Sunday, November 3, 2013

ਪਰੰਪਰਾਵਾਂ ਦੇ ਝਰੋਖੇ’ਚੋਂ ; ਦੀਵਾਲੀ



ਪਰੰਪਰਾਵਾਂ ਦੇ ਝਰੋਖੇਚੋਂ ; ਦੀਵਾਲੀ
                       ਰਣਜੀਤ ਸਿੰਘ ਪ੍ਰੀਤ
                         ਭਾਰਤ ਦੇ ਹਰ ਪੁਰਾਤਨ ਤਿਓਹਾਰ ਨਾਲ ਇਤਿਹਾਸਕ ਜਾਂ ਮਿਥਿਹਾਸਕ ਘਟਨਾਵਾਂ ਜੁੜੀਆਂ ਹੋਈਆਂ ਹਨ । ਜਿੰਨ੍ਹਾਂ ਦਾ ਕੇਂਦਰ ਬਿੰਦੂ ਘੁੰਮ-ਘੁਮਾਕੇ ਭਾਵੇਂ ਇੱਕ ਸਥਾਨ ਉੱਤੇ ਹੀ ਆ ਪਹੁੰਚਿਆ ਕਰਦਾ ਹੈ । ਜਾਂ ਇਓਂ ਕਹਿ ਲਓ ਕਿ ਇਹ ਧਾਰਨਾਵਾਂ ਵਿੰਗਾ-ਟੇਡਾ ਰਸਤਾ ਤੈਅ ਕਰਕੇ ਪਰੰਪਰਾਵਾਂ ਦਾ ਰੂਪ ਧਾਰ ਲਿਆ ਕਰਦੀਆਂ ਹਨ ।
              ਦੀਵਾਲੀ ਦਾ ਸਬੰਧ ਕਿਸੇ ਨਾ ਕਿਸੇ ਰੂਪ ਵਿੱਚ ਹਰ ਧਰਮ ਨਾਲ ਜੁੜਦਾ ਹੈ । ਇਸ ਦੀ ਆਮ ਮੰਨੀ ਜਾਣ ਵਾਲੀ ਘਟਨਾ ਸ਼੍ਰੀ ਰਾਮ ਚੰਦਰ ਜੀ ਨਾਲ ਜੁੜਦੀ ਹੈ । ਜੋ 14 ਸਾਲ ਦੇ ਬਣਵਾਸ ਮਗਰੋਂ ਰਾਵਣ ਨੂੰ ਸ਼ਿਕੱਸ਼ਤ ਦੇ ਕੇ,ਜਦ ਅਯੁੱਧਿਆ ਪਰਤੇ ਅਤੇ ਰਾਜ ਗੱਦੀ ਸੰਭਾਲੀ ਤਾਂ ਲੋਕਾਂ ਨੇ ਖ਼ੁਸ਼ੀ ਦਾ ਇਜ਼ਹਾਰ ਕਰਨ ਲਈ ਦੀਵੇ ਜਗਾ ਕੇ ਰੌਸ਼ਨੀ ਕੀਤੀ ।
             ਪੰਜਾਬ ਦੇ ਇਤਿਹਾਸ ਮੁਤਾਬਕ ਜਦ ਛੇਵੇਂ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਰਾਇ ਜੀ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਉਮਰ ਕੈਦ ਭੁਗਤ ਰਹੇ 52 ਰਾਜਿਆਂ ਨੂੰ ਕੈਦ ਤੋਂ ਖ਼ਲਾਸੀ ਦਿਵਾ ਸ਼੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਤਾਂ,ਉਸ ਦਿਨ ਬਾਬਾ ਬੁੱਢਾ ਜੀ ਨੇ ਦੀਪ ਜਗਾ ਕੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਇਹ ਪਰੰਪਰਾ ਤੋਰੀ । ਭਾਈ ਮਨੀ ਸੀੰਘ ਜੀ ਦਾ ਬੰਦ ਬੰਦ ਕੱਟਿਆ ਜਾਣਾਂ ਵੀ ਦੀਵਾਲੀ ਨਾਲ ਹੀ ਸਬੰਧਤ ਹੈ । ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ 1833 ਦੀ ਦੀਵਾਲੀ ਮੌਕੇ ਵਿਸ਼ੇਸ਼ ਤੌਰ ਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ । ਚਾਂਦੀ ਦੇ ਚੋਭਾਂ ਵਾਲਾ ਤੰਬੂ ਵੀ ਭੇਂਟਾ ਕੀਤਾ । ਏਵੇਂ 1835 ਦੀ ਦੀਵਾਲੀ ਸਮੇ 511 ਸੋਨੇ ਦੀਆਂ ਮੁਹਰਾਂ ਵੀ ਭੇਂਟ ਕੀਤੀਆਂ ।
              ਮਹਾਂਰਾਸ਼ਟਰ ਦੇ ਲੋਕ ਇਸ ਤਿਓਹਾਰ ਦਾ ਸਬੰਧ ਬਹੁਤ ਚੰਗੇਰੇ ਰਾਜ ਪ੍ਰਬੰਧਕ ਰਾਜਾ ਬਾਲੀ ਨਾਲ ਜੋੜਦੇ ਹਨ । ਮੰਨਿਆਂ ਜਾਂਦਾ ਹੈ ਕਿ ਉਹਨੇ ਦੀਵਾਲੀ ਵਾਲੇ ਦਿਨ ਹੀ ਰਾਜ ਭਾਗ ਸੰਭਾਲਿਆ ਸੀ । ਔਰਤਾਂ ਉਸਦੀਆਂ ਅਕ੍ਰਿਤੀਆਂ ਬਣਾਉਂਦੀਆਂ ਹਨ ਅਤੇ ਪੂਜਾ ਕਰਕੇ, ਮੁੜ ਉਸ ਵਰਗੇ ਚੰਗੇਰੇ ਰਾਜ ਪ੍ਰਬੰਧ ਦੀ ਕਾਮਨਾ ਕਰਦੀਆਂ ਹਨ ।
           ਮੱਧ ਭਾਰਤ ਦੇ ਵਾਸੀ ਇਸ ਤਿਓਹਾਰ ਦਾ ਸਬੰਧ ਮਹਾਰਾਜਾ ਵਿਕਰਮ ਦਿਤਿਯ ਨਾਲ ਜੋੜਕੇ ਮਨਾਉਂਦੇ ਹਨ । ਕਿਹਾ ਜਾਂਦਾ ਹੈ ਕਿ ਏਸੇ ਹੀ ਦਿਨ ਵਿਕਰਮ ਦਿਤਿਯ ਨੇ ਰਾਜ ਗੱਦੀ ਸੰਭਾਲੀ ਸੀ ਅਤੇ ਲੋਕਾਂ ਨੇ ਦੀਪਮਾਲਾ ਕਰਕੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਸੀ ।
          ਬੰਗਾਲ ਦੇ ਲੋਕ ਇਸ ਦਿਨ ਨੂੰ ਕਾਲੀ ਦੇਵੀ ਕਲਕੱਤੇ ਵਾਲੀ ਵਜੋਂ ਮਨਾਉਂਦੇ ਹਨ । ਉਹ ਇਸ ਦਿਨ ਮਿੱਟੀ ਤੋਂ ਤਿਆਰ ਕੀਤੀ ਕਾਲੀ ਦੇਵੀ ਦੀ ਮੂਰਤੀ ਨੂੰ ਘਰ ਲਿਆ ਕੇ, ਰੁਪਈਆਂ ਵਿੱਚ ਰੱਖ ਕੇ ਪੂਜਾ ਕਰਦੇ ਹਨ । ਚਾਂਦੀ ਦੇ ਰੁਪਿਆਂ ਨੂੰ ਵਿਸ਼ਨੂੰ ਦਾ ਰੂਪ ਮੰਨਦੇ ਹਨ । ਉੱਥੋਂ ਦੇ ਲੋਕ ਕਾਲੀ ਦੇਵੀ ਨੂੰ ਲਕਸ਼ਮੀ ਅਤੇ ਸਰਸਵਤੀ ਕਹਿੰਦੇ ਹਨ ।
                  ਦੀਵਾਲੀ ਵਾਲੀ ਰਾਤ ਨੂੰ ਸਫੈਦੀ ਕੀਤੇ ਘਰਾਂ ਵਿੱਚ ਕੁੜੀਆਂ ਆਪਣੇ ਛੋਟੇ ਜਿਹੇ ਸੰਭਾਵਤ ਘਰ ਹਟੜੀ ਜਾਂ ਘਰੂੰਡੀ ਵਿੱਚ ਖਾਣ-ਪੀਣ ਦਾ ਸਮਾਨ ਅਤੇ ਪੈਸੇ ਆਦਿ ਰੱਖ ਕਿ ਘੱਟੋ-ਘੱਟ 5 ਦੀਵੇ ਜਗਾ ਕੇ ਉਸ ਦੇ ਕੋਲ ਬੈਠ,ਆਪਣੇ ਰੌਸ਼ਨ ਅਤੇ ਖੁਰਾਕ ਭੰਡਾਰਾਂ ਵਾਲੇ ਘਰ ਨੂੰ ਮਨ ਹੀ ਮਨ ਚਿਤਵਿਆ ਕਰਦੀਆਂ ਹਨ ।
          ਦੀਵਾਲੀ ਦਾ ਤਿਓਹਾਰ ਜਿੱਥੇ ਗੁੱਜਰ ਲੋਕ ਬਲਦਾਂ ਦੀ ਪੂਜਾ ਕਰਕੇ ਮਨਾਉਂਦੇ ਹਨ,ਉੱਥੇ ਇਹ ਮੱਤ ਵੀ ਪ੍ਰਚੱਲਤ ਹੈ ਕਿ ਇਹ ਦਿਨ ਸ਼੍ਰੀ ਰਾਮ ਚੰਦਰ ਜੀ ਤੋਂ ਪਹਿਲਾਂ ਵੀ ਯਖ਼ਸ਼ਰਾਤ ਵਜੋਂ ਮਨਾਇਆ ਜਾਂਦਾ ਸੀ । ਉਦੋਂ ਯਖ਼ਸ਼ ਲੋਕ ਕੁਬੇਰ ਅਤੇ ਲਕਸ਼ਮੀ ਦੀ ਪੂਜਾ ਏਸੇ ਰਾਤ ਕਰਿਆ ਕਰਦੇ ਸਨ । ਸ਼੍ਰੀ ਕ੍ਰਿਸ਼ਨ ਜੀ ਵੱਲੋਂ ਕੰਸ ਨੂੰ ਮਾਰ ਕੇ ਅਗਰਸੈਨ ਦੇ ਰਾਜ ਤਿਲਕ ਵਾਲੀ ਗੱਲ ਨਾਲ ਵੀ ਇਸ ਦਿਨ ਨਾਲ ਜੋੜੀ ਜਾਂਦੀ ਹੈ ।
                ਕਹਿੰਦੇ ਹਨ ਕਿ ਇੱਕ ਵਾਰ ਇੱਕ ਔਰਤ ਨੇ ਸੱਪ ਤੋਂ ਆਪਣੇ ਪਤੀ ਨੂੰ ਬਚਾਉਂਣ ਲਈ ਲੋਕਾਂ ਨੂੰ ਦੀਵੇ ਜਗਾ ਕੇ ਚਾਨਣ ਕਰਨ ਲਈ ਕਿਹਾ,ਤਾਂ ਜੋ ਸੱਪ ਨਜ਼ਰ ਪੈ ਜਾਵੇ । ਸੱਪ ਆਇਆ ਦੀਵਿਆਂ ਦੀ ਰੌਸ਼ਨੀ ਵੇਖੀ ਅਤੇ ਵਾਪਸ ਮੁੜ ਗਿਆ । ਅੱਜ ਵੀ ਇਹ ਮੌਸਮੀ ਗੱਲ ਸਹੀ ਮੰਨੀ ਜਾਂਦੀ ਹੈ ਕਿ ਸੱਪ ਦੀਵਾਲੀ ਤੋਂ ਬਾਅਦ ਦਿਖਾਈ ਨਹੀਂ ਦਿੰਦੇ ।
                      ਵਿਗਿਆਨਕ ਤਰਕ ਅਨੁਸਾਰ ਇਹ ਤਿਓਹਾਰ ਸਫਾਈ,ਮੌਸਮ ਅਤੇ ਰੌਸ਼ਨੀ ਨਾਲ ਸਬੰਧਤ ਹੈ । ਸਮੂਹ ਵਰਗ ਦੇ ਲੋਕ ਸਮੂਹਕ ਤੌਰ ਤੇ ਸਫਾਈ ਕਰਦੇ ਹਨ । ਕਿਓਂਕਿ ਗਰਮੀ ਮਗਰੋਂ ਅੰਦਰ ਪੈਣ ਦੀ ਰੁੱਤ ਸਦਕਾ ਅਜਿਹੀ ਸਫਾਈ ਜ਼ਰੂਰੀ ਹੁੰਦੀ ਹੈ । ਸਰ੍ਹੌ ਦੇ ਤੇਲ ਵਾਲੇ ਦੀਵੇ ਨਾਲ ਵਤਾਵਰਣ ਵਿੱਚ ਖ਼ਾਸ਼ ਤਬਦੀਲੀ ਆਉਂਦੀ ਹੈ ।
                              ਪਰ ਇਹ ਸਾਰਾ ਕੁੱਝ ਉਦੋਂ ਧਰਿਆ ਧਰਾਇਆ ਹੀ ਰਹਿ ਜਾਂਦਾ ਹੈ ਜਦ ਪਟਾਖਿਆਂ, ਆਤਿਸ਼ਬਾਜ਼ੀ, ਆਦਿ ਨਾਲ ਜਿੱਥੇ ਧੁਨੀ ਪ੍ਰਦੂਸ਼ਣ ਫ਼ੈਲਦਾ ਹੈ,ਉੱਥੇ ਬਰੂਦ ਨਾਲ ਵੀ ਵਾਤਾਵਰਣ ਗੰਦਲਾ ਹੁੰਦਾ ਹੈ । ਜਿਸ ਨਾਲ ਬਿਮਾਰੀਆਂ ਫੈਲਦੀਆਂ ਹਨ । ਦਮੇ ਵਾਲੇ ਮਰੀਜ਼ਾਂ ਲਈ ਤਾਂ ਇਹ ਬੜਾ ਹੀ ਖ਼ਤਰਨਾਕ ਹੁੰਦਾ ਹੈ । ਕਈ ਲੜਾਈਆਂ,  ਹਾਦਸੇ ਵੀ ਹੋ ਜਾਂਦੇ ਹਨ । ਜੂਆ ਖੇਡਣ ਵਾਲੇ ਆਮ ਹੀ ਸ਼ਰਾਬ ਪੀ ਕੇ ਲੜ ਪੈਂਦੇ ਹਨ । ਹਜ਼ਾਰਾਂ ਨੂੰ ਇਹ ਦੀਵਿਆਂ ਦੀ ਰੌਸ਼ਨੀ ਵਾਲੀ ਰਾਤ ਪੁਲੀਸ ਦੀ ਰੌਸ਼ਨੀ ਵਿੱਚ ਵੀ ਬਿਤਾਉਣੀ ਪੈਂਦੀ ਹੈ । ਲੋੜ ਹੈ ਇਹਨਾਂ ਬੁਰਾਈਆਂ ਉੱਤੇ ਕਾਬੂ ਪਾਉਂਣ ਦੀ,ਮਨਾਂ ਦੇ ਅੰਦਰ ਤੱਕ ਨੇਕ-ਨੀਤੀ ਵਾਲੀ ਰੌਸਨੀ ਨਾਲ ਚਾਨਣ ਕਰਨ ਦੀ,ਤਾਂ ਜੋ ਇਸ ਦਿਨ ਦੀ ਅਹਿਮੀਅਤ ਵਿੱਚ ਹੋਰ ਵਾਧਾ ਕੀਤਾ ਜਾ ਸਕੇ ਅਤੇ ਚੰਗੇ ਭਾਰਤੀ ਬਣਨ ਦਾ ਮਾਣ ਹਾਸਲ ਹੋ ਸਕੇ ।
ਰਣਜੀਤ ਸਿੰਘ ਪ੍ਰੀਤ
ਭਗਤਾ(ਬਠਿੰਡਾ)-151206
ਬੇ-ਤਾਰ;98157-07232

Tuesday, October 22, 2013

ਵਰਤ ਕਰਵਾ ਚੌਥ ਕੀ ਇੱਕ ਹਊਆ ਹੈ ?



ਰਤ ਕਰਵਾ ਚੌਥ ਕੀ ਇੱਕ ਹਊਆ ਹੈ ?
                                        ਰਣਜੀਤ ਸਿੰਘ ਪਰੀਤ            
        ਪਤੀ ਦੀ ਲੰਮੀ ਉਮਰ ਦੀ ਕਾਮਨਾ ਕਰਦਿਆਂ ਕਰਵਾ ਚੌਥ ਵਰਤ ਕਤੱਕ ਵਦੀ ਚੌਥ ਨੂੰ ਸੁਹਾਗਣ ਇਸਤਰੀਆਂ ਵੱਲੋਂ ਇੱਕ ਦਿਨ ਲਈ ਰੱਖਿਆ ਜਾਂਦਾ ਹੈਮਹਿਲਾਵਾਂ ਸਵੇਰੇ ਸੂਰਜ ਨਿਕਲਣ ਤੋਂ ਪਹਿਲਾਂ ਪੇਕਿਆਂ ਤੋਂ ਸਰਗੀ ਵਿੱਚ ਆਏ ਖਾਣ-ਪਾਣ  ਦੀ ਵਰਤੋਂ ਕਰਦਿਆਂ ਵਰਤ ਸ਼ੁਰੂ ਕਰਿਆ ਕਰਦੀਆਂ ਹਨ । ਫਿਰ ਸਾਰਾ ਦਿਨ ਕੁੱਝ ਨਹੀਂ ਖਾਧਾ ਜਾਂਦਾ । ਰਾਤ ਵੇਲੇ ਚੰਦ੍ਰਮਾ ਨੂੰ ਕਰੂਏ (ਮਿੱਟੀ ਦਾ ਛੋਟਾ ਜਿਹਾ ਲੋਟਾ) ਨਾਲ ਅਰਗ ਦਿੰਦੀਆਂ ਹਨ ਅਤੇ ਪਤੀ ਦਾ ਮੂੰਹ ਵੇਖ ਕੇ ਵਰਤ ਖੋਹਲਦੀਆਂ ਹਨਕੋਰੇ ਕਰਵੇ (ਮਿੱਟੀ ਦਾ ਲੋਟਾ) ਨਾਲ ਹਰ ਸਾਲ ਇਹ ਭਾਵ ਦਰਸਾਉਂਣ ਦਾ ਯਤਨ ਕੀਤਾ ਜਾਂਦਾ ਹੈ ਕਿ ਉਹ ਵਿਆਹ ਸਮੇਂ ਵੀ ਇਸ ਕਰੂਏ ਵਾਂਗ ਕੋਰੀ ਸੀ,ਅਤੇ ਅੱਜ ਵੀ ਉਹ ਵਫਾਦਾਰ ਪਤੀ ਬਰਤਾ ਹੈ ਇਸ ਉਪਰੰਤ ਇਹ ਸਵਾਲ ਸਿਰ ਚੁੱਕਦਾ ਹੈ ਕਿ ਸਿਰਫ ਇਸਤਰੀ ਹੀ ਇਹ ਸਬੂਤ ਕਿਉਂ ਦੇਵੇ,ਇਹ ਅਸੂਲ ਤਾਂ ਮਰਦ ਉਪਰ ਵੀ ਬਰਾਬਰ ਲਾਗੂ ਹੁੰਦਾ ਹੈ ਕਿ ਉਹ ਵੀ  ਪਵਿੱਤਰ ਇਖ਼ਲਾਕ ਅਤੇ ਵਫਾਦਾਰੀ ਦਾ ਪ੍ਰਮਾਣ ਦੇਵੇ । ਅਸਲ ਵਿੱਚ ਇਹ ਰੀਤ ਇਸਤਰੀ ਨੂੰ ਪੁਰਸ਼ ਤੋਂ ਨੀਵਾਂ ਦਰਸਾਉਂਣ ਵਾਲੀ ਹੈ । ਪੁਰਸ਼ ਦੀ ਦਾਸੀ ਬਣਕੇ ਰਹਿਣ ਨੂੰ ਪ੍ਰੇਰਿਤ ਕਰਦੀ ਹੈ ।              
            ਇਸ ਵਰਤ ਨੂੰ ਖੋਹਲਣ ਤੋਂ ਪਹਿਲਾ ਪੂਰੀਆਂ ਸਜ ਧਜ ਕੇ ਇਹ ਸੁਹਾਗਣਾਂ ਆਪਣੇ ਆਪਣੇ ਹੱਥਾਂ ਵਿੱਚ ਥਾਲ ਲੈ ਕੇ ਜਿਸ ਵਿੱਚ ਮੱਠੀਆਂ, ਬਦਾਮ, ਛੁਹਾਰੇ, ਪੈਸੇ ਆਦਿ ਰੱਖੇ ਵਾਲੇ ਥਾਲ ਲੈ ਕੇ ਗੋਲ ਚੱਕਰ ਵਿੱਚ ਬੈਠਦੀਆਂ ਹਨ,ਜਿਸ ਨੂੰ ਬੇਆ ਵੀ ਕਹਿੰਦੇ ਹਨ । ਬੇਆ ਦੇ ਵਟਾਂਦਰੇ ਸਮੇਂ ਕਰਵੜਾ ਨੀ ਕਰਵੜਾਲੈ ਨੀ ਭੈਣੇ ਕਰਵੜਾ, ਲੈ ਵੀਰੋ ਕੁੜੀਏ ਕਰਵੜਾ, ਲੈ ਸਰਬ ਸੁਹਾਗਣ ਕਰਵੜਾ, ਲੈ ਇੱਛਾਵੰਤੀ ਕਰਵੜਾ, ਲੈ ਭਾਈਆਂ ਦੀ ਭੈਣੇ ਕਰਵੜਾ, ਕੱਤੀਂ ਨਾ ਅਟੇਰੀਂ ਨਾ, ਘੁੰਮ ਚਰਖੜਾ ਫੇਰੀਂ ਨਾ, ਸੁੱਤੇ ਨੂੰ ਜਗਾਈਂ ਨਾ, ਰੁੱਸੇ ਨੂੰ ਮਾਨਈਂ ਨਾ, ਪਾਟੜਾ ਸੀਵੀਂ ਨਾ…… ਕਰਵੜਾ ਵਟਾਇਆ, ਜਿਵੰਦਾ ਝੋਲੀ ਪਾਇਆ ਗਾਉਂਦੀਆਂ ਨੂੰ ਸੱਤ ਭਰਾਵਾਂ ਦੀ ਇੱਕ ਭੈਣ ਵਾਲੀ,ਪਤੀ ਦੇ ਸਰੀਰ ਵਿੱਚ 365 ਕੰਡੇ ਖੁੱਭਣ ਵਾਲੀ ਜਾਂ ਹੋਰ ਪ੍ਰਚਲਤ ਮਿਥਿਹਾਸਕ ਕਹਾਣੀਆਂ ਵਿੱਚੋਂ ਕੋਈ ਇੱਕ ਕਹਾਣੀ ਪੰਡਤਾਣੀ ਵੱਲੋਂ ਸੁਣਾ ਕੇ ਹਊਆ ਪੈਦਾ ਕੀਤਾ ਜਾਂਦਾ ਹੈ । 
                 ਸੁਣਾਈਆਂ ਜਾਂਦੀਆਂ ਕਹਾਣੀਆਂ ਦਾ ਜੇ ਪੋਸਟ ਮਾਰਟਮ ਕਰੀਏ ਤਾਂ ਕਈ ਤਰਾਂ ਦੇ ਸਵਾਲ ਪੈਦਾ ਹੋ ਜਾਂਦੇ ਹਨਕੰਡੇ ਖੁੱਬਿਆਂ ਵਾਲਾ ਰਾਜਾ ਕੌਣ ਸੀ ? ਇਹ ਕਦੋਂ ,ਕਿੱਥੇ ਰਾਜ ਕਰਦਾ ਸੀ ? ਉਸ ਦੀਆਂ ਸੂਈਆਂ ਕੱਢਣ ਲਈ ਕਿਸੇ ਵੈਦ ਨੂੰ ਕਿਉਂ ਨਾ ਸੱਦਿਆ ਗਿਆ ? ਇੱਕ ਜਾਂ ਦੋ ਦਿਨ ਵਿੱਚ ਸੂਈਆਂ ਕੱਢਣ ਦੀ ਬਜਾਇ ਇੱਕ ਸਾਲ ਕਿਓਂ ਲਗਾਇਆ ਗਿਆ ? ਅਖੀਰਲੀ ਸੂਈ ਕੱਢਣ ਤੇ ਹੀ ਰਾਜੇ ਨੂੰ ਹੋਸ਼ ਕਿਉਂ ਆਈ ?  ਕੀ ਉਹ  364 ਸੂਈਆਂ ਨਿਕਲਣ ਉਪਰੰਤ ਠੀਕ ਨਹੀਂ ਸੀ ਹੋਇਆ । ਠੀਕ ਹੋਣ ਤੇ ਉਹ ਆਪਣੀ ਪੱਤਨੀ ਦੀ ਪਹਿਚਾਣ ਕਿਵੇਂ ਭੁੱਲ ਗਿਆ ?
    ਇਸ ਤੋਂ ਇਲਾਵਾ ਆਪਣੀ ਕਿਸੇ ਮਨੌਤ ਨੂੰ ਮਨਵਾਉਣ ਲਈ ਜਾਂ ਇੱਛਾ ਦੀ ਪੂਰਤੀ ਲਈ ਭੁੱਖੇ ਪਿਆਸੇ ਰਹਿ ਕੇ ਹੱਠ ਕਰਨਾ ਇਸ ਪ੍ਰਕਿਰਿਆ ਦਾ ਜ਼ਰੂਰੀ ਅੰਗ ਹੈ, ਜਿਸਦਾ ਤੱਥਾਂ ਨਾਲ ਕੋਈ ਵਾਹ ਵਾਸਤਾ ਨਹੀਂ ਹੈਦੂਜੀ ਗੱਲ ਪਤੀ ਦੀ ਲੰਮੀ ਉਮਰ ਲਈ ਕਾਮਨਾ ਕਰਦਿਆਂ ਅਜਿਹਾ ਕਰਨਾ ਕੁਦਰਤੀ ਅਸੂਲ ਤੋਂ ਪੂਰੀ ਤਰ੍ਹਾਂ ਉਲਟ ਹੈਕੀ ਅਜਿਹੀ ਕਿਰਿਆ ਰੱਬ ਤੋਂ ਆਪਣੀ ਮੰਗ ਮਨਵਾਉਣ ਲਈ ਭੁੱਖ ਹੜਤਾਲ ਵਾਂਗ ਨਹੀਂ ਹੈ ? ਕੀ ਅਜਿਹੀ ਜ਼ਿਦ ਅਤੇ ਹੱਠ ਨਾਲ ਕੁਦਰਤ ਆਪਣਾ ਨੇਮ ਬਦਲ ਸਕਦੀ ਹੈ ? ਇਸ ਬਾਰੇ ਇਹ ਕਿਵੇਂ ਪਤਾ ਲਗਦਾ ਹੈ ਕਿ ਵਰਤਣ ਇਸਤਰੀ ਦੇ ਪਤੀ ਦੀ ਉਮਰ ਵਿੱਚ ਕਿੰਨਾਂ ਵਾਧਾ ਹੋਇਆ ਹੈ ਅਤੇ ਪਹਿਲਾਂ ਉਸ ਨੇ ਕਿੰਨੀ ਉਮਰ ਬਿਤਾਉਂਣੀ ਸੀ ? ਜ਼ਰਾ ਸੋਚੋ ਜੇਕਰ ਭੁੱਖੇ ਰਹਿਣ ਨਾਲ ਉਮਰ ਦੇ ਵਾਧੇ ਦਾ ਕੋਈ ਸਬੰਧ ਹੋਵੇ ਤਾਂ ਇਸ ਦੇਸ਼ ਵਿੱਚ ਹੀ ਕਿੰਨੇ ਲੋਕ ਹਨ ਜਿਹਨਾਂ ਨੂੰ ਰੋਟੀ ਨਸੀਬ ਨਹੀਂ ਹੁੰਦੀ ਕੀ ਉਹ ਚਿਰੰਜੀਵੀ ਬਣ ਗਏ ਹਨ ?
            ਇਸ ਰੀਤ ਵਿੱਚ ਚੰਦ੍ਰਮਾ ਨੂੰ ਦੇਵਤਾ ਮੰਨ ਕੇ ਸਾਰਾ ਕਰਮਕਾਂਡ ਵਾਪਰਦਾ ਹੈ,ਚੰਦ੍ਰਮਾ ਨੂੰ ਵੇਖ ਕੇ ਵਰਤ ਤੋੜਨਾ, ਉਸ ਨੂੰ ਜਲ ਅਰਪਿਤ ਕਰਨਾ, ਉਸ ਦੀ ਪੂਜਾ ਕਰਨੀ, ਆਦਿ ਇਸ ਰਸਮ ਦੇ ਅਹਿਮ ਹਿੱਸੇ ਹਨ। ਪਰ ਚੰਨ ਤਾਂ ਖੁਦ ਹੀ ਇੱਕ ਧਰਤੀ ਹੈ । ਵਰਤ ਰੱਖਣ ਦਾ ਇੱਕ ਵਿਸ਼ੇਸ਼ ਲਾਭ ਇਹ ਜ਼ਰੂਰ ਹੈ ਕਿ ਇਸ ਨਾਲ ਬਹੁਤ ਅਨਾਜ ਅਤੇ ਹੋਰ ਸਮਾਨ ਦੀ ਬੱਚਤ ਹੋ ਜਾਂਦੀ ਹੈ । ਸਰੀਰਕ ਸਥਿੱਤੀ ਲਈ ਵੀ ਹਰੇਕ ਨੂੰ ਹਫ਼ਤੇ ਵਿੱਚ ਇੱਕ ਦਿਨ ਦਾ ਵਰਤ ਰੱਖਣਾ ਲਾਭਕਾਰੀ ਹੈ । ਪਰ ਇਸ ਦਿਨ ਕੀਤੀ ਜਾਂਦੀ ਗਲਤ ਖਰੀਦਦਾਰੀ ਅਤੇ ਰੀਸੋ ਰੀਸੀ ਖਰਚਾ ਕਰਨਾ ਲਾਭਕਾਰੀ ਨਹੀਂ ਕਿਹਾ ਜਾ ਸਕਦਾ । ਅੱਜ ਬਹੁਤੇ ਕਤਲ ਕੇਸਾਂ ਵਿੱਚ ਇਸਤਰੀ ਦਾ ਹੱਥ ਹੋਣ ਦੇ ਵੀ ਪੁਖਤਾ ਸਬੂਤ ਮਿਲਦੇ ਹਨ ,ਇਸ ਸੰਦਰਭ ਵਿੱਚ ਕਰਵਾ ਚੌਥ ਦੇ ਵਰਤ ਦੀ ਸਥਿੱਤੀ ਛੰਨੇ ਵਿਚਲੇ ਪਾਣੀ ਵਰਗੀ ਨਹੀਂ ਜਾਪਦੀ ?        

Thursday, October 17, 2013

ਨਿ-ਆਸਰਿਆਂ ਦਾ ਆਸਰਾ ਸੀ ;ਸੰਤ ਬਾਬਾ ਮੋਹਨ ਸਿੰਘ ਜੀ



18 ਅਕਤੂਬਰ ਬਰਸੀ ਤੇ ਵਿਸ਼ੇਸ਼
  ਨਿ-ਆਸਰਿਆਂ ਦਾ ਆਸਰਾ ਸੀ ;ਸੰਤ ਬਾਬਾ ਮੋਹਨ ਸਿੰਘ ਜੀ
                               ਰਣਜੀਤ ਸਿੰਘ ਪ੍ਰੀਤ
                    ਬੇ-ਸਹਾਰਿਆਂ ਦਾ ਸਹਾਰਾ,ਨਿ-ਆਸਰਿਆਂ ਦਾ ਆਸਰਾ,ਦੀਨ ਦੁਖੀਆਂ ਦੇ ਮਸੀਹਾ,ਸੰਤ ਬਾਬਾ ਮੋਹਨ ਸਿੰਘ ਦਾ ਜਨਮ ਮਾਤਾ ਕਰਮ ਕੌਰ ਅਤੇ ਪਿਤਾ ਕੱਥਾ ਸਿੰਘ ਦੇ ਘਰ ਪਾਕਿਸਤਾਨ ਵਿੱਚ ਹੋਇਆ । ਕੁਰਸੀਆਂ ਦੀ ਵੰਡ ਲਈ ਦੇਸ਼ ਦੀ ਵੰਡ ਨੇ ਪਰਵਾਰਾਂ ਦਾ ਵੀ ਨਿਖੇੜਾ ਪਾ ਦਿੱਤਾ । ਇਸ ਦਾ ਸ਼ਿਕਾਰ ਹੋਏ ਮੋਹਨ ਸਿੰਘ ਜੀ ਨੇ ਸ਼ਰਨਾਰਥੀ ਕੈਂਪਾਂ ਵਿੱਚ ਲੋੜਵੰਦਾਂ ਦੀ ਸੇਵਾ ਸੰਭਾਲ ਦੇ ਨਾਲ ਨਾਲ ਵਿਛੜਿਆਂ ਨੂੰ ਮਿਲਾਉਂਣ ਅਤੇ ਮੁੜ ਵਸੇਬੇ ਨੂੰ ਆਪਣਾ ਧਰਮ ਬਣਾ ਲਿਆ । ਕੁੱਝ ਸਮਾਂ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਅਤੇ ਫਿਰ ਭਗਤ ਪੂਰਨ ਸਿੰਘ ਨਾਲ ਵੀ ਬਿਤਾਇਆ । 
                   ਸੇਵਾ ਭਾਵਨਾਂ ਨੂੰ ਵੇਖਦਿਆਂ ਭਗਤ ਪੂਰਨ ਸਿੰਘ ਨੇ ਪਟਿਆਲਾ ਦੇ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਵਿਖੇ ਰਿਹਾਇਸ਼ ਦਾ ਪ੍ਰਬੰਧ ਕਰਦਿਆਂ ਇਲਾਕੇ ਵਿੱਚੋਂ ਦਸਵੰਧ ਇਕੱਠਾ ਕਰਨ ਅਤੇ ਲੋੜਵੰਦਾਂ ਨੂੰ ਅੰਮ੍ਰਿਤਸਰ ਵਿਖੇ ਲਿਆਉਂਣ ਦੀ ਜ਼ਿੰਮੇਵਾਰੀ ਸੌਂਪ ਦਿੱਤੀ । ਜਦ ਅੰਮ੍ਰਿਤਸਰ ਵਿਖੇ ਲਿਜਾਏ ਲੋੜਵੰਦਾਂ ਨੂੰ ਉੱਥੇ ਜਗ੍ਹਾ ਦੀ ਘਾਟ ਕਾਰਣ ਵਾਪਸ ਪਟਿਆਲੇ ਲਿਆਉਣਾਂ ਪੈਂਦਾ ਤਾਂ ਅਜਿਹੀ ਔਖਿਆਈ ਵੇਖ ਦੁਖ ਨਿਵਾਰਨ ਸਾਹਿਬ ਦੇ ਤਤਕਾਲੀਨ ਮੈਨੇਜਰ ਅਜਾਇਬ ਸਿੰਘ ਜੀ ਨੇ ਕਿਹਾ ਕਿ ਉਹ ਇਹਨਾਂ ਸਾਰੇ ਲਾਵਾਰਸਾਂ, ਅਪਾਹਜਾਂ, ਪਾਗਲਾਂ, ਬਿਮਾਰਾਂ ਨੂੰ ਏਥੇ ਹੀ ਸੰਭਾਲਣ ਲੱਗ ਜਾਣ ।                    

                    ਇਸ ਤਹਿਤ ਹੀ ਉਹਨਾਂ ਨੇ 1983 ਵਿੱਚ ਪਾਸੀ ਰੋਡ ਤੇ ਪਾਟੀਆਂ-ਪੁਰਾਣੀਆਂ ਬੋਰੀਆਂ ਨੂੰ ਤੰਬੂ- ਕਨਾਤਾਂ ਵਾਂਗ ਲਗਾ ਕੇ ਮਜ਼ਬੂਰ- ਲਾਚਾਰਾਂ ਨੂੰ  ਸੰਭਾਲਣਾ ਸ਼ੁਰੂ ਕਰ ਦਿੱਤਾ । ਲੋੜਵੰਦਾਂ ਨੂੰ ਦੁਆਈ ਦਿਵਾਉਂਣ ਲਈ ਖੁਦ ਹੀ ਰਿਕਸ਼ਾ ਰੇਹੜੀ ਚਲਾ ਕੇ ਲਿਜਾਂਦੇ ਅਤੇ ਇਹਨਾਂ ਦੀ ਪੇਟ ਪੂਰਤੀ ਲਈ ਨੇੜਲੇ ਇਲਾਕੇ ਵਿੱਚੋਂ ਭੋਜਨ ਆਦਿ ਮੰਗ ਕੇ ਲਿਆਉਂਦੇ । ਇਸ ਰੁਝੇਵੇਂ ਦੌਰਾਂਨ ਹੀ ਬਾਬਾ ਜੀ ਦੀ ਪੱਤਨੀ ਚਰਨ ਕੌਰ ਦਾ ਵੀ ਦਿਹਾਂਤ ਹੋ ਗਿਆ ਅਤੇ ਦੋ ਕੁ ਸਾਲ ਦੇ ਛੋਟੇ ਬੇਟੇ ਬਲਬੀਰ ਸਿੰਘ ਨੂੰ ਪਟਿਆਲਾ ਦੇ ਰਾਜਿੰਦਰਾ ਦੇਵਾ ਯਤੀਮਖਾਨੇ ਵਿੱਚ ਹੀ ਬਚਪਨ ਬਿਤਾਉਂਣਾ ਪਿਆ ।

                                ਜ਼ਰੂਰਤਵੰਦਾਂ ਦੀ ਗਿਣਤੀ ਵਧਣ ਨਾਲ ਜਗ੍ਹਾ ਘਟ ਗਈ,ਤਾਂ ਮੌਕੇ ਦੇ ਡਿਪਟੀ ਕਮਿਸ਼ਨਰ ਐਸ ਕੇ ਸਿਨਾਹ ਨੇ ਸਨੌਰ ਸੜਕ ਤੇ ਜਗ੍ਹਾ ਅਲਾਟ ਕਰ ਦਿੱਤੀ । ਜਿੱਥੇ ਦਾਨੀਆਂ ਦੀ ਮਦਦ ਨਾਲ ਉਸਾਰੇ ਆਸ਼ਰਮ ਨੂੰ ਆਲ ਇੰਡੀਆ ਪਿੰਗਲਾ ਆਸ਼ਰਮ ਦੇ ਨਾਅ ਤਹਿਤ ਰਜਿਸਟਰਡ ਕਰਵਾਇਆ ਗਿਆ । ਪਰ ਸੰਤ ਬਾਬਾ ਮੋਹਨ ਸਿੰਘ ਜੀ 18 ਅਕਤੂਬਰ 1994 ਨੂੰ ਸਵਰਗ ਸੁਧਾਰ ਗਏ । ਉਹਨਾਂ ਦੀ ਬਰਸੀ ਹਰ ਸਾਲ 16 ਤੋਂ 18 ਅਕਤੂਬਰ ਤੱਕ ਮਨਾਈ ਜਾਂਦੀ ਹੈ,ਆਸ਼ਰਮ ਵਿੱਚ ਇਲਾਜ ਨਾਲ ਠੀਕ ਹੋਈਆਂ ਲੜਕੀਆਂ ਜਾਂ ਹੋਰ ਗਰੀਬ ਲੜਕੀਆਂ ਦੇ ਬਰਸੀ ਮੌਕੇ ਵਿਆਹ ਵੀ ਕੀਤੇ ਜਾਂਦੇ ਹਨ । ਇਸ ਵਾਰ 19 ਵੀਂ ਬਰਸੀ ਮੌਕੇ 11 ਲੜਕੀਆਂ ਦੇ ਵਿਆਹ ਕਰਨ ਦੇ ਨਾਲ ਨਾਲ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਲੋੜਵੰਦਾਂ ਦੇ ਮਸੀਹਾ ਸੁਰਿੰਦਰ ਪਾਲ ਸਿੰਘ ਓਬਰਾਏ ਨੂੰ ਸੰਤ ਬਾਬਾ ਮੋਹਣ ਸਿੰਘ ਮੈਮੋਰੀਅਲ ਨਿਸ਼ਕਾਮ ਸਮਾਜ ਸੇਵੀ ਸੰਤ ਰਤਨ ਐਵਾਰਡ ਦਿੱਤਾ ਜਾ ਰਿਹਾ ਹੈ । ਇਹ ਸਾਰਾ ਪ੍ਰਬੰਧ ਆਪਣੇ ਪਿਤਾ ਜੀ ਦੇ ਕਦਮ ਚਿੰਨ੍ਹਾ ਤੇ ਚਲਦਿਆਂ ਔਕੜਾਂ,ਘਾਟਾਂ ਦਾ ਸਾਹਮਣਾ ਕਰਦੇ ਮੌਜੂਦਾ ਮੁਖੀ ਬਾਬਾ ਬਲਬੀਰ ਸਿੰਘ ਜੀ ਦਾਨੀਆਂ ਦੀ ਮਦਦ ਨਾਲ ਚਲਾ ਰਹੇ ਹਨ । ਜਿੰਨ੍ਹਾਂ ਦੇ ਰੋਮ ਰੋਮ ਵਿੱਚ ਪਿਤਾ ਵਾਲੀਆਂ ਸੇਵਾ ਭਾਵਨਾਵਾਂ ਪੂਰੀ ਤਰ੍ਹਾਂ ਬਰਕਰਾਰ ਹਨ ।

Sunday, October 13, 2013

ਪਾਇਕਾ ਸਕੀਮ ਦੀਆਂ ਪੰਜਾਬ ਪੇਂਡੂ ਖੇਡਾਂ ਹੋਈਆਂ ਮੁਲਤਵੀ

     ਫੁੱਟਬਾਲ ਵਿਸ਼ਵ ਕੱਪ ਲਈ 13 ਟੀਮਾਂ ਦਾ ਹੋਇਆ ਫੈਸਲਾ
                       ਰਣਜੀਤ ਸਿੰਘ ਪ੍ਰੀਤ
              ਅਗਲੇ ਸਾਲ 13 ਜੂਨ ਤੋਂ 23 ਜੁਲਾਈ ਤੱਕ ਬਰਾਜ਼ੀਲ ਦੇ 12 ਸ਼ਹਿਰਾਂ ਵਿੱਚ ਖੇਡੇ ਜਾਣ ਵਾਲੇ ਫੁੱਟਬਾਲ ਵਿਸ਼ਵ ਕੱਪ ਲਈ 13 ਟੀਮਾਂ ਨੇ ਕੁਆਲੀਫਾਈ ਕਰ ਲਿਆ ਹੈ । ਇਹਨਾਂ ਵਿੱਚੋਂ 5 ਟੀਮਾਂ ਦਾ ਸਬੰਧ ਯੂਰਪ ਨਾਲ,4 ਦਾ ਏਸ਼ੀਆ ਨਾਲ,2 ਦਾ ਦੱਖਣੀ ਅਫਰੀਕਾ ਨਾਲ ਅਤੇ 2 ਟੀਮਾਂ ਦਾ ਸਬੰਧ ਕਾਨਕੈਫ ਖੇਟਤਰ ਨਾਲ ਹੈ । ਯੂਰਪ ਦੀਆਂ 5 ਟੀਮਾਂ ਵਿੱਚ ਨੀਦਰਲੈਂਡ,ਇਟਲੀ,ਬੈਲਜੀਅਮ,ਜਰਮਨੀ,ਸਵਿਟਜਰਲੈਂਡ,ਦੱਖਣੀ ਅਮਰੀਕਾ ਤੋਂ ਮੇਜ਼ਬਾਨ ਬਰਾਜ਼ੀਲ,ਅਰਜਨਟੀਨਾ,ਮੱਧ ਅਤੇ ਉੱਤਰੀ ਅਮਰੀਕਾ ਤੋਂ ਅਮਰੀਕਾ ਅਤੇ ਕੋਸਟਾਰੀਕਾ ਨੇ ਫਾਈਨਲ ਗੇੜ ਦਾ ਬੂਹਾ ਖੜਕਾਇਆ ਹੈ । ਜ਼ਿਕਰਯੋਗ ਹੈ ਕਿ ਸੱਭ ਤੋਂ ਵੱਧ 5 ਵਾਰ ਇਹ ਆਲਮੀ ਕੱਪ ਬਰਾਜ਼ੀਲ ਨੇ ਜਿੱਤ ਕੇ ਸਾਂਭਾਂ ਨਾਚ ਨੱਚਿਆ ਹੈ ।
ਕਬੱਡੀ ਕੱਪ ਹੁਣ 9 ਨਵੰਬਰ ਦੀ ਬਜਾਏ 30 ਨਵੰਬਰ ਨੂੰ ਹੋਵੇਗਾ ਸ਼ੁਰੂ
 ਪੰਜਾਬ ਦੀ ਧਰਤੀ 'ਤੇ 9 ਤੋਂ 23 ਨਵੰਬਰ ਤੱਕ ਹੋਣ ਵਾਲਾ ਪੁਰਸ਼ਾਂ ਦਾ ਚੌਥਾ ਤੇ ਔਰਤਾਂ ਦਾ ਤੀਸਰਾ ਕਬੱਡੀ ਵਿਸ਼ਵ ਕੱਪ ਮੁਲਤਵੀ ਕਰ ਦਿੱਤਾ ਗਿਆ ਹੈ | ਹੁਣ ਇਹ ਵਿਸ਼ਵ ਕੱਪ 30 ਨਵੰਬਰ ਤੋਂ 14 ਦਸੰਬਰ ਤੱਕ ਹੋਵੇਗਾ | ਖੇਡ ਵਿਭਾਗ ਪੰਜਾਬ ਦੇ ਡਿਪਟੀ ਡਾਇਰੈਕਟਰ ਸ੍ਰੀ ਸੋਹਨ ਲਾਲ ਲੋਟੇ ਨੇ ਕਿਹਾ ਕਿ ਵਿਸ਼ਵ ਕੱਪ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਨਾਲ ਚੱਲ ਰਹੀਆਂ ਹਨ | ਇਸ ਵਾਰ ਵਿਸ਼ਵ ਕੱਪ 'ਚ ਪੁਰਸ਼ਾਂ ਦੀਆਂ 12 ਅਤੇ ਔਰਤਾਂ ਦੀਆਂ ਅੱਠ ਟੀਮਾਂ ਹਿੱਸਾ ਲੈਣਗੀਆਂ | ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਵੰਬਰ 'ਚ ਹੋਣ ਦੀ ਸੰਭਾਵਨਾ ਕਾਰਨ ਵਿਸ਼ਵ ਕੱਪ ਮੁਲਤਵੀ ਹੋਣ ਦੀ ਚਰਚਾ ਸੀ, ਪਰ ਹੁਣ ਦਸੰਬਰ ਮਹੀਨੇ 'ਚ ਐਨ. ਆਰ. ਆਈ. ਸੰਮੇਲਨ ਹੋਣ ਕਰਕੇ ਇਸ ਦੇ ਸਮਾਂਤਰ ਹੀ 30 ਨਵੰਬਰ ਤੋਂ ਕਬੱਡੀ ਵਿਸ਼ਵ ਕੱਪ ਕਰਵਾਉਣ ਦਾ ਫ਼ੈਸਲਾ ਲਿਆ ਗਿਆ ਹੈ | ਜਿਸ ਕਰਕੇ ਪ੍ਰਵਾਸੀ ਪੰਜਾਬੀ ਸੰਮੇਲਨ ਦੇ ਨਾਲ-ਨਾਲ ਵਿਸ਼ਵ ਕੱਪ ਦਾ ਅਨੰਦ ਵੀ ਮਾਣ ਸਕਣਗੇ |
ਪਾਇਕਾ ਸਕੀਮ ਦੀਆਂ ਪੰਜਾਬ ਪੇਂਡੂ ਖੇਡਾਂ ਹੋਈਆਂ ਮੁਲਤਵੀ
ਖੇਡ ਵਿਭਾਗ ਪੰਜਾਬ ਵੱਲੋਂ ਪਾਇਕਾ ਸਕੀਮ ਅਧੀਨ ਕਰਵਾਈਆਂ ਜਾਣ ਵਾਲੀਆਂ ਪੰਜਾਬ ਰਾਜ ਪੇਂਡੂ ਖੇਡਾਂ 2013-14 ਮੁਲਤਵੀ ਕਰ ਦਿੱਤੀਆਂ ਗਈਆਂ ਹਨ | ਖੇਡ ਵਿਭਾਗ ਪੰਜਾਬ ਦੇ ਡਿਪਟੀ ਡਾਇਰੈਕਟਰ ਸ੍ਰੀ ਸੋਹਨ ਲਾਲ ਲੋਟੇ ਨੇ ਇਸ ਸਬੰਧੀ ਦੱਸਿਆ ਕਿ ਚੌਥੇ ਵਿਸ਼ਵ ਕਬੱਡੀ ਕੱਪ ਦੀਆਂ ਤਿਆਰੀਆਂ ਨੂੰ ਧਿਆਨ 'ਚ ਰੱਖਦੇ ਹੋਏ ਇਨ੍ਹਾਂ ਖੇਡਾਂ ਨੂੰ ਮੁਲਤਵੀ ਕਰਨਾ ਪਿਆ ਹੈ | ਜ਼ਿਕਰਯੋਗ ਹੈ ਕਿ ਪੰਜਾਬ ਰਾਜ ਪੇਂਡੂ ਖੇਡਾਂ (ਲੜਕੇ) ਲੁਧਿਆਣਾ ਵਿਖੇ 18 ਤੋਂ 20 ਅਕਤੂਬਰ ਤੱਕ ਅਤੇ ਲੜਕੀਆਂ ਦੀਆਂ ਖੇਡਾਂ 26 ਤੋਂ 28 ਅਕਤੂਬਰ ਤੱਕ ਜਲੰਧਰ ਵਿਖੇ ਹੋਣੀਆਂ ਸਨ | ਸ੍ਰੀ ਲੋਟੇ ਨੇ ਦੱਸਿਆ ਕਿ ਪੰਜਾਬ ਰਾਜ ਪੇਂਡੂ ਖੇਡਾਂ ਦੀਆਂ ਬਦਲੀਆਂ ਹੋਈਆਂ ਤਾਰੀਕਾਂ ਦਾ ਐਲਾਨ ਬਾਅਦ 'ਚ ਕੀਤਾ ਜਾਵੇਗਾ |
ਨਹੀਂ ਰਿਹਾ ਸਾਬਕਾ ਹਾਕੀ ਖਿਡਾਰੀ ਮੁਹੰਮਦ ਯਾਕੂਬ
ਭਾਰਤੀ ਹਾਕੀ ਟੀਮ ਦੇ ਸਾਬਕਾ ਖਿਡਾਰੀ ਅਤੇ 1958 ਟੋਕੀਓ ਏਸ਼ੀਆਈ ਹਾਕੀ ਵਿੱਚੋਂ ਚਾਂਦੀ ਦਾ ਤਗਮਾ ਜੇਤੂ ਰਹੀ ਭਾਰਤੀ ਟੀਮ ਦੇ ਮੈਂਬਰ ਮੁਹੰਮਦ ਯਾਕੂਬ ਦਾ 12 ਅਕਤੂਬਰ ਨੂੰ ਬਰੇਲੀ ਵਿੱਚ ਦਿਹਾਂਤ ਹੋ ਗਿਆ | ਉਹ 90 ਵਰਿਆਂ ਦੇ ਸਨ | ਯਾਕੂਬ ਨੇ ਆਪਣੇ 18 ਸਾਲ ਲੰਬੇ ਕੈਰੀਅਰ ਦੌਰਾਨ ਮੇਜਰ ਧਿਆਨ ਚੰਦ ਨਾਲ ਵੀ ਹਾਕੀ ਖੇਡੀ | ਉਹ ਹਾਕੀ ਦੇ ਕੌਮੀ ਅੰਪਾਇਰ ਅਤੇ ਫੁੱਟਬਾਲ ਦੇ ਕੌਮੀ ਰੈਫਰੀ ਵੀ ਰਹਿ ਚੁੱਕੇ ਸਨ |

Friday, August 30, 2013

    ਭਾਰਤ ਨੇ ਵਿਸ਼ਵ ਹਾਕੀ ਕੱਪ ਲਈ ਕੀਤਾ ਕੁਆਲੀਫਾਈ
                                        ਰਣਜੀਤ ਸਿੰਘ ਪ੍ਰੀਤ

                  ਹੁਣ ਤੋਂ ਕੁੱਝ ਸਮਾਂ ਪਹਿਲਾਂ ਹੀ ਈਪੋਹ (ਮਲੇਸ਼ੀਆ) ਦੇ ਸੁਲਤਾਨ ਅਜ਼ਲਾਨ ਸ਼ਾਹ ਸਟੇਡੀਅਮ ਵਿੱਚ ਖੇਡੇ ਗਏ ਨੌਵੇਂ ਏਸ਼ੀਆ ਕੱਪ ਦੇ ਸੈਮੀਫਾਈਨਲ ਵਿੱਚ ਭਾਰਤ ਨੇ ਮਲੇਸ਼ੀਆ ਨੂੰ 2-0 ਨਾਲ ਹਰਾ ਕੇ,ਜਿੱਥੇ ਫਾਈਨਲ ਵਿੱਚ ਦਾਖ਼ਲਾ ਪਾ ਲਿਆ ਹੈ ,ਉੱਥੇ ਅਗਲੇ ਸਾਲ ਹੇਗ ਵਿੱਚ ਹੋਣ ਵਾਲੇ ਵਿਸ਼ਵ ਹਾਕੀ ਕੱਪ ਲਈ ਕੁਆਲੀਫਾਈ ਵੀ ਕਰ ਲਿਆ ਹੈ । ਉਂਜ ਇਸ ਏਸ਼ੀਆ ਕੱਪ ਦੀ ਜੇਤੂ ਟੀਮ ਨੇ ਵਿਸ਼ਵ ਕੱਪ ਦੀ ਟਿਕਟ ਕਟਾਉਂਣੀ ਸੀ , ਪਰ ਕੋਰੀਆ ਵੱਲੋਂ ਪਹਿਲਾਂ ਹੀ ਇਹ ਟੀਚਾ ਪੂਰਾ ਕਰਨ ਦੀ ਵਜ੍ਹਾ ਕਰਕੇ ਭਾਰਤ ਦਾ ਤੀਰ ਨਿਸ਼ਾਨੇ 'ਤੇ ਲੱਗ ਗਿਆ ਹੈ । ਦੂਜੇ ਸੈਮੀਫਾਈਨਲ ਵਿੱਚ ਕੋਰੀਆ ਨੇ ਪਾਕਿਸਤਾਨ ਨੂੰ 2-1 ਨਾਲ ਹਰਾ ਕੇ ਹਾਕੀ ਵਿਸ਼ਵ ਕੱਪ ਇਤਿਹਾਸ ਵਿੱਚ ਵੱਡਾ ਉਲਟਫੇਰ ਕਰ ਦਿਖਾਇਆ ਹੈ । ਕਿਓਂਕਿ 42 ਸਾਲਾਂ ਦੌਰਾਂਨ ਇਹ ਪਹਿਲਾ ਮੌਕਾ ਹੈ ਜਦ ਪਾਕਿਸਤਾਨੀ ਹਾਕੀ ਟੀਮ ਵਿਸ਼ਵ ਕੱਪ ਤੋਂ ਬਾਹਰ ਹੋਈ ਹੈ ।

Tuesday, August 20, 2013



            ਇਤਿਹਾਸਕ ਪੱਖ ਤੋਂ ; ਰੱਖੜੀ
                                              ਰਣਜੀਤ ਸਿੰਘ ਪ੍ਰੀਤ
                    ਰੱਖੜੀ ਦਾ ਤਿਓਹਾਰ ਭੈਣ-ਭਰਾ ਦੇ ਪਿਆਰ ਦਾ ਪਰਤੀਕ ਹੈ । ਭੈਣ ਪਿਆਰ ਨਾਲ ਰੱਖੜੀ ਦਾ ਦਿਨ ਉਡੀਕਦੀ ਅਤੇ ਆਪਣੇ ਵੀਰ ਦੇ ਰੱਖੜੀ ਬੰਨ੍ਹਦੀ ਹੈ । ਪਰ ਭਰੂਣ ਹੱਤਿਆ ਨੇ ਇਸ ਤਿਓਹਾਰ ਦਾ ਰੰਗ ਵੀ ਫਿੱਕਾ ਪਾ ਦਿੱਤਾ ਹੈ । ਬਹੁਤੇ ਘਰਾਂ ਵਿੱਚ ਭਰਾ ਤਾਂ ਹਨ,ਪਰ ਰੱਖੜੀ ਬੰਨ੍ਹਣ ਵਾਲੀਆਂ ਭੈਣਾਂ ਹੀ ਨਹੀਂ ਹਨ । ਇਸ ਤੋਂ ਇਲਾਵਾ ਲਾਲਚ ਅਤੇ ਲ;ਾਲਸਾ ਵੱਸ ਕਈ ਕੇਸ ਅਜਿਹੇ ਪੜ੍ਹਨ ਸਿਣਨ ਨੂੰ ਮਿਲਦੇ ਹਨ ਕਿ ਭਰਾ ਨੇ ਭੈਣ ਦਾ ਲਤਲ ਕਰ ਦਿੱਤਾ ਜਾਂ ਜਾਇਦਾਦ ਦੇ ਲਾਲਚ ਸਦਕਾ ਭੈਣ ਨੇ ਆਪਣੇ ਭਰਾ ਨੂੰ ਹੀ ਮਰਵਾ ਦਿੱਤਾ । ਗੱਲ ਏਥੇ ਹੀ ਰੁਕਦੀ ਨਜ਼ਰ ਨਹੀਂ ਆਉਂਦੀ ਕਈ ਕੇਸ ਅਜਿਹੇ ਵੀ ਹਨ ਜਿੰਨ੍ਹਾਂ ਵਿੱਚ ਭੈਣ ਅਤੇ ਭਣੋਈਏ ਨੇ ਮਿਲ ਕੇ ਆਪਣੇ ਨਜ਼ਦੀਕੀ ਰਿਸ਼ਤੇਦਾਰ ਨੂੰ ਪਾਗਲ ਕਰਕੇ ਕਿਸੇ ਆਸ਼ਰਮ ਵਿੱਚ ਤਾਂ ਲਾ-ਵਾਰਸ ਕਹਿ ਕੇ ਛੱਡ ਆਂਦਾ,ਅਤੇ ਜਾਇਦਾਦ ਆਪ ਹੜੱਪ ਲਈ । ਮੋਟੇ ਤੌਰ ਤੇ ਇਹ ਸਮਝਣਾ ਜ਼ਰੂਰੀ ਬਣ ਗਿਆ ਹੈ ਕਿ ਕੀ ਰਿਸ਼ਤੇ ਪੈਸਿਆਂ ਦੇ ਗੁਲਾਮ ਬਣ ਕੇ ਰਹਿ ਗਏ ਹਨ ?
                     ਰੱਖੜੀ ਦਾ ਦਿਨ ਸਾਵਣ ਮਹੀਨੇ ਦੀ ਪੂਰਨਮਾਸ਼ੀ ਆਉਂਦਾ ਹੈ । ਇਹ ਦਿਨ ਪਾਕਿਸਤਾਨ ਦੇ ਕੁੱਝ ਹਿਸਿਆਂ ਤੋਂ ਇਲਾਵਾ ਨੇਪਾਲ,ਮਾਰੀਸ਼ਿਸ਼,ਅਤੇ ਭਾਰਤ ਵਿੱਚ ਮਨਾਇਆ ਜਾਂਦਾ ਹੈ । ਇਸ ਨੂੰ 6000 ਦੇ ਕਰੀਬ ਪੁਰਾਣਾ ਤਿਓਹਾਰ ਮੰਨਿਆਂ ਜਾਂਦਾ ਹੈ । ਇਹ ਆਰੀਅਨਜ਼ ਦੇ ਆਉਂਣ ਨਾਲ ਸ਼ੁਰੂ ਹੋਇਆ । ਉਹ ਹੀ ਇਸ ਨੂੰ ਇੰਦੂ ਸਭਿਅਤਾ ਸਮੇ ਦੇਸ਼ ਦੇ ਵੱਖ ਵੱਖ ਭਾਗਾਂ ਤੱਕ ਲੈ ਕੇ ਗਏ । ਅਲਕੈਗਜ਼ੈਂਡਰ ਅਤੇ ਕਿੰਗ ਪੁਰੂ ਜਦ 300 ਬੀਸੀ ਵਿੱਚ ਟੱਕਰ ਪਏ ਅਤੇ ਅਲੈਗਜ਼ੈਂਡਰ ਦੀ ਹਾਦਲਤ ਮਾੜੀ ਦਿਖਾਈ ਦੇਣ ਲੱਗੀ ਤ    ਾਂ ਉਹਦੀ ਪੱਤਨੀ ਨੇ ਪੁਰੂ ਨੂੰ ਰੱਖੜੀ ਭੇਜਦਿਆਂ ਨੁਕਸਾਨ ਨਾ ਕਰਨ ਲਈ ਕਿਹਾ । ਉਸ ਨੇ ਰੱਖੜੀ ਦੀ ਲਾਜ ਰੱਖੀ ਅਤੇ ਅਲੈਗਜ਼ੈਂਡਰ ਨੂੰ ਵਾਪਸ ਭੇਜਦਾਿਆਂ ਇਲਾਕੇ ਦਾ ਪਹਿਲਾਂ ਵਾਂਗ ਹੀ ਮੁਹਰੀ ਮੰਨ ਲਿਆ ।
                        ਮਹਾਂਭਾਰਤ ਵਿੱਚ ਕਿੰਗ ਕ੍ਰਿਸ਼ਨ ਦੀ ਸ਼ਿਸ਼ੂਪਾਲ ਨਾਲ ਜਦ ਜੰਗ ਹੋ ਗਈ ਤਾਂ ਕ੍ਰਿਸ਼ਨ ਦੇ ਹੱਥ ਉੱਤੇ ਡੂੰਘਾ ਜ਼ਖ਼ਮ ਹੋਣ ਨਾਲ ਖ਼ੂਨ ਵਗਣ ਲੱਗਿਆ । ਇਹ ਵੇਖ ਦਰੋਪਤੀ ਨੇ ਆਪਣੀ ਸਾੜੀ ਨਾਲੋਂ ਲੀਰ ਪਾੜ ਕੇ ਉਹਦੇ ਜ਼ਖ਼ਮ ਉੱਤੇ ਬੰਨ੍ਹ ਦਿੱਤੀ । ਇਸ ਦੇ ਜਵਾਬ ਵਿੱਚ ਜਦ ਕੌਰਵਾਂ ਨੇ ਦਰੋਪਤੀ ਨੂੰ ਬੇ-ਪਰਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕ੍ਰਿਸ਼ਨ ਨੇ ਹੀ ਉਹਦੀ ਮਦਦ ਕੀਤੀ । ਚਿਤੌੜ ਦੀ ਰਾਣੀ ਕਰਨਵਤੀ ਨੂੰ ਗੁਜਰਾਤ ਦੇ ਰਾਜਾ ਬਹਾਦੁਰ ਸ਼ਾਹ ਨੇ ਉਸ ਨੂੰ ਕਿਲ੍ਹੇ ਵਿੱਚ ਆ ਘੇਰਿਆ । ਆਪਣੇ ਬਚਾਅ ਲਈ ਕਰਨਵਤੀ ਨੇ ਹਮਾਊਂ ਨੂੰ ਰੱਖੜੀ ਭੇਜਦਿਆਂ ਮਦਦ ਲਈ ਬਹੁੜਨ ਲਈ ਸੱਦਾ ਭੇਜਿਆ । ਪਰ ਉਹ ਲੇਟ ਹੋ ਗਿਆ । ਉਧਰ ਰਾਣੀ ਕਰਨਵਤੀ ਨੇ ਆਪਣੀਆਂ 13000 ਹੋਰ ਸਾਥਣਾਂ ਸਮੇਤ 8 ਮਾਰਚ 1535 ਨੂੰ ਜੌਹਰ ਪ੍ਰਥਾ ਰਾਹੀਂ ਆਤਮ ਹੱਤਿਆ ਕਰ ਲਈ । ਹਮਾਯੂੰ ਦੇ ਪਹੁੰਚਣ ਦੀ ਦੇਰੀ ਸਦਕਾ ਸਾਰਾ ਕੁੱਝ ਹੀ ਬਰਬਾਦ ਹੋ ਗਿਆ । ਹਮਾਯੂੰ ਨੇ ਉੱਥੇ ਪਹੁਚਕੇ ਰਾਣੀ ਦੇ ਪੁੱਤਰ ਬਿਕਰਮਜੀਤ ਸਿੰਘ ਨੂੰ ਗੱਦੀ ਦਾ ਵਾਰਸ ਥਾਪ ਕੇ ਰੱਖੜੀ ਦੀ ਲੱਜ ਰੱਖ ਦਿਖਾਈ । ਬਹੁਤ ਸਾਰੀਆਂ ਲੜਕੀਆਂ ਸਿੰਘਾਂ ਨੂੰ ਵੀ ਆਪਣੀ ਰੱਖਿਆ ਲਈ ਰੱਖੜੀ ਬੰਨ੍ਹਿਆਂ ਕਰਦੀਆਂ ਸਨ । ਜਿੰਨ੍ਹਾਂ ਦੀ ਸਿੰਘਾਂ ਨੇ ਲਾਜ ਰਖਦਿਆਂ ਮੁਗਲ ਬਾਦਸ਼ਾਹ ਤੋਂ ਹਿੰਦੁਸਤਾਨੀ ਲੜਕੀਆਂ ਨੂੰ ਛਡਵਾਇਆ ਵੀ ਸੀ ।

                             ਪਹਿਲਾਂ ਪਹਿਲ ਅੱਜ ਵਾਂਗ ਅਨੇਕਾਂ ਕਿਸਮ ਦੀਆਂ ਰੱਖੜੀਆਂ ਬਜ਼ਾਰ ਵਿੱਚ ਨਹੀਂ ਸਨ ਵਿਕਿਆ ਕਰਦੀਆਂ, ਲੋਗੜੀ ਦੇ ਫੁੱਲਾਂ ਨਾਲ ਤਿਆਰ ਕੀਤੀ ਰੱਖੜੀ ਹੀ ਵਰਤੀ ਜਾਂਦੀ ਸੀ । ਅੱਜ ਤਾਂ ਅਮੀਰੀ ਠਾਠ-ਬਾਠ ਦਾ ਰੋਹਬ ਦਿਖਾਉਂਣ ਲਈ ਸੋਨੇ ਜਾਂ ਚਾਂਦੀ ਦੀਆਂ ਰੱਖੜੀਆਂ ਵੀ ਵਰਤੀਆਂ ਜਾਣ ਲੱਗੀਆਂ ਹਨ । ਰੱਖੜੀ ਬੰਨ੍ਹਣ ਮੌਕੇ ਜਿੱਥੇ ਭਰਾ ਆਪਣੀ ਭੈਣ ਨੂੰ ਨਗਦ ਰਾਸ਼ੀ ਦਿੰਦਾ ਹੈ,ਉੱਥੇ ਮਾਪੇ ਵੀ ਆਪਣੀ ਧੀ ਨੂੰ ਸੂਟ,ਮਠਿਆਈ ਆਦਿ ਦੇ ਕੇ ਉਹਦਾ ਮਾਣ-ਸਤਿਕਾਰ ਕਰਿਆ ਕਰਦੇ ਹਨ । ਜੇ ਇਹ ਕਹਿ ਲਈਏ ਕਿ ਅਜਿਹਾ ਮਾਣ-ਸਨਮਾਨ ਜਾਂ ਨਗਦੀ ਰਾਸ਼ੀ ਤਾਂ ਭਾਵੇਂ ਨਾ ਦਿੱਤੀ ਜਾਇਆ ਕਰੇ,ਪਰ ਭੈਣ ਭਰਾ ਦਾ ਪਿਆਰ ਜ਼ਰੂਰ ਮਜ਼ਬੂਤ ਅਤੇ ਹਮੇਸ਼ਾਂ ਤਰੋ-ਤਾਜ਼ਾ ਰਹਿਣਾ ਚਾਹੀਦਾ ਹੈ ।
ਸੰਪਰਕ;98157-07232

Tuesday, June 11, 2013


     
 

ਪੰਜਾਬੀ ਕਵੀਸ਼ਰੀ ਦਾ ਸ਼ਾਹ ਸਵਾਰ; ਬਾਬੂ ਰਜਬ ਅਲੀ
                                        ਰਣਜੀਤ ਸਿੰਘ ਪ੍ਰੀਤ  

                       ਕਵੀਸ਼ਰੀ ਦੇ ਸ਼ਾਹ ਸਵਾਰ ਬਾਬੂ ਰਜਬ ਅਲੀ ਦਾ ਜਨਮ 10 ਅਗਸਤ 1894 ਨੂੰ ਪਿਤਾ ਵਰਿਆਹ ਰਾਜਪੂਤ ਧਮਾਲੀ ਖਾਂ ਅਤੇ ਮਾਤਾ ਜਿਉਣੀ ਦੇ ਘਰ ਪਿੰਡ ਸਾਹੋ ਕੇ ,ਵਿਖੇ ਹੋਇਆ। ਬਾਬੂ ਰਜਬ ਅਲੀ ਚਾਰ ਭੈਣਾਂ ਭਾਗੀ,ਸਜਾਦੀ,ਲਾਲ ਬੀਬੀ,ਅਤੇ ਰਜਾਦੀ ਤੋਂ ਛੋਟਾ ਲਾਡਲਾ ਵੀਰ ਸੀ। ਇਸ ਪਰਿਵਾਰ ਦਾ ਪਿੱਛਾ ਪਿੰਡ ਫੂਲ ਦਾ ਸੀ,ਇਹਨਾਂ ਦੇ ਚਾਚਾ ਹਾਜੀ ਰਤਨ ਖਾਂ ਜੀ ਖ਼ੁਦ ਇੱਕ ਵਧੀਆ ਕਵੀਸ਼ਰ ਸਨ।
              ਡੀ ਬੀ ਪ੍ਰਾਇਮਰੀ ਸਕੂਲ ਬੰਬੀਹਾ ਭਾਈ ਤੋਂ ਮੁਢਲੀ ਪੜ੍ਹਾਈ ਹਾਸਲ ਕੀਤੀ,ਅਤੇ ਫਿਰ ਬ੍ਰਜਿੰਦਰਾ ਹਾਈ ਸਕੂਲ ਤੋਂ ਦਸਵੀਂ ਕਰਨ ਉਪਰੰਤ ,ਜ਼ਿਲ੍ਹਾ ਗੁਜਰਾਤ ਦੇ ਰਸੂਲ ਕਾਲਜ ਤੋਂ ਓਵਰਸੀਅਰ ( ਐੱਸ ਓ= ਸੈਕਸ਼ਨਲ ਆਫੀਸਰ) ਦਾ ਡਿਪਲੋਮਾਂ ਕਰਕੇ ਇਰੀਗੇਸ਼ਨ ਵਿਭਾਗ ਵਿੱਚ ਨੌਕਰੀ ਕਰਨ ਲਗੇ। ਵਿਦਿਆਰਥੀ ਜੀਵਨ ਸਮੇਂ ਉਹ ਵਧੀਆ ਅਥਲੀਟ,ਲੰਮੀ ਛਾਲ ਲਾਉਣ ਦੇ ਮਾਹਿਰ,ਕ੍ਰਿਕਟ ਅਤੇ ਫ਼ੁਟਬਾਲ ਖੇਡ ਦੇ ਵਧੀਆ ਖ਼ਿਡਾਰੀ ਸਨ।ਇਥੋਂ ਤੱਕ ਕਿ ਸਕੂਲ ਦੀ ਪੜ੍ਹਾਈ ਸਮੇਂ ਤਾਂ ਉਹ ਕ੍ਰਿਕਟ ਟੀਮ ਦੇ ਕਪਤਾਨ ਵੀ ਰਹੇ। ਡਿਪਲੋਮਾਂ ਕਰਨ ਸਮੇਂ ਉਹਨਾਂ ਫ਼ੁਟਬਾਲ ਖੇਡ ਦੇ ਚੰਗੇ ਖ਼ਿਡਾਰੀ ਵਜੋਂ ਜੌਹਰ ਦਿਖਾਏ।
               ਉਧਰ ਨਹਿਰੀ ਵਿਭਾਗ ਵਿੱਚ ਨੌਕਰੀ ਸ਼ੁਰੂ ਕੀਤੀ ਅਤੇ ਨਾਲ ਹੀ ਪਹਿਲੀ ਰਚਨਾਂ ਹੀਰ ਰਜਬ ਅਲੀ ਨਾਲ ਕਵੀਸ਼ਰੀ ਵਿੱਚ ਪ੍ਰਵੇਸ਼ ਕੀਤਾ। ਇਸ ਖੇਤਰ ਵਿੱਚ ਕਈ ਨਵੀਆਂ ਚੀਜ਼ਾਂ ਵੀ ਪੇਸ਼ ਕੀਤੀਆਂ। ਆਪਣੀ 25 ਵਰ੍ਹਿਆਂ ਦੀ ਨੌਕਰੀ ਦੌਰਾਨ ਦੋ ਵਾਰ ਸ਼੍ਰੋਮਣੀ ਕਵੀਸ਼ਰ ਹੋਣ ਦਾ ਖ਼ਿਤਾਬ ਹਾਸਲ ਕੀਤਾ। ਬਾਬੂ ਰਜਬ ਅਲੀ ਨੇ ਭਾਗੋ ਬੇਗਮ,ਰਹਿਮਤ ਬੀਬੀ,ਫ਼ਤਿਮਾਂ,ਅਤੇ ਦੌਲਤ ਬੀਬੀ ਨਾਲ ਚਾਰ ਨਿਕਾਹ ਕਰਵਾਏ,ਇਹਨਾਂ ਬੀਵੀਆਂ ਤੋਂ ਆਪ ਦੇ ਘਰ ਚਾਰ ਪੁੱਤਰ ਆਕਲ ਖਾਂ,ਸ਼ਮਸ਼ੇਰ ਖਾਂ,ਅਦਾਲਤ ਖਾਂ,ਅਲੀ ਸਰਦਾਰ,ਅਤੇ ਦੋ ਬੇਟੀਆਂ ਸ਼ਮਸ਼ਾਦ ਬੇਗਮ,ਗੁਲਜ਼ਾਰ ਬੇਗਮ ਨੇ ਜਨਮ ਲਿਆ।
                 ਨਾਜੁਕ ਕਲਾ ਦੇ ਮਾਲਿਕ ਤੋਂ ਨੌਕਰੀ ਦੀਆਂ ਸਮੱਸਿਆਵਾਂ ਨਾਲ ਸਮਝੌਤਾ ਨਾ ਕੀਤਾ ਗਿਆ,ਅਖ਼ੀਰ 1940 ਵਿੱਚ ਨੌਕਰੀ ਤੋਂ ਅਸਤੀਫ਼ਾ ਹੀ ਦੇ ਦਿੱਤਾ। ਰਿਹਾਇਸ਼ ਵੀ ਬਦਲ ਕੇ ਪਿੰਡ ਕਾਲਾ ਟਿੱਬਾ ਵਿਖੇ ਕਰ ਲਈ,ਜਿੱਥੇ ਉਹ 1947 ਦੀ ਵੰਡ ਤੱਕ ਰਹਿੰਦੇ ਰਹੇ। ਹਾਲਾਤਾਂ ਦੇ ਝੱਖ਼ੜ ਨੇ ਹੋਰਨਾਂ ਲੋਕਾਂ ਵਾਂਗ ਉਹਨਾਂ ਨੂੰ ਵੀ ਨਾਂ ਬਖ਼ਸ਼ਿਆ ਅਤੇ ਉਹ ਵੀ ਉਜਾੜੇ ਦੀ ਮਾਰ ਝਲਦੇ ਸਰਹੱਦੋਂ ਪਾਰ ਚਲੇ ਗਏ, ਜੋ ਰਚਨਾਂ ਉਹਨਾਂ ਨੇ ਉਧਰ ਜਾ ਕੇ ਕੀਤੀ ਉਸ ਵਿੱਚ ਮਾਲਵੇ ਦੀ ਤੜਪ,ਪਿੰਡ ਦੀ ਜੂਹ,ਪਿੰਡ ਦੀਆਂ ਗਲੀਆਂ ਆਦਿ ਦੀਆਂ ਯਾਦਾਂ ਨੂੰ ਉਹ ਉਮਰ ਭਰ ਮਨੋਂ ਨਾ ਵਿਸਾਰ ਸਕੇ,ਉਹਨਾਂ ਦੀਆਂ ਲਿਖਤਾਂ ਲੋਕ ਮਨਾਂ ਦੇ ਬਹੁਤ ਨੇੜੇ ਹਨ,ਕਈ ਵਿਦਿਆਰਥੀਆਂ ਨੇ ਉਹਨਾਂ ਦੀਆਂ ਰਚਨਾਵਾਂ ਤੋਂ ਲਾਹਾ ਲੈਂਦਿਆਂ ਪੀ ਐਚ ਡੀ,ਐਮ ਫ਼ਿਲ ਆਦਿ ਡਿਗਰੀਆਂ ਹਾਸਲ ਕੀਤੀਆਂ ਹਨ।
                 ਬਾਬੂ ਜੀ ਦੀਆਂ ਕੁੱਝ ਰਚਨਾਵਾਂ ਦੇ ਅੰਸ਼ ਲੋਕ ਮਨਾਂ ਵਿੱਚ ਅੱਜ ਵੀ ਘਰ ਪਾਈ ਬੈਠੇ ਹਨ,ਬਚਪਨ ਨੂੰ ਉਹਨਾਂ ਨੇ ਇਓਂ ਬਿਆਨ ਕੀਤਾ, ਗਾਇਕਾ ਰਣਜੀਤ ਕੌਰ ਦੀ ਅਵਾਜ਼ ਵਿੱਚ ਗਾਇਆ ਗੀਤ ਸ਼ਾਹਣੀ ਕੌਲਾਂ ਮੀਲ ਪੱਥਰ ਵਾਂਗ ਹੈ;
*  ਕਹਿਦਿਓ ਮੇਰੇ ਬਾਬੁਲ ਨੂੰ
*    ਸੁਹਣੇ ਪਿੰਡ ਦੀਏ ਸਾਹੋ ਬੀਹੇ,
    ਬਚਪਨ ਦੇ ਵਿੱਚ ਪੜ੍ਹੇ ਬੰਬੀਹੇ,
    ਮਾਪਿਆਂ ਜਿਉਂਦਿਆਂ ਤੋਂ ਸੁਖ ਭੋਗੇ,
     ਪੰਜਵੀਂ ਕਰਕੇ ਤੁਰ ਗਏ ਮੋਗੇ ।
ਅੰਗਰੇਜ਼ਾਂ ਦੇ ਡਰਨ ਦਾ ਦ੍ਰਿਸ ਵੀ ਉਹਨਾਂ ਨੇ ਇਓਂ ਕਲਮਬੰਦ ਕੀਤਾ;
  • ਅੜੇ ਅੰਗਰੇਜ਼,ਲਾਉਣ ਨਾਂ ਮੇਜ਼,
ਗੇਟਾਂ ਨੂੰ ਜੰਦਰੇ, ਹਾੜ ਨੂੰ ਅੰਦਰੇ।
ਜਿਨ੍ਹਾਂ ਜ਼ਿਮੀਦਾਰਾਂ ਦੇ ਉਹਨਾਂ ਨੇ ਕੰਮ ਕੀਤੇ ਉਹਨਾਂ ਬਾਰੇ ਉਹਨਾਂ ਦਾ ਕਹਿਣਾ ਸੀ;
  • ਜੱਟ ਦਿਲੋਂ ਭੁਲਾਉਂਦੇ ਨਾਂ,
     ਦਾਸ ਨੇ ਲਾਤੇ ਜਿਨ੍ਹਾਂ ਦੇ ਮੋਘੇ,
   ਸਰਹੱਦੋਂ ਪਾਰ ਜਾ ਕੇ ਵੀ ਉਹ ਆਪਣੇ ਸਾਥੀਆਂ,ਪਿੰਡ ਦੀਆਂ ਰੌਣਕਾਂ,ਆਦਿ ਨੂੰ ਭੁਲਾ ਨਾਂ ਸਕੇ,ਦਰਦ                                ਉਹਨਾਂ ਦੇ ਮਨ ਨੂੰ ਆਖ਼ਰੀ ਸਮੇਂ ਤੱਕ  ਝੰਜੋੜਦਾ ਰਿਹਾ;;
*   ਆਵੇ ਵਤਨ ਪਿਆਰਾ ਚੇਤੇ,
     ਖਿੱਚ ਪਾਉਂਣ ਮੁਹੱਬਤਾਂ ਜੀ,
ਸਰਹਿੰਦ ਨਹਿਰ ਦੇ ਨੇੜਲੇ ਪਿੰਡਾਂ ਨਾਲ ਜੁੜੀਆਂ ਯਾਦਾਂ ਨੂੰ ਸਮੇਟਦਾ ਇਹ ਅਲਬੇਲਾ ਸ਼ਾਇਰ ,ਆਪਣੇ ਪਲੇਠੇ ਸ਼ਗਿਰਦ ਜਗਮੇਲ ਸਿੰਘ ਬਾਜਕ ਨੂੰ ਵਧੀਆ ਲਿਖਣ ਦੀ ਪ੍ਰੇਰਨਾ ਦੇ ਕੇ 6 ਜੂਨ 1979 ਨੂੰ ਖ਼ੁਦਾ ਨੂੰ ਪਿਆਰਾ ਹੋ ਗਿਆ,ਪਰ ਹਰ ਸਾਲ ਉਸ ਦੇ ਪਿੰਡ ਵਾਸੀ ਅਤੇ ਚਹੇਤੇ ਉਸ ਨੂੰ ਯਾਦ ਕਰਨਾਂ ਨਹੀਂ ਭੁਲਿਆ ਕਰਦੇ ,ਅਤੇ ਉਹ ਵਧੀਆ ਸ਼ਾਇਰੀ ਦੀ ਯਾਦ ਨਾਲ,ਮੁਹੱਬਤਾਂ ਦਾ ਮਸੀਹਾ ਬਣਿਆਂ ਮਹਿਸੂਸ ਹੂੰਦਾ ਹੈ,ਜੋ ਇਵੇਂ ਹੀ ਜਾਪਦਾ ਰਹੇਗਾ.ਅੱਜ ਵੀ,ਕੱਲ੍ਹ ਵੀ,ਪਰਸੋਂ ਵੀ!
                    ******************************************