ਰਣਜੀਤ ਸਿੰਘ ਪ੍ਰੀਤ
ਜਦੋਂ
ਲੜਕੀ ਲਈ ਘਰੋਂ ਬਾਹਰ ਜਾਣਾ,ਪੜ੍ਹਾਈ ਕਰਨਾ,ਸੁੰਦਰ ਕਪੜੇ ਪਹਿਨਣਾ ਸਮਾਜ ਦੀਆਂ ਨਜ਼ਰਾਂ ਵਿੱਚ ਦਾਲ
ਵਿਚਲੇ ਕੋਕੜੂਆਂ ਵਾਂਗ ਸੀ, ਠੀਕ ਉਸ ਸਮੇ ਪ੍ਰਕਾਸ਼ ਕੌਰ ਅਤੇ ਫਿਰ ਸੁਰਿੰਦਰ ਕੌਰ ਨੇ ਉਸਦੀ ਰੀਸੋ-ਰੀਸੀ
ਇਹਨਾਂ ਗੱਲਾਂ ਤੋਂ ਬਗਾਵਤ ਕਰਦਿਆਂ ਸ਼ਰੇਆਮ ਗਾਇਕੀ ਖੇਤਰ ਨੂੰ ਅਪਣਾਇਆ । ਜਿਸ ਨੂੰ ਲੋਕ ਨਫ਼ਰਤ
ਕਰਿਆ ਕਰਦੇ ਸਨ । ਨਾਈਟਿੰਗੇਲ ਆਫ਼ ਪੰਜਾਬ ਅਖਵਾਈ ਸੁਰਿੰਦਰ ਕੌਰ ਦਾ ਜਨਮ ਲਾਹੌਰ ਵਿੱਚ 25 ਨਵੰਬਰ
1929 ਪਿਤਾ ਨੂੰ ਪਿਤਾ ਬਿਸ਼ਨ ਦਾਸ ਅਤੇ ਮਾਤਾ ਮਾਇਆ ਦੇਵੀ ਦੇ ਘਰ ਹੋਇਆ। ਉਸ ਦੀਆਂ ਚਾਰ ਭੈਣਾਂ, (ਪ੍ਰਕਾਸ਼ ਕੌਰ, ਮੁਹਿੰਦਰ ਕੌਰ, ਮਨਜੀਤ ਕੌਰ,
ਤੇ ਨਰਿੰਦਰ ਕੌਰ) ਅਤੇ ਪੰਜ ਭਰਾ ਸਨ। ਪਰ
ਹੁਣ ਇਹਨਾਂ ਵਿੱਚੋਂ ਮਨਜੀਤ ਕੌਰ ਦਾ ਸਾਥ ਹੀ ਉਸ ਲਈ ਬਾਕੀ ਰਹਿ ਗਿਆ ਸੀ । ਬਾਰਾਂ ਸਾਲ ਦੀ ਉਮਰ ਵਿਚ ਸੁਰਿੰਦਰ ਕੌਰ ਆਪਣੀ ਵੱਡੀ ਭੈਣ ਪ੍ਰਕਾਸ਼ ਕੌਰ
ਦੇ ਨਾਲ ਹੀ ਮੁਸਲਿਮ ਉਸਤਾਦ ਇਨਾਇਤ ਹੁਸੈਨ ਅਤੇ ਹਿੰਦੂ ਉਸਤਾਦ ਪੰਡਿਤ ਮਨੀ ਪ੍ਰਸ਼ਾਦ ਤੋਂ ਸ਼ਾਸਤਰੀ ਸੰਗੀਤ
ਦੀ ਸਿਖਿਆ ਹਾਸਲ ਕਰਨ ਲੱਗੀ | ਜਿਸ ਦੀ
ਬਦੌਲਤ ਅਗਸਤ 1943
ਵਿਚ ਸੁਰਿੰਦਰ ਕੌਰ ਨੇ 13 ਸਾਲ ਦੀ ਉਮਰ ਵਿਚ ਪਹਿਲੀ ਵਾਰ ਲਾਹੋਰ ਰੇਡੀਓ ਤੇ ਗਾਇਆ | ਏਸੇ ਸਾਲ ਦੀ 31 ਅਗਸਤ ਨੂੰ ਐਚ ਐਮ ਵੀ ਨੇ ਦੋਹਾਂ
ਭੈਣਾਂ ਦੀ ਆਵਾਜ਼ ਵਿੱਚ ਪਹਿਲਾ ਗੀਤ “ਮਾਵਾਂ ਤੇ ਧੀਆਂ ਰਲ ਬੈਠੀਆਂ ” ਰਿਕਾਰਡ ਕਰਿਆ , ਜੋ ਬਹੁਤ ਸਲਾਹਿਆ ਗਿਆ ।
ਦੇਸ਼ ਵੰਡ ਸਮੇ ਉਹ ਪਰਿਵਾਰ ਦੇ
ਨਾਲ ਹੀ ਗਾਜ਼ੀਆਬਾਦ (ਦਿੱਲੀ) ਆ ਵਸੀ ਅਤੇ ਫੇਰ ਮੁੰਬਈ । ਓਥੇ
ਉਸਨੇ 1948 ਵਿਚ ਪਿਠਵਰਤੀ ਗਾਇਕਾ ਵਜੋਂ ਫਿਲਮ “ਸ਼ਹੀਦ” ਲਈ ਯਾਦਗਾਰੀ ਗੀਤ “ਬਦਨਾਮ ਨਾ
ਹੋ ਜਾਏ ਮੁਹਬਤ
ਕਾ ਫ਼ਸਾਨਾ” ਰਿਕਾਰਡ ਕਰਵਇਆ | ਸਨ 1952 ‘ਚ ਵਾਪਸ ਦਿੱਲੀ ਪਰਤੀ
ਸੁਰਿੰਦਰ ਦਾ ਵਿਆਹ ਦਿੱਲੀ ਯੂਨੀਵਰਸਿਟੀ ਵਿਚ ਪੰਜਾਬੀ ਸਾਹਿਤ ਦੇ ਲੇਕਚਰਾਰ ਜੋਗਿੰਦਰ ਸਿੰਘ ਸੋਢੀ ਨਾਲ ਕਰ ਦਿੱਤਾ ਗਿਆ । ਜੋ ਉਸਦਾ ਵਿਸ਼ੇਸ਼ ਸਹਾਇਕ ਅਤੇ
ਸਹਿਯੋਗੀ ਬਣਿਆਂ । ਆਪ ਦੇ ਘਰ ਤਿੰਨ ਲੜਕੀਆਂ ਨੇ ਜਨਮ ਲਿਆ ,ਜਿੰਨ੍ਹਾਂ ਵਿੱਚੋਂ ਵੱਡੀ ਡੌਲੀ
ਗੁਲੇਰੀਆਂ ਪੰਜਾਬੀ ਦੀ ਨਾਮਵਰ ਗਾਇਕਾ ਹੈ । *ਚੰਨ ਕਿਥਾ ਗੁਜਰੀ ਆ ਰਾਤ ਵੇ”,”*ਲੱਠੇ ਦੀ ਚਾਦਰ” ,” *ਸ਼ੋਕਣ ਮੇਲੇ ਦੀ” ,” *ਗੋਰੀ ਦੀਆਂ ਝਾਂਜਰਾਂ” “*ਸੜਕੇ-ਸੜਕੇ ਜਾਂਦੀਏ ਮੁਟਿਆਰੇ”* ਮਾਵਾਂ ਤੇ ਧੀਆਂ”, *“ਜੁੱਤੀ
ਕਸੂਰੀ ਪੈਰੀ ਨਾ ਪੂਰੀ”, *“ਮਧਾਣੀਆਂ”, *“ਇਹਨਾ
ਅੱਖੀਆ ‘ਚ ਪਾਵਾਂ ਕਿਵੇਂ ਕਜਲਾ”
* “ਗਮਾਂ ਦੀ ਰਾਤ ਲੰਮੀ ਏ ਜਾਂ ਮੇਰੇ ਗੀਤ” *“ਸੂਹੇ
ਵੇ ਚੀਰੇ ਵਾਲਿਆ” ਵਰਗੇ ਕਈ ਯਾਦਗਾਰੀ
ਗੀਤ ਵੀ ਰਿਕਾਰਡ ਕਰਵਾਏ | ਇਹੋ ਜਿਹੇ ਸਦਾ
ਬਹਾਰ ਗੀਤਾਂ ਦੀ ਗਾਇਕਾ ਨੇ ਬਾਬਾ ਬੁਲੇ ਸ਼ਾਹ ਦੀਆਂ ਕਾਫੀਆਂ ਤੋਂ ਇਲਾਵਾ ਨੰਦ ਲਾਲ ਨੂਰਪੁਰੀ ,
ਅਮ੍ਰਿਤਾ ਪ੍ਰੀਤਮ ,ਮੋਹਨ ਸਿੰਘ ਅਤੇ ਸ਼ਿਵ ਕੁਮਾਰ ਬਟਾਲਵੀ ਦੇ ਗੀਤਾਂ ਨੁੰ ਪ੍ਰਮੁੱਖਤਾ
ਦਿੱਤੀ ।
ਆਸਾ ਸਿੰਘ ਮਸਤਾਨਾ,ਕਰਨੈਲ ਗਿੱਲ,ਹਰਚਰਨ ਗਰੇਵਾਲ , ਰੰਗੀਲਾ ਜੱਟ ਅਤੇ ਦੀਦਾਰ ਸੰਧੂ ਨਾਲ ਦੋਗਾਨਿਆ ਸਮੇਤ 2000 ਤੋਂ ਵਧੇਰੇ ਗੀਤ ਰਿਕਾਰਡ ਕਰਵਾਉਂਣ ਵਾਲੀ ਅਤੇ ਕਈ ਮੁਲਕਾਂ ਦੇ ਸਫ਼ਲ ਟੂਰ ਲਾਉਂਣ ਵਾਲੀ ਸੁਰਿੰਦਰ ਦੇ ਗੀਤਾਂ ਦੀ ਉਦੋਂ ਲੈਅ ਹੀ ਬਦਲ ਗਈ ਜਦ 1975 ਵਿੱਚ ਉਸ ਦੇ ਪਤੀ ਨੂੰ ਮੌਤ ਨੇ ਦਬੋਚ ਲਿਆ । ਪਰ ਉਹ ਕਸੀਸ ਵੱਟ ਇਹਨਾਂ ਹਾਲਾਤਾਂ ਵਿੱਚ ਆਪਣੀ ਬੇਟੀ ਰੁਪਿੰਦਰ ਕੌਰ (ਡੌਲੀ ਗੁਲੇਰੀਆ) ਅਤੇ ਦੋਹਤੀ ਸੁਨੈਨਾ ਨਾਲ ਮਿਲਕੇ ਗਾਉਂਦੀ ਰਹੀ । “ਸੁਰਿੰਦਰ ਕੌਰ: ਦ ਥ੍ਰੀ ਜਨਰੇਸ਼ਨਸ” ਨਾਅ ਦੀ ਐਲਬਮ ਵੀ 1995 ਵਿਚ ਰਿਲੀਜ ਹੋਈ ।
ਪੰਜਾਬ ਦੀ ਕੋਇਲ, ਸੰਗੀਤ ਨਾਟਕ ਅਕੈਡਮੀ
ਐਵਾਰਡ (1984),ਮਿਲੇਨੀਅਮ ਪੰਜਾਬੀ ਸਿੰਗਰ ਐਵਾਰਡ,ਪਦਮ ਸ਼੍ਰੀ ਐਵਾਰਡ (2006),ਗੁਰੂ ਨਾਨਕ ਦੇਵ
ਯੂਨੀਵਰਸਿਟੀ ਵੱਲੋਂ ਡਾਕਟਰੇਟ ਦੀ ਡਿਗਰੀ (2002),ਇੰਡੀਅਨ ਨੈਸ਼ਨਲ ਅਕੈਡਮੀ ਸੰਗੀਤ ਡਾਨਸ ਅਤੇ
ਥਿਏਟਰ ਵਰਗੇ ਐਵਾਰਡ-ਸਨਮਾਨ ਹਾਸਲ ਕਰਨ ਵਾਲੀ ਸੁਰਿੰਦਰ ਕੌਰ ਆਪਣੀ ਮਿੱਟੀ ਦੇ ਮੋਹ ਦੀ ਮਾਰੀ 2004
ਵਿੱਚ ਪੰਚਕੂਲਾ ਜਾ ਵਸੀ । ਉਸ ਨੇ ਜੀਰਕਪੁਰ ਵਿਖੇ ਵੀ ਘਰ ਬਣਾਇਆ । ਪਰ 22 ਦਸੰਬਰ 2005 ਨੂੰ ਉਹ
ਹਰਟ ਅਟੈਕ ਦਾ ਸ਼ਿਕਾਰ ਹੋ ਗਈ ਅਤੇ ਪੰਚਕੂਲਾ ਦੇ ਜਨਰਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ । ਠੀਕ
ਹੋਣ ਉਪਰੰਤ ਦਿੱਲੀ ਵਿਖੇ ਜਨਵਰੀ 2006 ਵਿੱਚ ਉਹ ਪਦਮ ਸ਼੍ਰੀ ਐਵਾਰਡ ਹਾਸਲ ਕਰਨ ਲਈ ਵੀ ਪਹੁੰਚੀ । ਸਿਹਤ
ਦੀ ਖ਼ਰਾਬੀ ਸਦਕਾ 2006 ਵਿੱਚ ਉਸ ਨੂੰ ਇਲਾਜ ਲਈ ਅਮਰੀਕਾ ਵਿਖੇ ਰਹਿੰਦੀਆਂ ਆਪਣੀਆਂ ਲੜਕੀਆਂ ਕੋਲ
ਜਾਣਾ ਪਿਆ । ਜਿੱਥੇ ਉਸ ਨੂੰ ਨਿਊ ਜਰਸੀ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ । ਪਰ
ਹਸਪਤਾਲ ਵਿੱਚ ਹੀ ਪੰਜਾਬ ਦੀ ਇਸ ਮਹਾਂਨ ਗਾਇਕਾ ਨੇ 15 ਜੂਨ 2006 ਨੂੰ ਆਖ਼ਰੀ ਸਾਹ ਲਿਆ ।
ਪੰਜਾਬੀਆਂ ਵਿੱਚ ਸੋਗ ਦੀ ਲਹਿਰ ਫੈਲ ਗਈ । ਅੱਜ ਉਹ ਜਿਸਮਾਨੀ ਤੌਰ ‘ਤੇ ਤਾਂ ਭਾਵੇਂ ਸਾਡੇ ਵਿੱਚ ਨਹੀਂ ਰਹੀ,ਪਰ ਆਪਣੀ ਕਲਾ ਸਹਾਰੇ ਉਹ ਚੇਤਿਆਂ ਵਿੱਚੋਂ ਦੂਰ
ਨਹੀਂ ਜਾ ਸਕਦੀ । ਖ਼ਾਸ਼ਕਰ ਉਤਨੀ ਦੇਰ,ਜਿਤਨੀ ਦੇਰ ਤੱਕ ਸਾਫ਼-ਸੁਥਰੀ ਗਾਇਕੀ ਗਾਉਂਣ ਅਤੇ ਸੁਣਨ
ਵਾਲੇ ਮੌਜੂਦ ਹਨ ।
ਰਣਜੀਤ ਸਿੰਘ ਪ੍ਰੀਤ
ਭਗਤਾ (ਬਠਿੰਡਾ)-151206
ਬੇ-ਤਾਰ;98157-07232
No comments:
Post a Comment