।
                     ਮਾਨ-ਸਨਮਾਨ ਵਿੱਚ ਜਿੱਥੇ ਸਰੋਤਿਆਂ ਦਾ ਰੱਜਵਾਂ ਪਿਆਰ ਮਿਲਿਆ,ਉੱਥੇ ਹੀ ਜਨਰਲ ਅਯੂਬ ਖ਼ਾਨ ਨੇ “ਤਮਗਾ-ਇ-ਇਮਤਿਆਜ਼””,ਜ਼ਿਆ-ਉਲ-ਹੱਕ ਨੇ ਕਿਹਾ ਸਾਨੂੰ ਇਸ 'ਤੇ ਬਹੁਤ ਫ਼ਖ਼ਰ ਹੈ',ਜਨਰਲ ਪਰਵੇਜ਼ ਮੁਸ਼ੱਰਫ਼ ਨੇ ““ਨਿਗਾਰ ਫ਼ਿਲਮ ਅਤੇ ਗਰੈਜੂਏਟ”,“ਹਲਾਲ-ਇ-ਇਮਤਿਆਜ਼””ਐਵਾਰਡਜ਼ ਪਾਕਿਸਤਾਨ ਦੀ ਤਰਫ਼ੋਂ ਅਦਾਅ ਕੀਤੇ। ਭਾਰਤ ਦੇ ਮੀਡੀਆ ਸ਼ਹਿਰ ਜਲੰਧਰ ਵਿਖੇ 1979 ਵਿੱਚ ““ਸਹਿਗਲ”” ਐਵਾਰਡ,ਨੇਪਾਲ ਵਿੱਚ 1983 ਨੂੰ “ਗੋਰਖ਼ਾ ਦਕਸ਼ਿਨਾ ਬਾਹੂ” ਐਵਾਰਡ ਅਤੇ ਫਿਰ ਡੁਬਈ ਵਿੱਚ ਸਨਮਾਨਿਤ ਕੀਤਾ ਗਿਆ।
                 1970 ਵਿੱਚ ਕਾਬਲ (ਅਫ਼ਗਾਨਿਸਤਾਨ) ਵਿਖੇ ਪਰਸ਼ੀਅਨ ,ਦਾਰੀ ਵਿੱਚ ਗ਼ਜ਼ਲਾਂ ਗਾਉਂਣ ਵਾਲੇ 84 ਵਰ੍ਹਿਆਂ ਦੇ ਮਹਿਦੀੰ ਹਸਨ ਨੂੰ 11 ਜਨਵਰੀ ਦੇ ਦਿਨ ਕਰਾਚੀ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਅਤੇ ਉਹਨਾਂ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਸੀ। ਕੁੱਝ ਦਿਨ ਪਹਿਲਾਂ ਇਹ ਖ਼ਬਰ ਮਿਲੀ ਕਿ ਸ਼ਹਿਨਸ਼ਾਹ –ਇ-ਗ਼ਜ਼ਲ ਨਹੀਂ ਰਹੇ । ਪਰ ਉਹਨਾਂ ਦੇ ਗਾਇਕ ਬੇਟੇ ਆਸਿਫ਼ ਮਹਿੰਦੀ ਨੇ ਇਸ ਖ਼ਬਰ ਦਾ ਖੰਡਨ ਕਰਦਿਆਂ ਕਿਹਾ ਕਿ ““ਉਹ ਜੀਵਤ ਹਨ,ਅਤੇ ਡਾਕਟਰ ਕਾਫ਼ੀ ਮਿਹਨਤ ਨਾਲ ਇਲਾਜ ਕਰ ਰਹੇ ਹਨ।”“ਪਰ  ਉਹਨਾਂ ਦੀ ਹਾਲਤ ਲਗਾਤਾਰ ਵਿਗੜਦੀ ਗਈ,ਅਤੇ ਅਖ਼ੀਰ 13 ਜੂਨ ਦੀ ਦੁਪਹਿਰ 12.22 ਵਜੇ ਉਹਨਾਂ ਆਖ਼ਰੀ ਸਾਹ ਲਿਆ ਅਤੇ 14 ਜੂਨ ਨੂੰ ਸਪੁਰਦ-ਇ-ਖ਼ਾਕ ਕੀਤਾ ਗਿਆ । ਇਸ ਮੌਕੇ ਪਰਿਵਾਰ ਮੈਂਬਰਾਂ ਤੋਂ ਇਲਾਵਾ ਹੋਰ ਕਲਾ ਪ੍ਰੇਮੀ ਅਤੇ ਮਹਿੰਦੀ ਹਸਨ ਦੇ ਚਹੇਤੇ ਵੱਡੀ ਗਿਣਤੀ ਵਿੱਚ ਮੌਜੂਦ ਸਨ। ਜਿੰਨ੍ਹਾਂ ਨੇ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ।
            • ਉਹ ਆਪਣੀਆਂ ਇਹਨਾਂ ਡਿਸਕੋਗਰਾਫ਼ੀ ਅਤੇ ਸ਼ਾਹਕਾਰ ਗ਼ਜ਼ਲਾਂ ਜ਼ਰੀਏ ਸਾਨੂੰ ਹਰ ਪਲ ਚੇਤੇ ਆਉਂਦੇ ਰਹਿਣਗੇ :-* ਗੋਲਡਨ ਗਰੀਟਸ * ਇਨ ਕਨਸਰਟ * ਖੁੱਲ•ੀ ਜੋ ਆਂਖ * ਲਾਈਫ਼ ਸਟੋਰੀ * ਲਾਈਵ ਐਟ ਖਾਂਬੇਜ਼ * ਲਾਈਵ ਕਨਸਰਟ ਇਨ ਇੰਡੀਆ * ਮਹਿੰਦੀ ਹਸਨ * ਮਹਿੰਦੀ ਹਸਨ ਗ਼ਜ਼ਲਜ਼ ਭਾਗ ਪਹਿਲਾ* ਸਦਾ–ਇ-ਇਸ਼ਕ * ਸਰਹੱਦੇਂ * ਸੁਰ ਕੀ ਕੋਈ ਸੀਮਾਂ ਨਹੀਂ * ਦਾ ਫ਼ਾਈਨੈਸਟ ਗ਼ਜ਼ਲ * ਦਾ ਲੀਜਿੰਡ * ਯਾਦਗਾਰ ਗ਼ਜ਼ਲੇਂ ਭਾਗ ਪਹਿਲਾ * ਤਰਜ਼ ( ਵਿਦ ਸ਼ੋਬਾ ਗੁਰਤੂ ) * ਨਕਸ਼-ਇ-ਫ਼ਰਿਆਦੀ।
ਗ਼ਜ਼ਲਾਂ;-* ਦੁਨੀਆਂ ਕਿਸੀ ਕੇ ਪਿਆਰ ਮੇ ਜਨਤ ਸੇ ਕਮ ਨਹੀਂ * ਦਾਯਾਮ ਪੜਾ ਹੂਆ ਤੇਰੇ ਦਰ ਪੇ ਨਹੀਂ ਹੂੰ ਮੈ * ਏਕ ਬਾਰ ਚਲੇ ਆਓ * ਗੁਲਸ਼ਨ ਗੁਲਸ਼ਨ ਸ਼ੋਲਾ ਏ ਗੁਲ ਕੀ * ਗੁੰਚਾ-ਇ-ਸ਼ੌਕ ਲਗਾ ਹੈ ਖਿਲਨੇ * ਇੱਕ ਹੁਸਨ ਕੀ ਦੇਵੀ ਸੇ ਮੁਝੇ ਪਿਆਰ ਹੂਆ ਥਾ * ਜਬ ਭੀ ਆਤੀ ਹੈ ਤੇਰੀ ਯਾਦ ਕਭੀ ਸ਼ਾਮ ਕੇ ਬਾਅਦ * ਜਬ ਭੀ ਚਾਹੇਂ ਏਕ ਨਈ ਸੂਰਤ * ਜਬ ਭੀ ਪੀ ਕਰ * ਜਬ ਕੋਈ ਪਿਆਰ ਸੇ ਬੁਲਾਇਗਾ * ਜਬ ਉਸ ਜ਼ੁਲਫ਼ ਕੀ ਬਾਤ ਚਲੀ * ਜਹਾਂ ਜਾ ਕੇ ਚੈਨ * ਕਹਾਂ ਗਈ ਵੋਹ ਵਫ਼ਾ * ਖੁੱਲ੍ਹੀ ਜੋ ਆਂਖ ਵੋਹ ਥਾ * ਮੈ ਖ਼ਿਆਲ ਹੂੰ ਕਿਸੀ ਔਰ ਕਾ * ਮੈ ਨਜ਼ਰ ਸੇ ਪੀ ਰਹਾ ਹੂੰ * ਮੁਹੱਬਤ ਜ਼ਿੰਦਗੀ ਹੈ ਔਰ ਤੁਮ ਮੇਰੀ ਮੁਹੱਬਤ ਹੋ * ਪੱਤਾ ਪੱਤਾ ਬੂਟਾ ਬੂਟਾ * ਮੁਹੱਬਤ ਕਰਨੇ ਵਾਲੇ * ਫੂਲ ਹੀ ਫੂਲ ਖਿਲ ਉਠੇ * ਪਿਆਰ ਭਰੇ ਦੋ ਸ਼ਰਮੀਲੇ ਨੈਣ * ਰਫ਼ਤਾ ਰਫ਼ਤਾ ਵੋਹ ਮੇਰੀ ਹਸਤੀ ਕਾ ਸਮਾਨ ਹੋ ਗਏ* ਯੂੰ ਨਾ ਮਿਲ ਮੁਝਸੇ ਖ਼ਫ਼ਾ ਹੋ ਜੈਸੇ * ਯੇ ਧੂਆਂ ਕਹਾਂ ਸੇ ਉਠਤਾ ਹੈ * ਯੇ ਕਾਗਜ਼ੀ ਫੂਲ ਜੈਸੇ ਚਿਹਰੇ, ਦੀਆਂ ਗੱਲਾਂ ਅੱਜ ਵੀ ਉਹਦੇ ਤੁਰ ਜਾਣ 'ਤੇ ਤੁਰ ਰਹੀਆਂ ਹਨ,ਉਹਦੇ ਜਿਉਂਦੇ ਜੀਅ ਵੀ ਤੁਰਦੀਆਂ ਸਨ ਅਤੇ ਕੱਲ• ਵੀ ਤੁਰਦੀਆਂ ਰਹਿਣਗੀਆਂ । ਭਾਵੇਂ ਬਕੌਲ ਮਹਿੰਦੀ ਹਸਨ “ “ਅਬ ਕੇ ਹਮ ਵਿਛੜੇ ਸ਼ਾਇਦ ਕਭੀ ਖ਼ਵਾਬੋਂ ਮੇ ਮਿਲੇਂਗੇ”। “
**************************
ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ:98157-07232

Monday, June 11, 2012

ਸੀਨੀਅਰ ਖੇਡ ਲੇਖਕ ਰਣਜੀਤ ਪ੍ਰੀਤ ਦੀ ਆਈ ਡੀ ਹੋਈ ਹੈਕ

ਸੀਨੀਅਰ ਖੇਡ ਲੇਖਕ ਰਣਜੀਤ ਪ੍ਰੀਤ ਦੀ ਆਈ ਡੀ ਹੋਈ ਹੈਕ

ਲੁਧਿਆਣਾ ( ਹਰਮੇਲ ਕਾਲਾ)
ਭਗਤਾ ਭਾਈ ਕਾ ਤੋਂ ਸਾਡੇ ਸੀਨੀਅਰ ਪੱਤਰਕਾਰ,ਸੇਵਾ ਮੁਕਤ ਗਜ਼ਟਿਡ ਅਫ਼ਸਰ ਅਤੇ ਨਾਮਵਰ ਲੇਖਕ ਸ.ਰਣਜੀਤ ਸਿੰਘ ਪ੍ਰੀਤ ਦੀ ਯਾਹੂ ਅਤੇ ਗੂਗਲ ਵਿੱਚ ਬਣੀ ਆਈ ਡੀ ਨੂੰ ਕਿਸੇ ਨੇ ਕਰੀਬ 18 ਘੰਟੇ ਹੈਕ ਕਰਕੇ ਆਪਣੇ ਕਬਜ਼ੇ ਵਿੱਚ ਰੱਖਿਆ । ਜਦ ਸ਼੍ਰੀ ਪ੍ਰੀਤ ਨੇ ਖ਼ਬਰਾਂ ਅਤੇ ਹੋਰ ਮੈਟਰ ਭੇਜਣ ਲਈ ਆਈ ਡੀ ਦੀ ਵਰਤੋਂ ਕਰਨੀ ਚਾਹੀ ,ਤਾਂ ਉਹ ਗੁਪਤ ਪਾਸ ਵਰਡ ਨਾਲ ਨਾ ਖੁੱਲ੍ਹੀ, ਉਹਨਾ ਨੇ ਅਜਿਹੀ ਵਾਰ ਵਾਰ ਕੋਸ਼ਿਸ਼ ਕੀਤੀ । ਅਖੀਰ ਜਦ ਉਹਨਾਂ ਧਿਆਨ ਨਾਲ ਵੇਖਿਆ ,ਤਾਂ ਲਿਖਿਆ ਹੋਇਆ ਸੀ ਕਿ ਤੁਸੀਂ 16 ਘੰਟੇ ਪਹਿਲਾਂ ਪਾਸਵਰਡ ਬਦਲਿਆ ਹੈ। ਪਰ ਹੁਣ ਤੁਸੀਂ ਪੁਰਾਣਾ ਪਾਸਵਰਡ ਵਰਤ ਰਹੇ ਹੋ। ਜਦੋਂ ਕਿ ਕੋਈ ਪਾਸ ਵਰਡ ਬਦਲਿਆ ਨਹੀਂ ਸੀ ਗਿਆ । ਅਚਾਨਕ ਉਹਨਾਂ ਨੇ ਕਿਸੇ ਮੰਤਵ ਲਈ ਸੈੱਲ ਫ਼ੋਨ ਦੇ ਇਨ ਬਾਕਸ ਵਿੱਚ ਜਦ ਮੈਸਿਜ਼ ਵੇਖੇ ਤਾਂ ਆਈ ਡੀ ਡਲੀਟ ਕਰਨ ਸਬੰਧੀ ਮੈਸਿਜ਼ ਇਸ ਹਵਾਲੇ ਨਾਲ ਆਇਆ ਪਿਆ ਸੀ 56767775 ਅਨੁਸਾਰ ਮਿਤੀ 6-6-12 ਸਮਾਂ 11.03 ਪੀ ਐਮ । ਉਹਨਾਂ ਨੇ ਕੋਸ਼ਿਸ਼ ਕਰਕੇ ਪਾਸ ਵਰਡ ਨਵਾਂ ਲਾਗੂ ਕਰਕੇ 7 ਜੂਨ ਨੂੰ ਬਾਅਦ ਦੁਪਹਿਰ ਆਈ ਡੀ ਨੂੰ ਮੁੜ ਚਾਲੂ ਕਰਿਆ । ਇਸ ਨਾਲ 350 ਦੇ ਕਰੀਬ ਮਿੱਤਰਤਾ ਸੱਦੇ ਅਤੇ ਹੋਰ ਜ਼ਰੂਰੀ ਡਾਟਾ ਡਲੀਟ ਹੋ ਗਿਆ ਜਾਂ ਕਿਸੇ ਨੇ ਜਾਣ-ਬੁੱਝ ਕਿ ਅਜਿਹਾ ਕਰ ਦਿੱਤਾ । ਸ਼੍ਰੀ ਪ੍ਰੀਤ ਨੇ ਮੰਗ ਕੀਤੀ ਹੈ ਕਿ ਫੇਸ ਬੁੱਕ ਪ੍ਰਬੰਧਕ ਜਾਂ ਹੋਰ ਸਮਰੱਥ ਅਧਿਕਾਰੀ ਇਸ ਦੀ ਪੜਤਾਲ ਕਰਨ ,ਤਾਂ ਜੋ ਕਿਸੇ ਨੇ ਇਸ ਦਾ ਕੋਈ ਦੁਰਉਪਯੋਗ ਨਾ ਕੀਤਾ ਹੋਵੇ ।

Monday, June 4, 2012

ਸੁਲਤਾਨ ਕੱਪ ਦਾ ਨਵਾਂ ਸੁਲਤਾਨ ਨਿਊਜ਼ੀਲੈਂਡ

           
        ਸੁਲਤਾਨ ਕੱਪ ਦਾ ਨਵਾਂ ਸੁਲਤਾਨ ਨਿਊਜ਼ੀਲੈਂਡ      
                                ਰਣਜੀਤ ਸਿੰਘ ਪ੍ਰੀਤ
                      ਇੱਕ ਵਾਰ ਫਿਰ ਮਲੇਸ਼ੀਆ ਦੀ ਹੀ ਧਰਤੀ ਤੇ 21ਵਾਂ ਸੁਲਤਾਨ ਅਜ਼ਲਾਨ ਸ਼ਾਹ ਕੱਪ ਹਾਕੀ ਮੁਕਾਬਲਾ ਈਪੋਹ ਵਿਖੇ 24 ਮਈ ਤੋਂ 3 ਜੂਨ ਤੱਕ ਖੇਡਿਆ ਗਿਆ ਪਹਿਲੀ ਵਾਰੀ ਓਲੰਪਿਕ ਖੇਡਾਂ ਦੀ ਤਰਜ਼ 'ਤੇ ਨੀਲੀ ਪਿੱਚ ਅਤੇ ਪੀਬੀ ਗੇਂਦ ਦੀ ਵਰਤੋਂ ਕੀਤੀ ਗਈ । ਮੇਜ਼ਬਾਨ ਮਲੇਸ਼ੀਆ,ਏਸ਼ੀਆਈ ਚੈਂਪੀਅਨ ਪਾਕਿਸਤਾਨ, 2010 ਦੇ ਸਾਂਝੇ ਵਿਜੇਤਾ ਭਾਰਤ-ਦੱਖਣੀ ਕੋਰੀਆ, ਤੋਂ ਇਲਾਵਾ ਬਰਤਾਨੀਆਂ,ਅਰਜਨਟੀਨਾ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਸ਼ਾਮਲ ਹੋਈਆਂ ਛੇ ਵਾਰੀ ਸੁਲਤਾਨ ਕੱਪ ਜਿੱਤਣ ਵਾਲਾ ਆਸਟਰੇਲੀਆ,ਦੋ ਵਾਰ ਜੇਤੂ ਬਣਿਆਂ ਜਰਮਨੀ,ਇੱਕ ਵਾਰੀ ਖਿਤਾਬਧਾਰੀ ਨੀਦਰਲੈਂਡ,ਅਤੇ ਸਪੇਨ ਵਰਗੇ ਮੁਲਕਾਂ ਨੇ ਟੀਮਾਂ ਹੀ ਨਹੀਂ ਸਨ ਭੇਜੀਆਂ । ਇਸ ਵਾਰੀ ਭਾਰਤ ਕੋਲ ਛੇਵਾਂ ਖਿਤਾਬ ਜਿੱਤ ਕੇ ਆਸਟਰੇਲੀਆ ਨਾਲ ਬਰਾਬਰ ਮੜਿੱਕਣ ਦਾ ਸੁਨਹਿਰੀ ਮੌਕਾ ਸੀ । ਪਰ ਭਰਤ ਚੇਤਰੀ ਦੀ ਕਪਤਾਨੀ ਵਾਲੀ ਭਾਰਤੀ ਟੀਮ ਅਜਿਹਾ ਨਹੀਂ ਕਰ ਸਕੀ ।  
                                   1983 ਤੋਂ ਸ਼ੁਰੂ ਹੋਇਆ ਅਤੇ 1998 ਤੋਂ ਹਰ ਸਾਲ ਕਰਵਾਇਆ ਜਾਂਦਾ ਇਹ ਹਾਕੀ ਮੁਕਾਬਲਾ ਭਾਰਤ ਨੇ 5 ਵਾਰੀ (1985,1991,1995,2009,2010 ) ਜਿਤਿਆ ਹੈ,2008 ਵਿੱਚ ਦੂਜਾ ਅਤੇ 5 ਵਾਰੀ (1983,2000,2006,2007,2012) ਤੀਜਾ ਸਥਾਨ ਲਿਆ ਜਦੋਂ ਕਿ ਪਾਕਿਸਤਾਨ ਨੇ 3 ਜਿੱਤਾਂ (1999,2000,2003) ,6 ਵਾਰੀ ਦੋਇਮ (1983,1987,1991,1994,2004,2011) ਅਤੇ 2 ਵਾਰੀ (1985,2005) ਵਿੱਚ ਤੀਸਰਾ ਸਥਾਨ ਮੱਲਿਆ ਦੱਖਣੀ ਕੋਰੀਆ ਨੇ 1996 ਅਤੇ ਭਾਰਤ ਨਾਲ ਸਾਂਝੇ ਜੇਤੂ ਵਜੋਂ 2010 ਵਿੱਚ ਜਿੱਤ ਦਰਜ ਕਰਨ ਦੇ ਨਾਲ ਹੀ 4 ਵਾਰੀ 1999,2000,2001,2005 ਵਿੱਚ ਦੂਜਾ ਅਤੇ 1998,2004 ਵਿੱਚ ਤੀਜੀ ਪੁਜ਼ੀਸ਼ਨ ਮੱਲੀ ਹੈ। ਅਰਜਨਟੀਨਾ ਨੇ 2008 ਵਿੱਚ ਅਤੇ ਬਰਤਾਨੀਆਂ 1994 ਵਿੱਚ ਜਿੱਤਾਂ ਦਰਜ ਕੀਤੀਆਂ ਹਨ । ਇਸ ਤੋਂ ਇਲਾਵਾ ਬਰਤਾਨੀਆਂ ਨੇ 1987 ਅਤੇ 2011 ਵਿੱਚ ਤੀਜਾ ਸਥਾਨ ਵੀ ਹਾਸਲ ਕਰਿਆ ਹੈ ਮਲੇਸ਼ੀਆ ਨੇ 1985,2007,2009 ਦੂਜੀ ਅਤੇ 1996 ਵਿੱਚ ਤੀਜੀ ਪੁਜ਼ੀਸ਼ਨ ਲਈ ਹੈ।
                      2012 ਦੇ ਸੁਲਤਾਨ ਕੱਪ ਵਿੱਚ ਸ਼ਾਮਲ ਹੋਈਆਂ 7 ਟੀਮਾਂ ਨੇ ਪਹਿਲੇ ਗੇੜ ਵਿੱਚ 21 ਮੈਚ ਖੇਡੇ,ਸਿਰਫ ਤਿੰਨ ਮੈਚ 24 ਮਈ ਨੂੰ ਮਲੇਸ਼ੀਆ ਬਨਾਮ ਕੋਰੀਆ 1-1 ਨਾਲ, 25 ਮਈ ਨੂੰ ਬਰਤਾਨੀਆਂ ਬਨਾਮ ਮਲੇਸ਼ੀਆ 3-3 ਨਾਲ, 31 ਮਈ ਨੂੰ ਬਰਤਾਨੀਆਂ ਬਨਾਮ ਕੋਰੀਆ 1-1 ਨਾਲ,ਬਰਾਬਰੀ ਤੇ ਰਹੇ,ਜਦੋਂ ਕਿ ਦੋ ਮੈਚਾਂ ਵਿੱਚ 7-7 ਗੋਲ ਹੋਏ,25ਮਈ ਨੂੰ ਨਿਊਜ਼ੀਲੈਂਡ ਨੇ ਅਰਜਨਟੀਨਾ ਨੂੰ 5-2 ਨਾਲ,27 ਮਈ ਨੂੰ ਅਰਜਨਟੀਨਾ ਨੇ ਕੋਰੀਆ ਨੂੰ 4-3 ਨਾਲ ਸ਼ਿਕੱਸ਼ਤ ਦਿੱਤੀ । ਨਿਊਜ਼ੀਲੈਂਡ ਨੇ ਭਾਰਤ ਨੂੰ 25 ਮਈ ਵਾਲੇ ਦਿਨ ਵੱਧ ਸਕੋਰ ਅੰਤਰ 5-1 ਨਾਲ ਅਤੇ ਏਵੇਂ ਹੀ ਕੋਰੀਆ ਨੇ ਪਾਕਿਸਤਾਨ ਨੂੰ 28 ਮਈ ਦੇ ਦਿਨ  4-0 ਨਾਲ ਮਾਤ ਦਿੱਤੀ । ਕੋਈ ਵੀ ਮੈਚ ਗੋਲ ਰਹਿਤ ਬਰਾਬਰੀ ਉੱਤੇ ਨਹੀਂ ਰਿਹਾ । ਕਿਸੇ ਵੀ ਮੈਚ ਸਮੇ ਵਾਧੂ ਸਮਾਂ ਜਾਂ ਪਨੈਲਟੀ ਸਟਰੌਕਸ ਨਾਲ ਫ਼ੈਸਲਾ ਕਰਨ ਦੀ ਲੋੜ ਨਹੀਂ ਪਈ ।ਕੋਈ ਵੀ ਟੀਮ ਅਜੇਤੂ ਨਹੀਂ ਰਹੀ। ਕੋਈ ਵੀ ਲਾਲ ਕਾਰਡ ਨਹੀਂ ਵਰਤਿਆ ਗਿਆ ।
                            ਨਿਊਜ਼ੀਲੈਂਡ ਨੇ ਖੇਡੇ 7 ਮੈਚਾਂ ਵਿੱਚੋਂ 5 ਜਿਤਦਿਆਂ,2 ਹਾਰਦਿਆਂ 19 ਗੋਲ ਕੀਤੇ ਅਤੇ 8 ਗੋਲ ਕਰਵਾਏ ਫ਼ਾਈਨਲ ਵਿੱਚ ਅਰਜਨਟੀਨਾ ਨੂੰ 1-0 ਨਾਲ ਹਰਾਕੇ, 15 ਅੰਕ ਲੈਂਦਿਆਂ ਸੁਲਤਾਨ ਅਜ਼ਲਾਨ ਸ਼ਾਹ ਕੱਪ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਸੁਲਤਾਨ ਕੱਪ ਦਾ ਸੁਲਤਾਨ ਅਖ਼ਵਾਕੇ ਖ਼ਿਤਾਬ ਜੇਤੂ ਵਜੋਂ ਨਾਅ ਦਰਜ ਕਰਵਾਇਆ ਹੈ ।ਇਸ ਤੋਂ ਪਹਿਲਾਂ1995,2003,2008,2009 ਵਿੱਚ ਸਿਰਫ਼ ਤੀਜਾ ਹੀ ਸਥਾਨ ਲਿਆ ਸੀ ।  ਦੂਜੀ ਵਾਰੀ ਫਾਈਨਲ ਵਿੱਚ ਪਹੁੰਚੇ ਅਰਜਨਟੀਨਾ ਨੇ ਖੇਡੇ 7 ਮੈਚਾਂ ਵਿੱਚੋਂ 4 ਜਿੱਤੇ,3 ਹਾਰੇ 17 ਗੋਲ ਕਰਵਾਏ,15 ਕੀਤੇ ,12 ਅੰਕ ਲੈ ਕੇ ਪਹਿਲੀ ਵਾਰੀ ਚਾਂਦੀ ਦਾ ਤਮਗਾ ਜਿੱਤਣ ਵਿੱਚ ਸਫ਼ਲ ਹੋਇਆ । ਅਰਜਨਟੀਨਾ ਇਸ ਤੋਂ ਪਹਿਲਾਂ 2008 ਦੇ ਫਾਈਨਲ ਵਿੱਚ ਭਾਰਤ ਨੂੰ ਹਰਾਕੇ ਖ਼ਿਤਾਬ ਜੇਤੂ ਅਖਵਾਇਆ ਸੀ । ਭਾਰਤ ਨੇ ਵੀ ਕੁੱਲ 7 ਮੈਚ ਹੀ ਖੇਡੇ,ਜਿੰਨ੍ਹਾਂ ਵਿੱਚੋਂ 4 ਜਿੱਤੇ,3 ਹਾਰੇ,15 ਗੋਲ ਕੀਤੇ ਅਤੇ 16 ਗੋਲ ਕਰਵਾਏ,ਮੁਕਾਬਲੇ ਚੋੰ ਬਰਤਾਨੀਆਂ ਨੂੰ 3-1 ਨਾਲ ਹਰਾ ਕੇ ਕਾਂਸੀ ਦਾ ਤਮਗਾ ਹਾਸਲ ਕਰਿਆ । ਬਰਤਾਨੀਆਂ ਨੇ ਖੇਡੇ 7 ਮੈਚਾਂ ਵਿੱਚੋਂ 3 ਜਿੱਤਾਂ,2 ਹਾਰਾਂ,2 ਬਰਾਬਰੀਆਂ ਦੀ ਮਦਦ ਨਾਲ 14 ਗੋਲ ਕੀਤੇ,ਏਨੇ ਹੀ ਕਰਵਾਏ,ਅਤੇ 11 ਅੰਕਾਂ ਦੀ ਮਦਦ ਨਾਲ ਚੌਥਾ ਸਥਾਨ ਹਾਸਲ ਕੀਤਾ । ਦੱਖਣੀ ਕੋਰੀਆ-ਮਲੇਸ਼ੀਆ ਵਾਲੇ ਮੈਚ ਵਿੱਚ ਦੱਖਣੀ ਕੋਰੀਆ ਦੀ ਟੀਮ ਨੇ 3-2 ਨਾਲ ਜਿੱਤ ਹਾਸਲ ਕਰਦਿਆਂ ਪੰਜਵਾਂ ਸਥਾਨ ਮੱਲਿਆ । ਖੇਡੇ 7 ਮੈਚਾਂ ਵਿੱਚੋੰ 3 ਜਿੱਤੇ,2 ਹਾਰੇ,ਦੋ ਬਰਾਬਰ ਰਖਦਿਆਂ,14 ਗੋਲ ਕੀਤੇ,10 ਗੋਲ ਕਰਵਾਏ ਅਤੇ 11 ਅੰਕ ਲਏ । ਛੇਵੇਂ ਸਥਾਨ ਤੇ ਰਹੇ ਮੇਜ਼ਬਾਨ ਮਲੇਸ਼ੀਆ ਨੇ ਖੇਡੇ 7 ਮੈਚਾਂ ਵਿੱਚੋਂ ਇੱਕ ਜਿੱਤਿਆ, 4 ਹਾਰੇ ਅਤੇ ਦੋ ਬਰਾਬਰ ਰਖਦਿਆਂ 12 ਗੋਲ ਕੀਤੇ,17ਗੋਲ ਕਰਵਾਏ,ਅਤੇ 5 ਅੰਕ ਲਏ । ਪਾਕਿਸਤਾਨ ਨੇ ਸਿਰਫ਼ 3 ਅੰਕ ਲਏ,ਖੇਡੇ 6 ਮੈਚਾਂ ਵਿੱਚੋਂ 1 ਜਿੱਤਿਆ,5 ਹਾਰੇ,9 ਗੋਲ ਕੀਤੇ ਅਤੇ 16 ਗੋਲ ਕਰਵਾਏ,ਮੁਕਾਬਲੇ ਚੋੰ ਸੱਭ ਤੋਂ ਅਖ਼ੀਰਲਾ 7 ਵਾਂ ਸਥਾਨ ਹਾਸਲ ਕਰਿਆ । ਕੁੱਲ ਮਿਲਾਕੇ 24 ਮੈਚ ਖੇਡੇ ਗਏ, ਜਿੰਨ੍ਹਾਂ ਵਿੱਚ ਕੁੱਲ 98 ਗੋਲ ਹੋਏ ।    
                        5 ਸਪੈਸ਼ਲ ਐਵਾਰਡ ਵੀ ਦਿੱਤੇ ਗਏ ਕੈਲੇ ਪੌਂਟੀਫਿਕਸ ਗੋਲ ਕੀਪਰ (ਨਿਊਜ਼ੀਲੈਂਡ) ਦੀ ਫਾਈਨਲ ਮੈਚ ਸਮੇ ਬਿਹਤਰ ਕਾਰਗੁਜ਼ਾਰੀ ਲਈ ਮੈਨ ਆਫ਼ ਦਾ ਮੈਚ , ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਖ਼ਿਤਾਬ ਭਾਰਤ ਦੇ ਉਪ-ਕਪਤਾਨ ਸਰਦਾਰ ਸਿੰਘ ਨੂੰ ਅਤੇ ਟੂਰਨਾਮੈਂਟ ਦਾ ਸਰਵੋਤਮ ਗੋਲ ਕੀਪਿੰਗ ਵਾਲਾ  ਖ਼ਿਤਾਬ ਨਿਊਜ਼ੀਲੈਂਡ ਦੇ ਕੈਲੇ ਪੌਂਟੀਫਿਕਸ ਦੀ ਝੋਲੀ ਪਿਆ । ਜਦੋਂ ਕਿ ਟਾਪਰ ਗੋਲ ਸਕੋਰਰ ਦਾ ਸਨਮਾਨ ਬਰਤਾਨੀਆਂ ਦੇ ਐਸਲੇ ਜੈਕਸਨ ਨੂੰ ਮਿਲਆ । ਫ਼ੇਅਰ ਪਲੇਅ ਟਰਾਫ਼ੀ ਬਰਤਾਨੀਆਂ ਦੇ ਹਿੱਸੇ ਰਹੀ
                          ********************
ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ;98157-07232    

Tuesday, May 29, 2012

ਮਲੇਸ਼ੀਆ ਨੇ ਪਾਕਿਸਤਾਨ ਦੇ ਮਨਸੂਬਿਆਂ “ਤੇ ਫ਼ੇਰਿਆ ਪਾਣੀ


ਮਲੇਸ਼ੀਆ ਨੇ ਪਾਕਿਸਤਾਨ ਦੇ ਮਨਸੂਬਿਆਂ “ਤੇ ਫ਼ੇਰਿਆ ਪਾਣੀ

                              ਭਾਰਤ ਨੇ ਦੂਜੀ ਵਾਰੀ ਲਿਆ ਤੀਜਾ ਸਥਾਨ ,

                                                           ਰਣਜੀਤ ਸਿੰਘ ਪ੍ਰੀਤ

                      ਦੂਜੀ ਵਾਰੀ ਫਾਈਨਲ ਵਿੱਚ ਪਹੁੰਚੇ ਮਲੇਸ਼ੀਆ ਨੇ ਪਾਕਿਸਤਾਨ ਨੂੰ 2-1 ਨਾਲ ਹਰਾਕੇ ਪਹੁਲੀ ਵਾਰੀ ਜੂਨੀਅਰ ਏਸ਼ੀਆ ਕੱਪ ਹਾਕੀ ਮੁਕਾਬਲਾ ਜਿੱਤਣ ਵਿੱਚ ਸਫ਼ਲਤਾ ਹਾਸਲ ਕਰ ਲਈ ਹੈ। ਅੱਧੇ ਸਮੇਂ ਤੱਕ ਮਲੇਸ਼ੀਆ ਟੀਮ 2-0 ਨਾਲ ਅੱਗੇ ਸੀ। ਪਹਿਲਾ ਗੋਲ ਮਲੇਸ਼ੀਆ ਦੇ ਫ਼ੈਜ਼ਲ ਸਾਰੀ ਨੇ ਮੈਚ ਦੇ ਦੂਜੇ ਹੀ ਮਿੰਟ ਵਿੱਚ ਕਰਿਆ। ਦੂਜਾ ਗੋਲ ਸ਼ਮੀਮ ਮੁਹੰਮਦ ਨੇ 17ਵੇਂ ਮਿੰਟ ਵਿੱਚ ਕੀਤਾ। ਪਾਕਿਸਤਾਨ ਵੱਲੋਂ ਇੱਕੋ ਇੱਕ ਗੋਲ ਮੁਹੰਮਦ ਇਰਫਾਨ ਨੇ 42ਵੇਂ  ਮਿੰਟ ਵਿੱਚ ਕੀਤਾ। ਇਸ ਤਰ੍ਹਾਂ ਜੋ ਕਿਆਸਅਰਾਈਆਂ ਸਨ ਉਹ ਸਹੀ ਸਿੱਧ ਹੋਈਆਂ। ।ਮਲੇਸ਼ੀਆ ਟੀਮ ਕੋਈ ਵੀ ਮੈਚ ਨਹੀਂ ਹਾਰੀ ਅਤੇ ਉਸ ਸਿਰ ਸਿਰਫ਼ ਇੱਕ ਗੋਲ ਹੀ ਹੋਇਆ।


        ਤੀਜੇ ਸਥਾਨ ਲਈ ਭਾਰਤ ਅਤੇ ਦੱਖਣੀ ਕੋਰੀਆ ਦੇ ਮੈਚ ਵਿੱਚ ਦੋਨੌ ਟੀਮਾਂ ਬਹੁਤ ਸੰਭਲ ਕੇ ਖੇਡੀਆਂ। ਪਰ ਮੈਚ ਦੇ 47 ਵੇਂ ਮਿੰਟ ਵਿੱਚ ਕੋਰੀਆ ਦੇ ਸੀਯੁਨਗਜੀ ਨੇ ਪਨੈਲਟੀ ਕਾਰਨਰ ਤੋਂ ਗੋਲ ਕਰਦਿਆਂ ਟੀਮ ਨੂੰ ਲੀਡ ਦਿਵਾ ਦਿੱਤੀ। ਜਵਾਬ ਵਜੋਂ ਭਾਰਤ ਦੇ ਲੋਕੇਸ਼ ਥਿਮੰਨਾ ਨੇ 54 ਵੈਂ ਮਿੰਟ ਵਿੱਚ ਬਰਾਬਰੀ ਵਾਲਾ ਗੋਲ ਕਰ ਦਿੱਤਾ। ਆਖਰੀ ਸਮੇਂ ਤੱਕ ਇਹੀ ਸਕੋਰ ਰਿਹਾ।  ਵਾਧੂ ਸਮੇਂ ਦੇ ਦੂਜੇ ਭਾਗ ਵਿੱਚ ਅਕਾਸ਼ਦੀਪ ਨੇ ਗੋਲਡਨ ਗੋਲ ਕਰਕੇ ਟੀਮ ਨੂੰ 2-1 ਨਾਲ ਜੇਤੂ ਬਣਾ ਲਿਆ। ਇਸ ਤੋਂ ਪਹਿਲਾਂ ਤਾਂਬੇ ਦੇ ਤਮਗੇ ਲਈ ਦੋਨੋਂ ਮੁਲਕ ਇਪੋਹ ਵਿੱਚ 1992 ਨੂੰ ਖੇਡੇ ਸਨ। ਕੋਰੀਆ ਨੇ ਭਾਰਤ ਨੂੰ ਹਰਾਕੇ ਤੀਜਾ ਸਥਾਨ ਹਾਸਲ ਕੀਤਾ ਸੀ। ਕਰਾਚੀ ਵਿੱਚ 1987 ਨੂੰ ਤੀਜੇ ਸਥਾਨ ਲਈ ਭਾਰਤ ਨੇ ਮਲੇਸ਼ੀਆ ਨੂੰ ਹਰਾਇਆ ਸੀ।। ਭਾਰਤ ਨੇ ਤਾਂਬੇ ਦੇ ਤਮਗੇ ਲਈ 3 ਮੈਚ ਖੇਡੇ ਹਨ ,ਜਿੰਨਾ ਵਿੱਚੋਂ ਦੋ ਜਿੱਤੇ ਹਨ।।

                    1992 ਅਤੇ 2000 ਵਿੱਚ ਸਫ਼ਲਤਾ ਨਾਲ ਮੇਜ਼ਬਾਨੀ ਕਰਨ ਵਾਲੇ ਮਲੇਸ਼ੀਆ ਨੇ ਹੁਣ ਤੀਜੀ ਵਾਰੀ ਜੂਨੀਅਰ ਕੱਪ ਹਾਕੀ ਮੁਕਾਬਲੇ ਦੀ ਮੇਜ਼ਬਾਨੀ ਕੀਤੀ ਹੈ। ਮਲੇਸ਼ੀਆ ਨੇ ਫਾਈਨਲ ਵਿੱਚ ਦੂਜੀ ਵਾਰੀ ਸਥਾਨ ਬਣਾਇਆ ਹੈ।। ਪਰ ਉਸਦੀ ਵਿਸ਼ੇਸ਼ ਪ੍ਰਾਪਤੀ ਇਹ ਰਹੀ ਹੈ ਕਿ ਉਸ ਨੇ ਇਸ ਵਾਰੀ ਕੋੱਈ ਵੀ ਮੈਚ ਨਹੀਂ ਹਾਰਿਆ ਹੈ। ਪਾਕਿਸਤਾਨ ਅਤੇ ਮਲੇਸ਼ੀਆ ਲਈ ਫਾਈਨਲ ਦੀ ਬਰਾਬਰ ਮਹੱਤਤਾ ਸੀ। ਕਿਓਂਕਿ ਪਾਕਿਸਤਾਨ ਪਿਛਲੇ ਕਈ ਸਾਲਾਂ ਤੋਂ ਕਿਸੇ ਏਸ਼ੀਆਈ ਮੁਕਾਬਲੇ ਦੀ ਜਿੱਤ ਲਈ ਤਾਕ ਵਿੱਚ ਸੀ। ਦੂਜੇ ਬੰਨੇ ਮਲੇਸੀਆ ਵੱਲੋਂ ਫਾਈਨਲ ਜਿੱਤਣ ਲਈ ਬਹੁਤ ਸਾਲਾਂ ਤੋਂ ਔੜ ਲੱਗੀ ਹੋਈ ਸੀ। ਭਾਰਤ ਲਈ ਇਸ ਵਾਰੀ ਇਹ ਵਿਸ਼ੇਸ਼ ਮੌਕਾ ਸੀ ਕਿ ਉਹ ਜਿੱਤਾਂ ਦੀ ਹੈਟ੍ਰਿਕ ਬਣਾ ਲੈਂਦਾ। ਕਿਓਂਕਿ 2004 ਨੂੰ ਕਰਾਚੀ ਵਿੱਚ ਪਾਕਿਸਤਾਨ ਨੂੰ ਉਹ 5-2 ਨਾਲ ਅਤੇ 2008 ਵਿੱਚ ਹੈਦਰਾਬਾਦ ਵਿਖੇ ਦੱਖਣੀ ਕੋਰੀਆ ਨੂੰ 3-2 ਨਾਲ ਹਰਾਕੇ ਦੋ ਫਾਈਨਲ ਜਿੱਤ ਚੁੱਕਿਆ ਸੀ । ਮਲੇਸ਼ੀਆ ਨੇ ਇਸ ਵਾਰੀ ਫਾਈਨਲ ਪ੍ਰਵੇਸ਼ ਪਾ ਕੇ ਆਪਣੀ ਹਾਕੀ ਕਲਾ ਦਾ ਵਧੀਆ ਪ੍ਰਦਰਸ਼ਨ ਕੀਤਾ ਹੈ। ਜਦ ਪਾਕਿਸਤਾਨ ਨੇ ਮਲੇਸ਼ੀਆ ਦੀ ਪੂਲ ਮੈਚਾਂ ਵਿੱਚ ਖੇਡ ਵੇਖੀ ਤਾਂ ਉਸ ਨੂੰ ਇਹ ਚਿੰਤਾ ਹੋਣ ਲੱਗੀ ਕਿ ਕਿਤੇ ਉਸਦਾ ਸੈਮੀਫਾਈਨਲ ਇਸ ਟੀਮ ਨਾਲ ਪੈ ਜਾਵੇ। ਸਿੱਟੇ ਵਜੋਂ ਉਸ ਨੇ ਇਸ ਤੋਂ ਬਚਣ ਲਈ ਰਣਨੀਤੀ ਤਿਆਰ ਕਰ ਲਈ ਜਿਸ ਤਹਿਤ ਆਖ਼ਰੀ ਰਹਿੰਦੇ ਮੈਚ ਵਿੱਚ ਸ੍ਰੀ ਲੰਕਾ ਨੂੰ ਘੱਟੋ ਘੱਟ 12-0 ਨਾਲ ਹਰਾਉਣਾ ਜ਼ਰੂਰੀ ਸੀ। ਪਰ ਪਾਕਿਸਤਾਨ ਨੇ ਉਸ ਨੂੰ 14-0 ਨਾਲ ਹਰਾ ਦਿੱਤਾ। ।ਇਸ ਤੋਂ ਪਹਿਲਾਂ ਭਾਰਤ ਨੇ ਚੀਨ ਨਾਲ ਮੈਚ ਖੇਡਿਆ। ਉਸ ਵਿੱਚ ਭਾਰਤ ਦੀ ਮੱਠੀ ਖੇਡ ਸਦਕਾ ਭਾਰਤੀ ਟੀਮ ਬਹੁਤੇ ਗੋਲ ਕਰਕੇ ਪਾਕਿਸਤਾਨ ਨੂੰ ਸਖ਼ਤ ਚੁਣੌਤੀ ਨਾ ਦੇ ਸਕੀ। ਅਗਰ ਭਾਰਤੀ ਟੀਮ ਅਜਿਹਾ ਸੋਚ ਕਿ ਚਲਦੀ ਕਿ ਪਾਕਿਸਤਾਨ ਦਾ ਸ੍ਰੀਲੰਕਾ ਨਾਲ ਸੌਖਾ ਮੈਚ ਹੈ ਅਤੇ ਉਹ ਵੱਧ ਗੋਲ ਕਰਨ ਦਾ ਯਤਨ ਕਰੇਗਾ ਤਾਂ ਭਾਰਤ ਨੂੰ ਵੀ ਇਸ ਸੋਚ ਤਹਿਤ ਚੀਨ ਸਿਰ ਵੱਧ ਗੋਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਸੀ। ਇਸ ਤੋਂ ਇਲਾਵਾ ਸੈਮੀਫਾਈਨਲ ਮੈਚ ਵਿੱਚੋਂ ਕੁੱਝ ਖਿਡਾਰੀਆਂ ਨੂੰ ਬਾਹਰ ਰੱਖਣਾ ਵੀ ਸ਼ਾਇਦ ਭਾਰਤ ਨੂੰ ਮਹਿੰਗਾ ਪਿਆ ਹੈ। ਸ਼ਾਇਦ ਅਜਿਹਾ ਸੋਚਿਆ ਗਿਆ ਹੋਵੇ ਕਿ ਫਾਈਨਲ ਵਿੱਚ ਇਹਨਾਂ ਖਿਡਾਰੀਆਂ ਨੂੰ ਪਾਕਿਸਤਾਨ ਵਿਰੁੱਧ ਖਿਡਾਵਾਂਗੇ। ਮਲੇਸ਼ੀਆ ਟੀਮ ਦੀ ਖੇਡ ਦੇ ਮੁਕਾਬਲੇ ਉਸ ਟੀਮ ਦਾ ਇਤਿਹਾਸ ਵੇਖਿਆ ਗਿਆ ਪ੍ਰਤੀਤ ਹੁੰਦਾ ਹੈ। ਇੱਕ ਗੱਲ ਹਾਕੀ ਮਾਹਿਰ ਇਹ ਵੀ ਮੰਨਦੇ ਹਨ ਕਿ ਵਿਸ਼ਵ ਸੀਰੀਜ਼ ਹਾਕੀ ਵਿੱਚ ਸਭ ਤੋਂ ਵੱਧ 19 ਗੋਲ ਕਰਨ ਵਾਲੇ ਗੁਰਜਿੰਦਰ ਨੂੰ ਟੀਮ ਵਿੱਚ ਹੀ ਸ਼ਾਮਲ ਨਹੀਂ ਸੀ ਕੀਤਾ ਗਿਆ।                
  ਮਲੇਸ਼ੀਆ ਅਤੇ ਪਾਕਿਸਤਾਨ ਨੇ ਇਸ ਤੋਂ ਪਹਿਲਾਂ ਜੂਨੀਅਰ ਏਸ਼ੀਆਈ ਕੱਪ ਹਾਕੀ ਦੇ ਇਤਿਹਾਸ ਵਿੱਚ 1992 ਨੂੰ ਇਪੋਹ ਵਿੱਚ ਹੀ ਫਾਈਨਲ ਖੇਡਿਆ ਸੀ। ਜੋ ਪਾਕਿਸਤਾਨ ਦੇ ਹਿੱਸੇ ਰਿਹਾ ਸੀ। ਹੁਣ ਤੱਕ ਖੇਡੇ ਗਏ 7 ਮੁਕਾਬਲਿਆਂ ਵਿੱਚ 15  ਮੁਲਕਾਂ ਨੇ ਹੀ ਸ਼ਿਰਕਤ ਕੀਤੀ ਹੈ ।। ਭਾਰਤ ਪਾਕਿਸਤਾਨ ,ਮਲੇਸ਼ੀਆ ,ਕੋਰੀਆ ਵਰਗੇ ਮੁਲਕਾਂ ਨੇ ਸਾਰੇ ਮੁਕਾਬਲੇ ਖੇਡੇ ਹਨ। ਸਿਰਫ ਚਾਰ ਮੁਲਕ ਹੀ ਅਜਿਹੇ ਹਨ ਜਿੰਨਾ ਨੇ ਸਫਾਈਨਲ ਖੇਡੇ ਹਨ।। ਭਾਰਤ,ਪਾਕਿਸਤਾਨ,ਮਲੇਸ਼ੀਆ,ਅਤੇ ਕੋਰੀਆ ।। ਸਭ ਤੋਂ ਵੱਧ 3 ਵਾਰੀ ਪਾਕਿਸਤਾਨ ਜੇਤੂ ਰਿਹਾ ਹੈ ।। ਇੱਕ ਵਾਰ ਕੋਰੀਆ, ਦੋ ਵਾਰ ਭਾਰਤ। ਦੋਹਾਂ ਗਰੁਪਾਂ ਵਿੱਚ ਕੁੱਲ 73 ਗੋਲ ,12 ਮੈਚਾਂ ਵਿੱਚ ਹੋਏ ਹਨ। ਸ੍ਰੀਲੰਕਾ ਅਤੇ ਇਰਾਨ ਨੇ ਕੋਈ ਗਰੁੱਪ ਮੈਚ ਨਹੀਂ ਜਿੱਤਿਆ। ਸਭ ਤੋਂ ਵੱਧ 30 ਗੋਲ ਸ੍ਰੀਲੰਕਾ ਸਿਰ ਹੋਏ ,ਅਤੇ ਸਭ ਤੋਂ ਵੱਧ 17 ਗੋਲ ਪਾਕਿਸਤਾਨ ਨੇ ਕੀਤੇ ।। ਕੋਈ ਵੀ ਟੀਮ ਅਜਿਹੀ ਨਹੀਂ ਰਹੀ ਜਿਸ ਸਿਰ ਗੋਲ ਨਾ ਹੋਇਆ ਹੋਵੇ। ਤੀਜਾ ਸਥਾਨ ਭਾਰਤ ਨੇ 2-1 ਨਾਲ ਦੱਖਣੀ ਕੋਰੀਆ ਨੂੰ ਹਰਾਕੇ ਹਾਸਲ ਕੀਤਾ। ਪੰਜਵੇਂ ਤੋਂ 8 ਵੇਂ ਸਥਾਨ ਵਾਲੇ ਮੈਚਾਂ ਵਿੱਚ ਜਪਾਨ ਨੇ ਚੀਨ ਨੂੰ 3-1 ਨਾਲ ਹਰਾਕੇ 5ਵਾਂ ਸਥਾਨ ਲਿਆ। ਇਰਾਨ ਨੇ ਸ੍ਰੀਲੰਕਾ ਨੂੰ 2-1 ਨਾਲ ਮਾਤ ਦੇ ਕੇ 7 ਵੀਂ ਪੁਜ਼ੀਸ਼ਨ ਹਾਸਲ ਕੀਤੀ ।। ਅਖ਼ੀਰਲਾ ਸਥਾਨ ਸ੍ਰੀਲੰਕਾ ਦੀ ਝੋਲੀ ਪਿਆ। ।

Friday, April 13, 2012

ਸਿਦਕੀ ਸਿਰੜੀ ਪੰਜ ਪਿਆਰੇ ( Panj Payare)


          ਸਿਦਕੀ ਸਿਰੜੀ ਪੰਜ ਪਿਆਰੇ
                                                  ਰਣਜੀਤ ਸਿੰਘ ਪ੍ਰੀਤ
                               ਜਦੋਂ ਅਪੀਲ ਦਲੀਲ ਵਕੀਲ ਦੀ ਗੱਲ ਨੇ ਬੁਰਕਾ ਪਹਿਨ ਲਿਆ,ਨਿਆਂ ਦੇ ਸਾਰੇ ਰਸਤੇ ਅਨਿਆਇ ਦੇ ਕੰਡਿਆਂ ਨਾਲ ਭਰ ਗਏ । ਤਾਂ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਰਾਇ ਜੀ ਨੇ ਇਸ ਦੇ ਸਖ਼ਤ ਵਿਰੋਧ ਦਾ ਰਸਤਾ ਅਖ਼ਤਿਆਰ ਕਰ ਲਿਆ । ਪਰ ਜੋ ਸ਼ਕਤੀ ਉਹਨਾਂ ਨੇ ਮੁਗ਼ਲ ਹਕੂਮਤ ਦੇ ਜ਼ਾਲਮ ਸ਼ਾਸ਼ਕਾਂ ਵਿਰੁੱਧ ਵਰਤਣੀ ਸੀ । ਉਹ ਸ਼ਕਤੀ ਉਹਨਾਂ ਨੂੰ ਪਹਾੜੀ ਰਾਜਿਆਂ ਖ਼ਿਲਾਫ਼ ਵੀ ਵਰਤਣੀ ਪਈ । ਜਿਸ ਦੀ ਉਹਨਾਂ ਨੂੰ ਉਮੀਦ ਨਹੀਂ ਸੀ । ਕਿਓਂਕਿ ਇਹਨਾਂ ਰਾਜਿਆਂ ਤੇ ਵੀ ਜ਼ਾਲਮ ਲੋਕਾਂ ਨੇ ਬਹੁਤ ਜ਼ੁਲਮ ਕੀਤੇ ਸਨ । ਸਾਰੇ ਹਾਲਾਤਾਂ ਦਾ ਜ਼ਾਇਜ਼ਾ ਲੈਂਦਿਆਂ ਗੁਰੂ ਸਾਹਿਬ ਨੇ ਸੇਵਕਾਂ ਨੂੰ ਜੰਗੀ ਲੋੜਾਂ ਵਾਲਾ ਸਾਮਾਨ ਹੀ ਭੇਂਟਾ ਵਜੋਂ ਲਿਆਉਂਣ ਲਈ ਕਿਹਾ । ਰਣਜੀਤ ਨਗਾਰਾ ਬਣਵਾਇਆ । ਸ਼ਿਕਾਰ ਖੇਡਣ ਲੱਗੇ ਅਤੇ ਸ਼ਿਕਾਰੀ ਪੰਛੀ ਬਾਜ਼ ਰੱਖਣਾ ਸ਼ੁਰੂ ਕੀਤਾ । ਕਿਲ੍ਹਾ ਪਾਉਂਟਾ ਸਾਹਿਬ ਦੀ ਨੀਂਹ ਰੱਖੀ ।
                 ਸ਼੍ਰੀ ਆਨੰਦਪੁਰ ਸਾਹਿਬ ਵਿਖੇ  ਕੇਸਗੜ੍ਹ ਕਿਲ੍ਹੇ ਦੇ ਸਥਾਨ ਤੇ ਆਪਣੀ ਸੋਚ ਨੂੰ ਪ੍ਰਪੱਕਤਾ ਪਰਦਾਨ ਕਰਨ ਲਈ  30 ਮਾਰਚ 1699 ਨੂੰ ਹਜ਼ਾਰਾਂ ਸ਼ਰਧਾਲੂਆਂ ਦੀ ਹਾਜ਼ਰੀ ਵਿੱਚ ਨੰਗੀ ਤਲਵਾਰ ਲਹਿਰਾਉਂਦਿਆਂ ਇੱਕ ਸੀਸ ਦੀ ਮੰਗ ਰੱਖੀ । ਅਜੇ ਸਾਰੇ ਹੈਰਾਂਨ ਹੋ ਹੀ ਰਹੇ ਸਨ ਕਿ ਦਇਆ ਰਾਮ ਹੱਥ ਬੰਨ੍ਹ ਖੜੋਤਾ । ਗੁਰੂ ਜੀ ਉਸ ਨੂੰ ਤੰਬੂ ਵਿੱਚ ਲੈ ਗਏ । ਕੁੱਝ ਦੇਰ ਬਾਅਦ ਫਿਰ ਬਾਹਰ ਆਏ ,ਲਹੂ ਭਿੱਜੀ ਤਲਵਾਰ ਨਾਲ ਇੱਕ ਸਿਰ ਦੀ ਹੋਰ ਮੰਗ ਕੀਤੀ । ਤਾਂ ਧਰਮ ਦਾਸ ਉਠਿਆ । ਤੀਜੀ ਵਾਰ ਇੱਕ ਹੋਰ ਸੀਸ ਦੀ ਮੰਗ ਸਮੇ ਲਹੂ ਨੁਚੜਦੀ ਤਲਵਾਰ ਵੇਖ ਸੇਵਕਾਂ ਵਿੱਚ ਘੁਸਰ-ਮੁਸਰ ਸ਼ੁਰੂ ਹੋ ਗਈ । ਪਰ ਏਸੇ ਦੌਰਾਂਨ ਹਿੰਮਤ ਰਾਇ ਗੁਰੂ ਜੀ ਕੋਲ ਜਾ ਪਹੁੰਚੇ । ਚੌਥੀ ਵਾਰੀ ਫਿਰ ਸੀਸ ਦੀ ਮੰਗ ਕੀਤੀ ਇਹ ਵੇਖ ਕਮਜ਼ੋਰ ਦਿਲ-ਡਰਪੋਕ ਖਿਸਕਣ ਲੱਗੇ । ਇਸ ਮੌਕੇ ਮੋਹਕਮ ਚੰਦ ਜੀ ਸੀਸ ਦੇਣ ਲਈ ਅੱਗੇ ਵਧੇ । ਪੰਜਵੇਂ ਸੀਸ ਦੀ ਮੰਗ ਸਮੇ ਸਾਹਿਬ ਚੰਦ ਜੀ ਨਿੱਤਰੇ ।
                ਇਸ ਪਿੱਛੋਂ ਗੁਰੂ ਗੋਬਿੰਦ ਰਾਇ ਜੀ ਨੇ ਨਵੇਂ ਨਿਖਰੇ ਰੂਪ ਵਿੱਚ ਉਹਨਾਂ ਪੰਜਾਂ ਨੂੰ ਤੰਬੂ ਤੋਂ ਬਾਹਰ ਲਿਆਂਦਾ । ਖੰਡੇ ਪਾਹੁਲ ਤਿਆਰ ਕਰਦਿਆਂ ਉਹਨਾਂ ਨੂੰ ਅੰਮ੍ਰਿਤ ਪਾਨ ਕਰਵਾਇਆ ਅਤੇ ਫਿਰ ਉਹਨਾਂ ਅੱਗੇ ਨਿਉਂਕਿ ਉਹਨਾਂ ਤੋਂ ਖ਼ੁਦ ਅੰਮ੍ਰਿਤ ਪਾਨ ਕੀਤਾ । ਚੇਲਾ ਗੁਰੂ ਅਤੇ ਗੁਰੂ ਚੇਲਾ ਅਖਵਾਇਆ । ਇਹਨਾਂ ਦੇ ਨਾਂ ਬਦਲਣ ਦੇ ਨਾਲ ਨਾਲ ਆਪਣਾ ਆਪ ਦਾ ਨਾਅ ਵੀ ਗੁਰੂ ਗੋਬਿੰਦ ਸਿੰਘ ਕਰ ਲਿਆ ।
                    ਸਿੱਖ ਧਰਮ ਦੇ ਇਤਿਹਾਸ ਵਿੱਚ ਪੰਜ ਪਿਆਰਿਆਂ ਨੂੰ ਬਹੁਤ ਸਤਿਕਾਰ ਅਤੇ ਪਿਆਰ ਨਾਲ ਵੇਖਿਆ ਜਾਂਦਾ ਹੈ । ਜੇ ਇਹਨਾਂ ਪੰਜ ਪਿਆਰਿਆਂ ਦੇ ਨਾਵਾਂ ਅਨੁਸਾਰ ਹੀ ਅਰਥਾਂ ਨੂੰ ਸਮਝਿਆ ਜਾਵੇ ਤਾਂ ਬਹੁਤ ਹੈਰਾਨੀਜਨਕ ਅਤੇ ਬਹੁਤ ਮਹੱਤਵ ਪੂਰਨ ਸਿਖਿਆ ਮਿਲਦੀ ਹੈ । ਪਹਿਲੇ ਸੀਸ ਦੇਣ ਵਾਲੇ ਸਨ ਭਾਈ ਦਇਆ ਸਿੰਘ ਜੀ,ਦਇਆ ਨੂੰ ਧਰਮ ਦੀ ਮਾਂ ਕਿਹਾ ਜਾਂਦਾ ਹੈ । ਜਿਸ ਆਦਮੀ ਦੇ ਦਿਲ-ਦਿਮਾਗ ਵਿੱਚ ਦਇਆ ਨਹੀਂ ਹੈ ,ਉਹਦੇ ਕੋਲ ਧਰਮ ਨਹੀਂ ਹੋ ਸਕਦਾ । ਦੂਜੇ ਸਥਾਨ ਤੇ ਸੀਸ ਦੇਣ ਵਾਲੇ ਸਨ ਭਾਈ ਧਰਮ ਸਿੰਘ ਜੀ ,ਜਦੋਂ ਮਨੁੱਖ ਕੋਲ ਦਇਆ ਆ ਵਸਦੀ ਹੈ ਤਾਂ ਉਸ ਕੋਲ ਧਰਮ ਆਪਣੇ ਆਪ ਆ ਜਾਂਦਾ ਹੈ । ਤੀਜੇ ਸਥਾਨ ਤੇ ਸੀਸ ਭੇਂਟਾ ਕਰਨ ਵਾਲੇ ਹਿੰਮਤ ਸਿੰਘ ਦਾ ਅਰਥ ਬਣਦਾ ਹੈ ,ਧਰਮ ਦਾ ਸਹੀ ਪਾਲਣ ਉਹੀ ਕਰ ਸਕਦਾ ਹੈ ,ਜਿਸ ਵਿੱਚ ਹਿੰਮਤ ਹੋਵੇ । ਮੋਹਕਮ ਸਿੰਘ ਅਰਥਾਤ ਮੋਹ+ਕਮ, ਮੋਹ,ਪਿਆਰ,ਨੂੰ ਕਮ (ਘੱਟ) ਕਰਨਾ,ਅਰਥਾਤ ਪੰਜ ਦੁਰ ਵਿਵਹਾਰਾਂ (ਕਾਮ,ਕ੍ਰੋਧ,ਲੋਭ,ਮੋਹ,ਹੰਕਾਰ) ਨੂੰ ਘਟਾਉਣਾ ,ਖ਼ਤਮ ਕਰਨਾ ਧਰਮ ਪਾਲਣ ਲਈ ਸਹਾਈ ਹੁੰਦਾ ਹੈ । ਇਹਨਾਂ ਤੱਥਾਂ ਨੂੰ ਮਿਲਾਕੇ ਅਰਥ ਬਣਦੇ ਹਨ ਸਾਹਿਬ ਦਾ ਤਿਆਰ ਹੋਣਾ । 
ਪੰਜ ਪਿਆਰੇ ;---
ਭਾਈ ਦਇਆ ਸਿੰਘ ਜੀ

  • ਸੱਭ ਤੋਂ ਪਹਿਲਾਂ ਸੀਸ ਭੇਂਟ ਕਰਨ ਵਾਲਾ
  • ਮੁੱਢਲਾ ਨਾਅ ; ਭਾਈ ਦਇਆ ਰਾਮ
  • ਖ਼ਾਲਸਾ ਦੀ ਸਾਜਨਾ ਸਮੇ ਉਮਰ 38 ਸਾਲ ਸੀ ।
  • ਅਮ੍ਰਿਤਪਾਨ ਪਿੱਛੋਂ; ਭਾਈ ਦਇਆ ਸਿੰਘ
  • ਜਨਮ ; 1661 ਲਾਹੌਰ,ਸੋਬਤੀ ਖੱਤਰੀ
  • ਪਿਤਾ ਦਾ ਨਾਅ;ਭਾਈ ਸੁੱਢਾ ਜੀ
  • ਮਾਤਾ ਦਾ ਨਾਅ; ਮਾਈ ਦਿਆਲੀ ਜੀ
  • ਦੀਨਾ ਸਾਹਿਬ ਠਹਿਰਨ ਦੌਰਾਂਨ ਗੁਰੂ ਜੀ ਦੇ ਬਚਨਾਂ ਦਾ ਪਾਲਣ ਕਰਦਿਆਂ ਭਾਈ ਧਰਮ ਸਿੰਘ ਦੇ ਨਾਲ ਜ਼ਫ਼ਰਨਾਮਾਂ ਲੈ ਕੇ ਔਰੰਗਜ਼ੇਬ ਕੋਲ ਗਏ ।
  • 7 ਅਤੇ 8 ਦਸੰਬਰ 1705 ਦੀ ਦਰਮਿਆਂਨੀ ਰਾਤ ਨੂੰ ਪੰਜ ਪਿਆਰਿਆਂ ਦੇ ਆਦੇਸ਼ ਅਨੁਸਾਰ ਗੁਰੂ ਸਾਹਿਬ ਦੇ ਨਾਲ ਹੀ ਚਮਕੌਰ ਦੀ ਗੜੀ ਵਿੱਚੋਂ ਨਿਕਲੇ । ਨਾਲ ਹੀ ਭਾਈ ਧਰਮ ਸਿੰਘ ਸੀ ।
  • ਅਕਾਲ ਚਲਾਣਾ;47 ਸਾਲ ਦੀ ਉਮਰ ਵਿੱਚ 1708 ਨੂੰ,ਨੰਦੇੜ ਸਾਹਿਬ ।(1768 ਬਿਕਰਮੀ ਨੂੰ ਅਬਚਲ ਨਗਰ ਸ੍ਰੀ ਹਜੂਰ ਸਾਹਿਬ ਵਿਖੇ )
ਭਾਈ ਧਰਮ ਸਿੰਘ ਜੀ
·        ਭਾਈ ਧਰਮ ਸਿੰਘ ਪੰਜਾਂ ਪਿਆਰਿਆਂ ਵਿਚੋਂ ਦੂਜੇ ਸਥਾਨ ਤੇ ਸਨ
·        ਮੁੱਢਲਾ ਨਾਂਅ ;ਧਰਮ ਦਾਸ
·        ਅੰਮ੍ਰਿਤ ਪਾਨ ਕਰਨ ਉਪਰੰਤ; ਭਾਈ ਧਰਮ ਸਿੰਘ
·        ਖ਼ਾਲਸਾ ਦੀ ਸਾਜਨਾ ਸਮੇ ਉਮਰ 33 ਸਾਲ ਸੀ ।
·        ਜਨਮ:1666 ਹਸਤਨਾਪੁਰ (ਉਤਰ ਪ੍ਰਦੇਸ਼),ਜੱਟ,(13 ਵਿਸਾਖ਼, 1727 ਬਿਕਰਮੀ)
·        ਪਿਤਾ ਦਾ ਨਾਅ ; ਭਾਈ ਸੰਤ ਰਾਮ (ਪਰਮ ਸੁਖ )
·        ਮਾਤਾ ਦਾ ਨਾਅ; ਸੱਭੋ ਜੀ (ਅਨੰਤੀ ਜੀ )
·        ਦੀਨਾ ਸਾਹਿਬ ਠਹਿਰਨ ਦੌਰਾਂਨ ਗੁਰੂ ਜੀ ਦੇ ਬਚਨਾਂ ਦਾ ਪਾਲਣ ਕਰਦਿਆਂ ਭਾਈ ਦਇਆ ਸਿੰਘ ਦੇ ਨਾਲ ਜ਼ਫ਼ਰਨਾਮਾਂ ਲੈ ਕੇ ਔਰੰਗਜ਼ੇਬ ਕੋਲ ਗਏ ।
·        7 ਅਤੇ 8 ਦਸੰਬਰ 1705 ਦੀ ਦਰਮਿਆਂਨੀ ਰਾਤ ਨੂੰ ਪੰਜ ਪਿਆਰਿਆਂ ਦੇ ਆਦੇਸ਼ ਅਨੁਸਾਰ ਗੁਰੂ ਸਾਹਿਬ ਦੇ ਨਾਲ ਹੀ ਚਮਕੌਰ ਦੀ ਗੜੀ ਵਿੱਚੋਂ ਨਿਕਲੇ । ਨਾਲ ਹੀ ਭਾਈ ਦਇਆ ਸਿੰਘ ਸਨ ।
·        ਅਕਾਲ ਚਲਾਣਾ;42 ਸਾਲ ਦੀ ਉਮਰ ਵਿੱਚ 1708 ਨੂੰ,ਨੰਦੇੜ ਸਾਹਿਬ । (1768 ਬਿਕਰਮੀ: ਨੂੰ ਅਬਚਲ ਨਗਰ ਸ੍ਰੀ ਹਜੂਰ ਸਾਹਿਬ ਜੀ ਵਿਖੇ)
ਭਾਈ ਹਿੰਮਤ ਸਿੰਘ ਜੀ
  • ਭਾਈ ਹਿੰਮਤ ਸਿੰਘ ਜੀ ਪੰਜਾਂ ਪਿਆਰਿਆਂ ਵਿਚੋਂ ਤੀਸਰੇ ਸਥਾਨ ਤੇ ਸਨ
  • ਮੁੱਢਲਾ ਨਾਂਅ ;ਹਿੰਮਤ ਰਾਇ
  • ਅੰਮ੍ਰਿਤ ਪਾਨ ਕਰਨ ਉਪਰੰਤ; ਭਾਈ ਹਿੰਮਤ ਸਿੰਘ
  • ਖ਼ਾਲਸਾ ਦੀ ਸਾਜਨਾ ਸਮੇ ਉਮਰ 38 ਸਾਲ ਸੀ ।
  • ਜਨਮ:1661 ਮੂਲ ਵਾਸੀ ਜਗਨਨਾਥਪੁਰੀ (ਉੜੀਸਾ),ਝਿਓਰ,(ਜਨਮ ਮਿਤੀ 15 ਜੇਠ 1721 ਬਿਕਰਮੀ (ਜਨਮ ਸਥਾਂਨ ਬਕਾਲਾ ਕਿਓਂਕਿ ਇਹਨਾਂ ਦੇ ਮਾਤਾ-ਪਿਤਾ ਗੁਰੂ ਤੇਗ ਬਹਾਦਰ ਜੀ ਦੀ ਸੇਵਾ ਵਿੱਚ ਇਥੇ ਰਹਿੰਦੇ ਸਨ)
  • ਪਿਤਾ ਦਾ ਨਾਅ ; ਗੁਲਜ਼ਾਰੀ ਜੀ (ਮਾਲ ਦੇਊ )
  • ਮਾਤਾ ਦਾ ਨਾਅ; ਧੰਨੋ ਦੇਈ (ਦੇਈ )
  • ਅਕਾਲ ਚਲਾਣਾ; ਚਮਕੌਰ ਸਾਹਿਬ ਵਿਖੇ ਮੁਗ਼ਲ ਫ਼ੌਜ ਦਾ ਮੁਕਾਬਲਾ ਕਰਦੇ ਹੋਏ 44 ਸਾਲ ਦੀ ਉਮਰ ਵਿੱਚ ਦਸੰਬਰ 1705 (1761 ਬਿਕਰਮੀ) ਨੂੰ, ਸ਼ਹੀਦੀ ਪ੍ਰਾਪਤ ਕੀਤੀ।
  • ਇਹਨਾਂ ਦੀ ਯਾਦ ਵਿੱਚ ਤਰਨ ਤਾਰਨ ਵਿਖੇ ਬਾਬਾ ਹਿੰਮਤ ਸਿੰਘ ਜੀ ਹਾਲ / ਬੁੰਗਾ ਬਣਾਇਆ ਗਿਆ ਹੈ ,ਜਿੱਥੇ ਹਰ ਸਾਲ ਇਹਨਾਂ ਦਾ ਜਨਮ ਦਿਨ ਮਨਾਇਆ ਜਾਂਦਾ ਹੈ ।

ਭਾਈ ਮੋਹਕਮ ਸਿੰਘ ਜੀ
  • ਭਾਈ ਮੋਹਕਮ ਸਿੰਘ ਜੀ ਪੰਜਾਂ ਪਿਆਰਿਆਂ ਵਿਚੋਂ ਸੀਸ ਦੇਣ ਵਾਲੇ ਚੌਥੇ ਸਥਾਨ ਤੇ ਸਨ
  • ਮੁੱਢਲਾ ਨਾਅ;ਮੋਹਕਮ ਚੰਦ
  • ਅੰਮ੍ਰਿਤ ਪਾਨ ਕਰਨ ਉਪਰੰਤ: ਭਾਈ ਮੋਹਕਮ ਸਿੰਘ
  • ਖ਼ਾਲਸਾ ਦੀ ਸਾਜਨਾ ਸਮੇ ਉਮਰ:36 ਸਾਲ
  • ਜਨਮ:1663 ਦਵਾਰਕਾ (ਗੁਜਰਾਤ) (5 ਚੇਤ 1736 ਬਿਕਰਮੀ)
  • ਪਿਤਾ ਦਾ ਨਾਅ ; ਭਾਈ ਤੀਰਥ ਚੰਦ (ਜਗਜੀਵਨ ਰਾਮ)
  • ਮਾਤਾ ਦਾ ਨਾਅ; ਦੇਵੀ ਬਾਈ ( ਸੰਭਲੀ ਜੀ)
  • ਅਕਾਲ ਚਲਾਣਾ; ਚਮਕੌਰ ਸਾਹਿਬ ਵਿਖੇ ਮੁਗ਼ਲ ਫ਼ੌਜ ਦਾ ਮੁਕਾਬਲਾ ਕਰਦੇ ਹੋਏ 42 ਸਾਲ ਦੀ ਉਮਰ ਵਿੱਚ 7 ਦਸੰਬਰ 1705 (1761 ਬਿਕਰਮੀ) ਨੂੰ, ।
ਭਾਈ ਸਾਹਿਬ ਸਿੰਘ ਜੀ
  • ਭਾਈ ਸਾਹਿਬ ਸਿੰਘ ਜੀ ਪੰਜਾਂ ਪਿਆਰਿਆਂ ਵਿਚੋਂ ਪੰਜਵੇਂ ਸਥਾਨ ਤੇ ਸਨ
  • ਮੁੱਢਲਾ ਨਾਅ;ਸਾਹਿਬ ਚੰਦ
  • ਅੰਮ੍ਰਿਤ ਪਾਨ ਕਰਨ ਉਪਰੰਤ: ਭਾਈ ਸਾਹਿਬ ਸਿੰਘ
  • ਖ਼ਾਲਸਾ ਦੀ ਸਾਜਨਾ ਸਮੇ ਉਮਰ:37 ਸਾਲ
  • ਜਨਮ:1662 ਬਿਦਰ (ਕਰਨਾਟਕਾ) ਨਾਈ (5 ਮੱਘਰ 1732 ਬਿਕਰਮੀ)
  • ਪਿਤਾ ਦਾ ਨਾਅ ; ਭਾਈ ਗੁਰ ਨਰਾਇਣ
  • ਮਾਤਾ ਦਾ ਨਾਅ; ਅਨਕਾਮਾ ਬਾਈ
  • 11 ਸਾਲ ਦੀ ਉਮਰ ਵਿੱਚ ਇਸ ਦੇ ਮਾਤਾ ਪਿਤਾ ਇਸ ਨੂੰ ਦਸਮ ਗੁਰੂ ਜੀ ਦੇ ਸਪੁਰਦ ਕਰ ਗਏ ਸਨ ।
  • ਅਕਾਲ ਚਲਾਣਾ; ਚਮਕੌਰ ਸਾਹਿਬ ਵਿਖੇ ਮੁਗ਼ਲ ਫ਼ੌਜ ਦਾ ਮੁਕਾਬਲਾ ਕਰਦੇ ਹੋਏ 43 ਸਾਲ ਦੀ ਉਮਰ ਵਿੱਚ 7 ਦਸੰਬਰ 1705 (1761 ਬਿਕਰਮੀ) ਨੂੰ, ਗੁਰਪੁਰੀ ਜਾ ਬਿਰਾਜੇ ।
                **************************          
·       ਰਣਜੀਤ ਸਿੰਘ ਪ੍ਰੀਤ
·       ਭਗਤਾ-151206 (ਬਠਿੰਡਾ)
·       ਮੁਬਾਇਲ ਸੰਪਰਕ:98157-07232

Saturday, April 7, 2012

ਬਾਸਕਟਬਾਲ ਫ਼ੈਡਰੇਸ਼ਨ ਕੱਪ ‘ਚ ਪੰਜਾਬ ਦੀ ਬੱਲੇ-ਬੱਲੇ


     ਬਾਸਕਟਬਾਲ ਫ਼ੈਡਰੇਸ਼ਨ ਕੱਪ ਚ ਪੰਜਾਬ ਦੀ ਬੱਲੇ-ਬੱਲੇ
                                       ਰਣਜੀਤ ਸਿੰਘ ਪ੍ਰੀਤ
               26ਵਾਂ ਨੈਸ਼ਨਲ ਬਾਸਕਟਬਾਲ ਫ਼ੈਡਰੇਸ਼ਨ ਕੱਪ ਕੋਚੀ (ਕੇਰਲਾ) ਦੇ ਓਰਿਜ਼ਨਲ ਸਪੋਰਟਸ ਸੈਂਟਰ ਵਿੱਚ 14 ਤੋਂ 18 ਮਾਰਚ ਤੱਕ ਖੇਡਿਆ ਗਿਆ । ਪੁਰਸ਼ ਅਤੇ ਮਹਿਲਾ ਵਰਗ ਦੀਆਂ 8-8 ਟੀਮਾਂ ਨੇ ਭਾਰਤ ਭਰ ਵਿੱਚੋਂ ਸ਼ਿਰਕਤ ਕੀਤੀ । ਪੁਰਸ਼ ਡਵੀਜ਼ਨ ਵਿੱਚ ਪੰਜਾਬ ਪੁਲੀਸ (ਪੰਜਾਬ),ਵੈਸਟਰਨ ਰੇਲਵੇਜ਼ (ਇੰਡੀਅਨ ਰੇਲਵੇਜ਼),ਇੰਡੀਅਨ ਓਵਰਸੀਜ਼ ਬੈਂਕ (ਤਾਮਿਲਨਾਡੂ),ਓ.ਐਨ.ਜੀ.ਸੀ.(ਓਇਲ ਐਂਡ ਨੇਚੁਰਲ ਗੈਸ ਕਮਿਸ਼ਨ,(ਉਤਰਾਖੰਡ),ਏਅਰ ਫੋਰਸ (ਸਰਵਿਸਜ਼),ਹੈਦਰਾਬਾਦ ਡਿਸਟ੍ਰਿਕਟ (ਆਂਧਰਾ ਪ੍ਰਦੇਸ਼),ਭਿਲਾਈ ਸਟੀਲ ਪਲਾਂਟ (ਛੱਤੀਸਗੜ੍ਹ),ਕਸਟਮਸ ਐਂਡ ਸੈਂਟਰਲ ਐਕਸਾਈਜ਼ (ਕੇਰਲਾ) ਦੀਆਂ ਟੀਮਾਂ ਸ਼ਾਮਲ ਹੋਈਆਂ ।
                ਇਸ ਬਹੁਤ ਹੀ ਰੌਚਕ ਅਤੇ ਧੜੱਲੇਦਾਰ ਮੁਕਾਬਲੇ ਦਾ ਪਹਿਲਾ ਮੈਚ 14 ਮਾਰਚ ਨੂੰ ਵੈਸਟਰਨ ਰੇਲਵੇ ਅਤੇ ਇੰਡੀਅਨ ਓਵਰਸੀਜ਼ ਬੈਂਕ (ਤਾਮਿਲਨਾਡੂ) ਦਰਮਿਆਂਨ ਖੇਡਿਆ ਗਿਆ ਇਸ ਵਿੱਚ ਤਾਮਿਲਨਾਡੂ ਦੀ ਟੀਮ 73-36 ਨਾਲ ਜੇਤੂ ਬਣੀ । ਆਪਣੀ ਡਵੀਜ਼ਨ ਵਿੱਚੋਂ ਸੈਮੀਫਾਈਨਲ ਤੱਕ ਦਾ ਸਫ਼ਰ ਤੈਅ ਕਰਨ ਲਈ ਤਾਮਿਲਨਾਡੂ ਦੀ ਟੀਮ ਨੇ ਅਗਲੇ ਦੋ ਮੈਚਾਂ ਵਿੱਚ ਹੈਦਰਾਬਾਦ ਡਿਸਟ੍ਰਿਕਟ (ਆਂਧਰਾ ਪ੍ਰਦੇਸ਼) ਦੀ ਟੀਮ ਨੂੰ 97-43 ਨਾਲ ਅਤੇ ਕੇਰਲਾ ਨੂੰ  75-72 ਨਾਲ ਹਰਾਇਆ । ਇਹ ਮੈਚ ਬਹੁਤ ਰੌਚਕ ਰਿਹਾ । ਟੂਰਨਾਮੈਟ ਦਾ ਇਹੀ ਇੱਕੋ ਇੱਕ ਮੈਚ ਸੀ ਜੋ 63-63 ਨਾਲ ਬਰਾਬਰ ਰਹਿਣ ਮਗਰੋਂ ਵਾਧੂ ਸਮੇ ਵਿੱਚ 75-72 ਦੇ ਫ਼ੈਸਲੇ ਤੱਕ ਪਹੁੰਚਿਆ । ਟੂਰਨਾਮੈਂਟ ਦੌਰਾਂਨ ਇਹ ਜਿੱਤ ਅੰਤਰ ਸਿਰਫ਼ 3 ਅੰਕ ਵੀ ਰਿਕਾਰਡ ਬਣਿਆਂ । ਇਸ ਤੋਂ ਇਲਾਵਾ ਤਾਮਿਲਨਾਡੂ ਨੇ 97 ਅੰਕ ਇੱਕ ਟੀਮ ਵੱਲੋਂ ਇੱਕ ਮੈਚ ਵਿੱਚ ਬਨਾਉਣ ਦਾ  ਰਿਕਾਰਡ ਵੀ ਬਣਾਇਆ । ਤਿੰਨੇ ਮੈਚ ਜਿੱਤ ਕੇ 245 ਅੰਕ ਬਣਾਕੇ ਅਤੇ 175 ਅੰਕ ਦੇ ਕੇ ਇਹ ਟੀਮ ਸ਼ਿਖ਼ਰ ਤੇ ਰਹੀ । ਕਸਟਮਸ ਐਂਡ ਸੈਂਟਰਲ ਐਕਸਾਈਜ (ਕੇਰਲਾ) ਨੇ ਹੈਦਰਾਬਾਦ ਨੂੰ 78-47 ਨਾਲ ਅਤੇ ਵੈਸਟਰਨ ਰੇਲਵੇ ਨੂੰ 81-24 ਨਾਲ ਹਰਾਕੇ ਡਵੀਜ਼ਨ ਵਿੱਚੋਂ ਦੂਜਾ ਸਥਾਨ ਹਾਸਲ ਕਰਦਿਆਂ ਸੈਮੀਫ਼ਾਈਨਲ ਪ੍ਰਵੇਸ਼ ਪਾਇਆ । ਕੇਰਲਾ ਨੇ ਖੇਡੇ 3 ਮੈਚਾਂ ਵਿੱਚੋਂ 2 ਜਿੱਤੇ ਇੱਕ ਹਾਰਿਆ ,ਕੁੱਲ 231ਅੰਕ ਬਣਾਏ ਅਤੇ ਆਪਣੇ ਸਿਰ 146 ਅੰਕ ਹੀ ਬਣਨ ਦਿੱਤੇ । ਵੈਸਟਰਨ ਰੇਲਵੇ ਨੇ ਹੈਦਰਾਬਾਦ ਨੂੰ 79-72 ਨਾਲ ਹਰਾਕੇ ਪਹਿਲੀ ਅਤੇ ਆਖ਼ਰੀ ਜਿੱਤ ਦਰਜ ਕੀਤੀ । ਇਸ ਵਿਰੁੱਧ 226  ਬਣੇ ਅਤੇ ਇਸ ਨੇ 139  ਅੰਕ ਬਣਾਏ । ਜਦੋਂ ਕਿ ਹੈਦਰਾਬਾਦ ਦੀ ਟੀਮ  ਬਗੈਰ ਕੋਈ ਮੈਚ ਜਿੱਤਿਆ 162   ਅੰਕ ਹੀ ਬਣਾ ਸਕੀ ਅਤੇ ਉਸ ਵਿਰੁੱਧ 254  ਅੰਕ ਬਣੇ ।           

                  ਪੰਜਾਬ ਪੁਲੀਸ (ਪੰਜਾਬ)ਵਾਲੀ ਡਵੀਜ਼ਨ ਵਿੱਚ ਪਜਾਬ ਨੇ ਆਪਣੇ ਪਹਿਲੇ ਮੈਚ ਵਿੱਚ ਭਿਲਾਈ ਸਟੀਲ ਪਲਾਂਟ (ਛੱਤੀਸਗੜ੍ਹ) ਨੂੰ 66-43 ਨਾਲ, ਦੂਜੇ ਮੈਚ ਵਿੱਚ ਏਅਰ ਫੋਰਸ (ਸਰਵਿਸਜ਼) ਨੂੰ 73-51 ਨਾਲ ਹਰਾਇਆ । ਪਰ ਤੀਜੇ ਅਤੇ ਆਖ਼ਰੀ ਮੈਚ ਵਿੱਚ ਓਇਲ ਐਂਡ ਨੇਚੁਰਲ ਗੈਸ ਕਮਿਸ਼ਨ ,ਓ.ਐਨ.ਜੀ.ਸੀ.(ਉਤਰਾਖੰਡ) ਤੋਂ 71-82 ਨਾਲ ਹਾਰ ਕੇ 210 ਅੰਕ ਬਣਾਉਂਦਿਆਂ ਅਤੇ  176 ਅੰਕ ਦਿੰਦਿਆ ਡਵੀਜ਼ਨ ਚੋਂ ਦੂਜਾ ਸਥਾਨ ਲਿਆ । ਓ.ਐਨ.ਜੀ.ਸੀ.(ਉਤਰਾਖੰਡ) ਦੀ ਟੀਮ ਤਿੰਨ ਦੇ ਤਿੰਨ ਮੈਚ ਜਿੱਤ ਕੇ ਸ਼ਿਖ਼ਰ ਤੇ ਰਹੀ । ਇਸ ਨੇ ਏਅਰ ਫੋਰਸ ਨੂੰ 73-51 ਨਾਲ,ਅਤੇ ਛੱਤੀਸਗੜ੍ਹ ਨੂੰ 76-53 ਨਾਲ ਮਾਤ ਦਿੱਤੀ । ਕੁੱਲ 231 ਅੰਕ ਬਣਾਏ ਅਤੇ 175 ਅੰਕ ਆਪਣੇ ਸਿਰ ਹੋਣ ਦਿੱਤੇ । ਏਅਰ ਫੋਰਸ ਨੇ ਛੱਤੀਸਗੜ੍ਹ ਨੂੰ 76-58 ਨਾਲ ਹਰਾਕੇ ਜਿੱਤ ਦਾ ਖਾਤਾ ਖੋਲ੍ਹਿਆ । ਆਪਣੇ ਸਿਰ 204  ਅੰਕ ਹੋਣ ਦਿੱਤੇ ਅਤੇ 178  ਅੰਕ ਲਏ । ਛੱਤੀਸਗੜ੍ਹ ਦੀ ਟੀਮ ਕੋਈ ਵੀ ਮੈਚ ਨਾ ਜਿੱਤ ਸਕੀ । ਇਸ ਵਿਰੁੱਧ 218  ਅੰਕ ਬਣੇ ਅਤੇ ਇਸ ਤੋਂ 154  ਅੰਕ ਹੀ ਬਣੇ । 
            17 ਮਾਰਚ ਵਾਲੇ ਸੈਮੀਫ਼ਾਈਨਲ ਮੈਚਾਂ ਤੱਕ ਕੁੱਲ 1550 ਅੰਕ ਬਣੇ । ਪਹਿਲਾ ਸੈਮੀਫ਼ਾਈਨਲ ਪੰਜਾਬ ਨੇ ਤਾਮਿਲਨਾਡੂ ਵਿਰੁੱਧ 69-65 ਨਾਲ ਜਿੱਤਿਆ । ਦੂਜੇ ਸੈਮੀਫ਼ਾਈਨਲ ਵਿੱਚ ਉਤਰਾਖੰਡ ਦੀ ਟੀਮ 47-44 ਨਾਲ ਕੇਰਲਾ ਤੇ ਭਾਰੂ ਰਹੀ । ਟੂਰਨਾਮੈਂਟ ਵਿੱਚ ਇਹ ਦੂਜਾ ਮੈਚ ਸੀ ਜਿਸ ਦਾ ਫ਼ੈਸਲਾ 3 ਅੰਕਾਂ ਦੇ ਅੰਤਰ ਨਾਲ ਹੋਇਆ । ਤੀਜੇ ਸਥਾਨ ਲਈ ਤਾਮਿਲਨਾਡੂ ਨੇ ਕੇਰਲਾ ਨੂੰ 84-74 ਨਾਲ ਹਰਾਇਆ । ਪੂਰੇ ਮੁਕਾਬਲੇ ਦੌਰਾਂਨ ਇਸ ਮੈਚ ਵਿੱਚ 158 ਅੰਕ, ਸਭ ਮੈਚਾਂ ਤੋਂ ਵੱਧ ਬਣੇ । ਖ਼ਿਤਾਬੀ ਮੁਕਾਬਲੇ ਵਾਲਾ ਮੈਚ 18 ਮਾਰਚ ਨੂੰ ਪੰਜਾਬ ਅਤੇ ਉਤਰਾਖੰਡ ਦੀਆਂ ਟੀਮਾਂ ਦਰਮਿਆਂਨ ਖੇਡਿਆ ਗਿਆ । ਪੰਜਾਬ ਦੇ ਖਿਡਾਰੀ ਅਮ੍ਰਿਤਪਾਲ ਸਿੰਘ ਨੇ ਸਭ ਤੋਂ ਵੱਧ 22 ਅਤੇ ਰਿਬਾਊਂਡ ਤੋ 11,ਜਗਦੀਪ ਸਿੰਘ ਨੇ 17,ਅਮਨਜੋਤ ਨੇ ਅੰਕ ਬਣਾਕੇ ਟੀਮ ਨੂੰ 72 ਅੰਕਾਂ ਤੱਕ ਅਪੜਾਇਆ । ਜਦੋਂ ਕਿ ਖਿਤਾਬ ਦੀ ਪ੍ਰਮੁੱਖ ਦਾਅਵੇਦਾਰ ਉਤਰਾਖੰਡ ਦੀ ਟੀਮ ਵਿਸ਼ੇਸ਼ ਭਰੀਗੁਵਾਂਸ਼ੀ ਦੇ 21 ਅਤੇ ਯਾਦਵਿੰਦਰ ਸਿੰਘ ਦੇ 20 ਅੰਕਾਂ ਨਾਲ 59 ਅੰਕਾਂ ਤੱਕ ਹੀ ਪਹੁੰਚ ਸਕੀ । ਇਸ ਤਰ੍ਹਾਂ ਮੁੱਖ ਕੋਚ ਗੁਰਕਿਰਪਾਲ ਸਿੰਘ ਢਿੱਲੋਂ, ਕੋਚ ਰਵਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਨੇ ਇਹ ਵਕਾਰੀ ਬਾਸਕਟਬਾਲ ਟੂਰਨਾਮੈਟ 10 ਸਾਲ ਦੇ ਵਕਫ਼ੇ ਮਗਰੋਂ 13 ਅੰਕਾਂ ਦੇ ਫ਼ਰਕ ਨਾਲ ਜਿੱਤ ਕੇ ਪੰਜਾਬ ਦੀ ਬੱਲੇ ਬੱਲੇ ਕਰਾਈ ।
                                  ************************
ਰਣਜੀਤ ਸਿੰਘ ਪ੍ਰੀਤ
ਭਗਤਾ-151206(ਬਠਿੰਡਾ)
ਮੁਬਾਇਲ ਸੰਪਰਕ;98157-07232