ਪੰਜਾਬੀ ਕਵੀਸ਼ਰੀ ਦਾ ਸ਼ਾਹ ਸਵਾਰ;
ਬਾਬੂ ਰਜਬ ਅਲੀ
ਰਣਜੀਤ ਸਿੰਘ ਪ੍ਰੀਤ
ਕਵੀਸ਼ਰੀ ਦੇ
ਸ਼ਾਹ ਸਵਾਰ ਬਾਬੂ ਰਜਬ ਅਲੀ ਦਾ ਜਨਮ 10 ਅਗਸਤ 1894 ਨੂੰ ਪਿਤਾ ਵਰਿਆਹ ਰਾਜਪੂਤ ਧਮਾਲੀ ਖਾਂ ਅਤੇ
ਮਾਤਾ ਜਿਉਣੀ ਦੇ ਘਰ ਪਿੰਡ ਸਾਹੋ ਕੇ ,ਵਿਖੇ ਹੋਇਆ। ਬਾਬੂ ਰਜਬ ਅਲੀ ਚਾਰ ਭੈਣਾਂ ਭਾਗੀ,ਸਜਾਦੀ,ਲਾਲ
ਬੀਬੀ,ਅਤੇ ਰਜਾਦੀ ਤੋਂ ਛੋਟਾ ਲਾਡਲਾ ਵੀਰ ਸੀ। ਇਸ ਪਰਿਵਾਰ ਦਾ ਪਿੱਛਾ ਪਿੰਡ ਫੂਲ ਦਾ ਸੀ,ਇਹਨਾਂ
ਦੇ ਚਾਚਾ ਹਾਜੀ ਰਤਨ ਖਾਂ ਜੀ ਖ਼ੁਦ ਇੱਕ ਵਧੀਆ ਕਵੀਸ਼ਰ ਸਨ।
ਡੀ ਬੀ ਪ੍ਰਾਇਮਰੀ ਸਕੂਲ
ਬੰਬੀਹਾ ਭਾਈ ਤੋਂ ਮੁਢਲੀ ਪੜ੍ਹਾਈ ਹਾਸਲ ਕੀਤੀ,ਅਤੇ ਫਿਰ ਬ੍ਰਜਿੰਦਰਾ ਹਾਈ ਸਕੂਲ ਤੋਂ ਦਸਵੀਂ ਕਰਨ
ਉਪਰੰਤ ,ਜ਼ਿਲ੍ਹਾ ਗੁਜਰਾਤ ਦੇ ਰਸੂਲ ਕਾਲਜ ਤੋਂ ਓਵਰਸੀਅਰ ( ਐੱਸ ਓ= ਸੈਕਸ਼ਨਲ ਆਫੀਸਰ) ਦਾ
ਡਿਪਲੋਮਾਂ ਕਰਕੇ ਇਰੀਗੇਸ਼ਨ ਵਿਭਾਗ ਵਿੱਚ ਨੌਕਰੀ ਕਰਨ ਲਗੇ। ਵਿਦਿਆਰਥੀ ਜੀਵਨ ਸਮੇਂ ਉਹ ਵਧੀਆ
ਅਥਲੀਟ,ਲੰਮੀ ਛਾਲ ਲਾਉਣ ਦੇ ਮਾਹਿਰ,ਕ੍ਰਿਕਟ ਅਤੇ ਫ਼ੁਟਬਾਲ ਖੇਡ ਦੇ ਵਧੀਆ ਖ਼ਿਡਾਰੀ ਸਨ।ਇਥੋਂ ਤੱਕ
ਕਿ ਸਕੂਲ ਦੀ ਪੜ੍ਹਾਈ ਸਮੇਂ ਤਾਂ ਉਹ ਕ੍ਰਿਕਟ ਟੀਮ ਦੇ ਕਪਤਾਨ ਵੀ ਰਹੇ। ਡਿਪਲੋਮਾਂ ਕਰਨ ਸਮੇਂ
ਉਹਨਾਂ ਫ਼ੁਟਬਾਲ ਖੇਡ ਦੇ ਚੰਗੇ ਖ਼ਿਡਾਰੀ ਵਜੋਂ ਜੌਹਰ ਦਿਖਾਏ।
ਉਧਰ ਨਹਿਰੀ ਵਿਭਾਗ
ਵਿੱਚ ਨੌਕਰੀ ਸ਼ੁਰੂ ਕੀਤੀ ਅਤੇ ਨਾਲ ਹੀ ਪਹਿਲੀ ਰਚਨਾਂ “ਹੀਰ ਰਜਬ ਅਲੀ” ਨਾਲ ਕਵੀਸ਼ਰੀ ਵਿੱਚ ਪ੍ਰਵੇਸ਼ ਕੀਤਾ। ਇਸ ਖੇਤਰ ਵਿੱਚ ਕਈ ਨਵੀਆਂ ਚੀਜ਼ਾਂ ਵੀ ਪੇਸ਼
ਕੀਤੀਆਂ। ਆਪਣੀ 25 ਵਰ੍ਹਿਆਂ ਦੀ ਨੌਕਰੀ ਦੌਰਾਨ ਦੋ ਵਾਰ ਸ਼੍ਰੋਮਣੀ ਕਵੀਸ਼ਰ ਹੋਣ ਦਾ ਖ਼ਿਤਾਬ
ਹਾਸਲ ਕੀਤਾ। ਬਾਬੂ ਰਜਬ ਅਲੀ ਨੇ ਭਾਗੋ ਬੇਗਮ,ਰਹਿਮਤ ਬੀਬੀ,ਫ਼ਤਿਮਾਂ,ਅਤੇ ਦੌਲਤ ਬੀਬੀ ਨਾਲ ਚਾਰ
ਨਿਕਾਹ ਕਰਵਾਏ,ਇਹਨਾਂ ਬੀਵੀਆਂ ਤੋਂ ਆਪ ਦੇ ਘਰ ਚਾਰ ਪੁੱਤਰ ਆਕਲ ਖਾਂ,ਸ਼ਮਸ਼ੇਰ ਖਾਂ,ਅਦਾਲਤ
ਖਾਂ,ਅਲੀ ਸਰਦਾਰ,ਅਤੇ ਦੋ ਬੇਟੀਆਂ ਸ਼ਮਸ਼ਾਦ ਬੇਗਮ,ਗੁਲਜ਼ਾਰ ਬੇਗਮ ਨੇ ਜਨਮ ਲਿਆ।
ਨਾਜੁਕ ਕਲਾ ਦੇ
ਮਾਲਿਕ ਤੋਂ ਨੌਕਰੀ ਦੀਆਂ ਸਮੱਸਿਆਵਾਂ ਨਾਲ ਸਮਝੌਤਾ ਨਾ ਕੀਤਾ ਗਿਆ,ਅਖ਼ੀਰ 1940 ਵਿੱਚ ਨੌਕਰੀ ਤੋਂ
ਅਸਤੀਫ਼ਾ ਹੀ ਦੇ ਦਿੱਤਾ। ਰਿਹਾਇਸ਼ ਵੀ ਬਦਲ ਕੇ ਪਿੰਡ ਕਾਲਾ ਟਿੱਬਾ ਵਿਖੇ ਕਰ ਲਈ,ਜਿੱਥੇ ਉਹ 1947
ਦੀ ਵੰਡ ਤੱਕ ਰਹਿੰਦੇ ਰਹੇ। ਹਾਲਾਤਾਂ ਦੇ ਝੱਖ਼ੜ ਨੇ ਹੋਰਨਾਂ ਲੋਕਾਂ ਵਾਂਗ ਉਹਨਾਂ ਨੂੰ ਵੀ ਨਾਂ
ਬਖ਼ਸ਼ਿਆ ਅਤੇ ਉਹ ਵੀ ਉਜਾੜੇ ਦੀ ਮਾਰ ਝਲਦੇ ਸਰਹੱਦੋਂ ਪਾਰ ਚਲੇ ਗਏ, ਜੋ ਰਚਨਾਂ ਉਹਨਾਂ ਨੇ ਉਧਰ
ਜਾ ਕੇ ਕੀਤੀ ਉਸ ਵਿੱਚ ਮਾਲਵੇ ਦੀ ਤੜਪ,ਪਿੰਡ ਦੀ ਜੂਹ,ਪਿੰਡ ਦੀਆਂ ਗਲੀਆਂ ਆਦਿ ਦੀਆਂ ਯਾਦਾਂ ਨੂੰ
ਉਹ ਉਮਰ ਭਰ ਮਨੋਂ ਨਾ ਵਿਸਾਰ ਸਕੇ,ਉਹਨਾਂ ਦੀਆਂ ਲਿਖਤਾਂ ਲੋਕ ਮਨਾਂ ਦੇ ਬਹੁਤ ਨੇੜੇ ਹਨ,ਕਈ
ਵਿਦਿਆਰਥੀਆਂ ਨੇ ਉਹਨਾਂ ਦੀਆਂ ਰਚਨਾਵਾਂ ਤੋਂ ਲਾਹਾ ਲੈਂਦਿਆਂ ਪੀ ਐਚ ਡੀ,ਐਮ ਫ਼ਿਲ ਆਦਿ ਡਿਗਰੀਆਂ
ਹਾਸਲ ਕੀਤੀਆਂ ਹਨ।
ਬਾਬੂ ਜੀ ਦੀਆਂ ਕੁੱਝ
ਰਚਨਾਵਾਂ ਦੇ ਅੰਸ਼ ਲੋਕ ਮਨਾਂ ਵਿੱਚ ਅੱਜ ਵੀ ਘਰ ਪਾਈ ਬੈਠੇ ਹਨ,ਬਚਪਨ ਨੂੰ ਉਹਨਾਂ ਨੇ ਇਓਂ ਬਿਆਨ
ਕੀਤਾ, ਗਾਇਕਾ ਰਣਜੀਤ ਕੌਰ ਦੀ ਅਵਾਜ਼ ਵਿੱਚ ਗਾਇਆ ਗੀਤ ਸ਼ਾਹਣੀ ਕੌਲਾਂ ਮੀਲ ਪੱਥਰ ਵਾਂਗ ਹੈ;
* ਕਹਿਦਿਓ ਮੇਰੇ ਬਾਬੁਲ ਨੂੰ
* ਸੁਹਣੇ ਪਿੰਡ ਦੀਏ ਸਾਹੋ ਬੀਹੇ,
ਬਚਪਨ ਦੇ ਵਿੱਚ ਪੜ੍ਹੇ ਬੰਬੀਹੇ,
ਮਾਪਿਆਂ ਜਿਉਂਦਿਆਂ ਤੋਂ ਸੁਖ ਭੋਗੇ,
ਪੰਜਵੀਂ ਕਰਕੇ ਤੁਰ ਗਏ ਮੋਗੇ ।
ਅੰਗਰੇਜ਼ਾਂ ਦੇ ਡਰਨ ਦਾ ਦ੍ਰਿਸ ਵੀ ਉਹਨਾਂ ਨੇ ਇਓਂ ਕਲਮਬੰਦ
ਕੀਤਾ;
- ਅੜੇ ਅੰਗਰੇਜ਼,ਲਾਉਣ ਨਾਂ ਮੇਜ਼,
ਗੇਟਾਂ ਨੂੰ ਜੰਦਰੇ, ਹਾੜ ਨੂੰ ਅੰਦਰੇ।
ਜਿਨ੍ਹਾਂ ਜ਼ਿਮੀਦਾਰਾਂ ਦੇ ਉਹਨਾਂ ਨੇ ਕੰਮ ਕੀਤੇ ਉਹਨਾਂ ਬਾਰੇ
ਉਹਨਾਂ ਦਾ ਕਹਿਣਾ ਸੀ;
- ਜੱਟ ਦਿਲੋਂ ਭੁਲਾਉਂਦੇ ਨਾਂ,
ਦਾਸ ਨੇ
ਲਾਤੇ ਜਿਨ੍ਹਾਂ ਦੇ ਮੋਘੇ,
ਸਰਹੱਦੋਂ ਪਾਰ ਜਾ ਕੇ ਵੀ ਉਹ ਆਪਣੇ
ਸਾਥੀਆਂ,ਪਿੰਡ ਦੀਆਂ ਰੌਣਕਾਂ,ਆਦਿ ਨੂੰ ਭੁਲਾ ਨਾਂ ਸਕੇ,ਦਰਦ ਉਹਨਾਂ ਦੇ ਮਨ ਨੂੰ ਆਖ਼ਰੀ ਸਮੇਂ ਤੱਕ ਝੰਜੋੜਦਾ ਰਿਹਾ;;
* ਆਵੇ ਵਤਨ
ਪਿਆਰਾ ਚੇਤੇ,
ਖਿੱਚ ਪਾਉਂਣ
ਮੁਹੱਬਤਾਂ ਜੀ,
ਸਰਹਿੰਦ ਨਹਿਰ ਦੇ ਨੇੜਲੇ ਪਿੰਡਾਂ ਨਾਲ ਜੁੜੀਆਂ ਯਾਦਾਂ ਨੂੰ
ਸਮੇਟਦਾ ਇਹ ਅਲਬੇਲਾ ਸ਼ਾਇਰ ,ਆਪਣੇ ਪਲੇਠੇ ਸ਼ਗਿਰਦ ਜਗਮੇਲ ਸਿੰਘ ਬਾਜਕ ਨੂੰ ਵਧੀਆ ਲਿਖਣ ਦੀ
ਪ੍ਰੇਰਨਾ ਦੇ ਕੇ 6 ਜੂਨ 1979 ਨੂੰ ਖ਼ੁਦਾ ਨੂੰ ਪਿਆਰਾ ਹੋ ਗਿਆ,ਪਰ ਹਰ ਸਾਲ ਉਸ ਦੇ ਪਿੰਡ ਵਾਸੀ
ਅਤੇ ਚਹੇਤੇ ਉਸ ਨੂੰ ਯਾਦ ਕਰਨਾਂ ਨਹੀਂ ਭੁਲਿਆ ਕਰਦੇ ,ਅਤੇ ਉਹ ਵਧੀਆ ਸ਼ਾਇਰੀ ਦੀ ਯਾਦ ਨਾਲ,ਮੁਹੱਬਤਾਂ
ਦਾ ਮਸੀਹਾ ਬਣਿਆਂ ਮਹਿਸੂਸ ਹੂੰਦਾ ਹੈ,ਜੋ ਇਵੇਂ ਹੀ ਜਾਪਦਾ ਰਹੇਗਾ.ਅੱਜ ਵੀ,ਕੱਲ੍ਹ ਵੀ,ਪਰਸੋਂ ਵੀ!
******************************************