ਰਣਜੀਤ ਸਿੰਘ ਪ੍ਰੀਤ
ਭਾਰਤੀ ਹਾਕੀ ਦੇ ਸੁਨਿਹਰੀ ਦੌਰ ਨੂੰ ਦੁਨੀਆਂ ਜਾਣਦੀ
ਹੈ। ਇਸ ਦੌਰ ਦੌਰਾਂਨ ਹਾਕੀ ਦੇ ਨਾਇਕ ਵੀ ਕਿਸੇ ਤੋਂ ਭੁੱਲੇ ਨਹੀਂ ਹਨ । ਭਾਰਤ ਵਿੱਚ ਭਾਵੇਂ
ਇਹਨਾਂ ਨਾਇਕਾਂ ਦੀ ਸਥਿੱਤੀ ਅਜੋਕੀ ਹਾਕੀ ਵਰਗੀ ਹੀ ਹੈ । ਜਿੱਥੇ ਕੁੱਝ ਖਿਡਾਰੀ ਪਾਕਿਸਤਾਨ ਅਤੇ
ਭਾਰਤ ਵੱਲੋਂ ਵੀ ਖੇਡੇ ਹਨ,ਉੱਥੇ ਇੱਕ ਅਜਿਹਾ ਖਿਡਾਰੀ ਵੀ ਇਤਿਹਾਸ ਦਾ ਮਾਣਮੱਤਾ ਪੰਨਾ ਹੈ,ਜਿਸ ਨੇ
ਓਲੰਪੀਅਨ ਬਣੀ ਟੀਮ ਦੇ ਖਿਡਾਰੀ ਤੋਂ ਇਲਾਵਾ,ਕੋਚ ਵਜੋਂ ਤਿਆਰ ਕੀਤੀ ਟੀਮ ਵੀ ਓਲੰਪੀਅਨ ਬਣੀ ਹੈ ।
ਇਸ ਅਹਿਮ ਪ੍ਰਾਪਤੀ ਦਾ ਮਾਣ ਹਾਸਲ ਕਰਨ ਵਾਲਾ ਹੈ,ਅਥਲੀਟ, ਗੌਲਫਰ,ਹਾਕੀ ਖਿਡਾਰੀ ਹਾਕੀ ਕੋਚ
ਬਾਲਕ੍ਰਿਸ਼ਨ ਸਿੰਘ । ਜਿਸ ਦਾ ਜਨਮ 10 ਮਾਰਚ 1933 ਨੂੰ 1924 ਅਤੇ 1928 ਦੀਆਂ ਓਲੰਪਿਕ ਖੇਡਾਂ
ਵਿੱਚ ਲੰਬੀ ਛਾਲ ਈਵੈਂਟ ਵਿੱਚ ਦੇਸ਼ ਦੀ ਪ੍ਰਤੀਨਿਧਤਾ ਕਰਨ ਵਾਲੇ ਪਹਿਲੇ ਅਥਲੀਟ ਬ੍ਰਿਗੇਡੀਅਰ ਦਲੀਪ
ਸਿੰਘ ਦੇ ਘਰ ਹੋਇਆ ।
ਘਰ ਵਿੱਚੋਂ ਅਥਲੈਟਿਕਸ ਦੀ
ਲੱਗੀ ਜਾਗ ਸਦਕਾ ਬਾਲਕ੍ਰਿਸ਼ਨ ਵੀ ਇਸ ਖੇਤਰ ਵਿੱਚ ਸ਼ਾਮਲ ਹੋ ਗਏ । ਪੰਜਾਬ ਯੂਨੀਵਰਸਿਟੀ ਤੋਂ
ਗਰੈਜੂਏਸ਼ਨ ਕਰਨ ਸਮੇ ਬਾਲਕ੍ਰਿਸ਼ਨ ਸਿੰਘ ਨੇ 1949 ਵਿੱਚ ਪਹਿਲੇ ਸਾਲ ਦੀ ਪੜ੍ਹਾਈ ਸਮੇ ਹੀ
ਯੂਨੀਵਰਸਿਟੀ ਦੇ ਮੁਕਾਬਲਿਆਂ ਵਿੱਚੋਂ ਤੀਹਰੀ ਛਾਲ ਲਗਾ ਕੇ ਨਵਾਂ ਰਿਕਾਰਡ ਬਣਾਇਆ । ਦੂਜੇ ਸਾਲ
ਕੁੱਲ ਹਿੰਦ ਅੰਤਰ ਯੂਨੀਵਰਸਿਟੀ ਮੀਟ ਸਮੇਂ ਬੰਗਲੂਰੂ ਵਿਖੇ ਏਸੇ ਈਵੈਂਟ ਵਿੱਚੋਂ ਸੁਨਹਿਰੀ ਤਮਗਾ ਜਿੱਤਿਆ,ਉਹਨਾਂ
ਲੰਬੀ ਛਾਲ ਰਿਕਾਰਡ ਬਣਾਕੇ ਜਿੱਤੀ ਅਤੇ ਫਿਰ ਯੂਨੀਵਰਸਿਟੀ ਦੇ ਕਲਰ ਹੋਲਡਰ ਬਣੇ । ਉਹ ਅਥਲੈਟਿਕਸ
ਦੇ ਨਾਲ ਨਾਲ 1950 ਤੋਂ 1954 ਤੱਕ ਹਾਕੀ ਵੀ ਖੇਡਦੇ ਰਹੇ ।
1955 ਵਿੱਚ ਉਹ ਭਾਰਤੀ ਹਾਕੀ
ਟੀਮ ਦੇ ਮੈਂਬਰ ਬਣਕੇ ਵਾਰਸਾ (ਪੋਲੈਂਡ) ਵਿਖੇ ਪਹਿਲੀ ਵਾਰ ਮੈਦਾਨ ਵਿੱਚ ਉਤਰੇ । ਘਰੇਲੂ ਹਾਕੀ
ਵਿੱਚ ਰੇਲਵੇ ਵੱਲੋਂ ਖੇਡਣ ਵਾਲੇ ਬਾਲਕ੍ਰਿਸ਼ਨ ਸਿੰਘ ਨੇ 1963 ਅਤੇ 1964 ਵਿੱਚ ਆਪਣੀ ਟੀਮ ਨੂੰ
ਕੌਮੀ ਜੇਤੂ ਵੀ ਬਣਾਇਆ । ਬਾਲਕ੍ਰਿਸ਼ਨ ਸਿੰਘ ਜੀ 1956 ਮੈਲਬੌਰਨ ਓਲੰਪਿਕ ਸਮੇ ਸੋਨ ਤਮਗਾ ਅਤੇ
1960 ਰੋਮ ਓਲੰਪਿਕ ਸਮੇ ਚਾਂਦੀ ਦਾ ਤਮਗਾ ਪ੍ਰਾਪਤ ਕਰਨ ਵਾਲੀ ਟੀਮ ਦੇ ਵੀ ਮੈਬਰ ਸਨ । ਇਵੇਂ ਹੀ
1958 ਦੀਆਂ ਏਸ਼ੀਆਈ ਖੇਡਾਂ ਸਮੇ ਪਾਕਿਸਤਾਨ ਨਾਲ ਫਾਈਨਲ ਗੋਲ ਰਹਿਤ ਬਰਾਬਰ ਰਿਹਾ,ਪਰ ਗੋਲ ਔਸਤ ਦੇ
ਅਧਾਰ 'ਤੇ ਪਾਕਿਸਤਾਨ ਨੂੰ ਜੇਤੂ ਐਲਾਨਿਆਂ ਗਿਆ । ਚਾਂਦੀ ਦਾ ਤਮਗਾ ਜਿੱਤਣ ਵਾਲੀ ਟੀਮ ਵਿੱਚ ਵੀ ਬਾਲਕ੍ਰਿਸ਼ਨ
ਸਿੰਘ ਸ਼ਾਮਲ ਸਨ।
ਸਰਗਰਮ ਹਾਕੀ ਤੋਂ ਸੰਨਿਆਸ
ਲੈਂਦਿਆਂ ਉਹਨਾਂ ਕੌਮੀ ਖੇਡ ਇੰਸਟੀਚਿਊਟ (ਐਨ ਆਈ ਐਸ) ਪਟਿਆਲਾ ਵਿਖੇ ਉਘੇ ਹਾਕੀ ਖਿਡਾਰੀ ਮੇਜਰ
ਧਿਆਂਨ ਚੰਦ ਦੀ ਅਗਵਾਈ ਵਿੱਚ ਵੀ ਕੰਮ ਕਰਿਆ । ਜਦ ਕੋਚਿੰਗ ਟ੍ਰੇਨਿੰਗ ਲਈ ਟੈਸਟ ਹੋਇਆ ਤਾਂ
ਬਾਲਕ੍ਰਿਸ਼ਨ ਸਿੰਘ ਨੇ 93 % ਅੰਕ ਪ੍ਰਾਪਤ ਕਰਕੇ ਟਾਪਰ ਰਹਿਣ ਦਾ ਮਾਣ ਹਾਸਲ ਕਰਿਆ । ਐਨ ਆਈ ਐਸ
ਵਿੱਚ ਹੀ ਉਹ ਕੋਚਾਂ ਨੂੰ ਟਰੇਂਡ ਕਰਨ ਲਈ ਅਧਿਆਪਕ ਵਜੋਂ ਵੀ ਕਾਰਜਕ੍ਰਤ ਰਹੇ । ਏਥੋਂ ਹੀ 1992
ਵਿੱਚ ਉਹ ਐਨ ਆਈ ਐਸ ਪਟਿਅਲਾ ਦੇ ਡਾਇਰੈਕਟਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ । ਇਸ ਸਮੇ ਹੀ
ਉਹਨਾਂ ਬਾਰਸਿਲੋਨਾ ਓਲੰਪਿਕ 1992 ਵਿੱਚ ਬਤੌਰ ਕੋਚ ਆਖ਼ਰੀ ਜ਼ਿੰਮੇਵਾਰੀ ਨਿਭਾਈ । ਉਹ ਸਮੇ ਦੇ
ਪਾਬੰਦ,ਗਲਤ ਸਮਝੌਤਿਆਂ ਦੇ ਵਿਰੋਧੀ,ਟੋਟਲ ਹਾਕੀ ਦੇ ਹਮਾਇਤੀ ਅਤੇ ਬਾਸਕਿਟਬਾਲ ਖੇਡ ਵਾਂਗ ਇਕੱਠਿਆਂ
ਹਮਲਾ ਕਰਨਾ ਅਤੇ ਇਕੱਠਿਆਂ ਸੁਰੱਖਿਆ ਕਰਨ ਦੇ ਤਜ਼ੁਰਬੇ ਨੂੰ 1992 ਓਲੰਪਿਕ ਸਮੇ ਅਜ਼ਮਾਉਣ ਵਾਲੇ ਉਹ
ਪਹਿਲੇ ਕੋਚ ਸਨ । ਅਨੁਸ਼ਾਸ਼ਣ ਦਾ ਉਹਨਾਂ ਉਮਰ ਭਰ ਪੱਲਾ ਨਹੀਂ ਸੀ ਛੱਡਿਆ ।
ਜਦ ਉਹਨਾਂ 1965 ਵਿੱਚ ਆਸਟਰੇਲੀਆ ਦੀ
ਮਹਿਲਾ ਟੀਮ ਨੂੰ 5 ਮਹੀਨੇ ਸਿਖਲਾਈ ਦਿੱਤੀ ਤਾਂ ਉੱਥੋਂ ਦੇ ਪ੍ਰਧਾਨ ਮੰਤਰੀ ਮੈਕਾਲਮ ਫ਼ਰੇਜ਼ਰ
ਉਹਨਾਂ ਤੋਂ ਬਹੁਤ ਮੁਤਾਸਰ ਹੋਏ ਅਤੇ ਬਹੁਤ ਸ਼ਲਾਘਾ ਕੀਤੀ । ਉਥੋਂ ਦੇ ਅੰਪਾਇਰਾਂ ਅਤੇ ਹੋਰ ਹਾਕੀ
ਮਾਹਿਰਾਂ ਨੇ ਵੀ ਉਹਨਾਂ ਨੂੰ ਹਾਕੀ ਦਾ ਸਰਦਾਰ ਮੰਨਿਆਂ । ਇਸ ਉਪਰੰਤ ਉਹ
ਮੁਰਾਰ ਜੀ ਡਿਸਾਈ ਨੂੰ ਵੀ ਮਿਲੇ।
ਜਿੱਥੇ
ਉਹਨਾਂ 1956,1960 ਓਲੰਪਿਕ ਸਮੇ ਖਿਡਾਰੀ ਵਜੋਂ ਹਿੱਸਾ ਲਿਆ ਅਤੇ 1956 ਮੈਲਬੌਰਨ ਵਿੱਚ ਓਲੰਪਿਕ
ਗੋਲਡ ਮੈਡਲ ਜੇਤੂ ਰਹੀ ਟੀਮ ਦੇ ਮੈਂਬਰ ਰਹੇ,ਉੱਥੇ 1980 ਮਾਸਕੋ ਓਲੰਪਿਕ ਸਮੇ ਬਤੌਰ ਕੋਚ ਉਹਨਾਂ
ਦੀ ਟੀਮ ਨੇ ਸੋਨ ਤਮਗਾ ਜਿੱਤਿਆ । ਉਹਨਾਂ ਦਾ ਇਹ ਵੀ ਰਿਕਾਰਡ ਹੈ ਕਿ ਉਹ ਚਾਰ ਓਲੰਪਿਕ ਟੀਮਾਂ ਦੇ
ਕੋਚ ਵੀ ਰਹੇ । ਮੈਕਸੀਕੋ ਓਲੰਪਿਕ 1968 ਸਮੇਂ ਭਾਰਤੀ ਟੀਮ ਨੇ ਕਾਂਸੀ ਦਾ ਤਮਗਾ ਜਿੱਤਿਆ,ਉਦੋਂ ਵੀ
ਬਾਲਕ੍ਰਿਸ਼ਨ ਸਿੰਘ ਹੀ ਟੀਮ ਦੇ ਕੋਚ ਸਨ । ਪਰ ਮੁੰਬਈ ਵਿਸ਼ਵ ਕੱਪ ਸਮੇ ਭਾਰਤੀ ਟੀਮ ਪਛੜ ਗਈ ।
ਦਿੱਲੀ ਏਸ਼ੀਆਈ ਖੇਡਾਂ -1982 ਸਮੇਂ ਜੇਤੂ ਰਹੀ ਭਾਰਤੀ ਮਹਿਲਾ ਟੀਮ ਨੂੰ ਵੀ ਬਾਲਕ੍ਰਿਸ਼ਨ ਸਿੰਘ ਨੇ
ਹੀ ਸਿਖਲਾਈ ਦਿੱਤੀ ਸੀ । ਇਹ ਪਹਿਲਾ ਭਾਰਤੀ ਹਾਕੀਕੋਚ ਸੀ ਜਿਸ ਨੇ 4-4-2-1 ਦਾ ਫਾਰਮੂਲਾ ਅਪਣਾਇਆ
।
ਹਾਕੀ ਵਿੱਚ ਨਵੀਆਂ ਪਿਰਤਾਂ ਪਾਉਣ ਵਾਲੇ,ਹਾਕੀ ਖਿਡਾਰੀ ਅਤੇ ਹਾਕੀ ਕੋਚ ਵਜੋਂ ਸੇਵਾਵਾਂ
ਨਿਭਾਉਣ ਵਾਲੇ ਬਾਲਕ੍ਰਿਸ਼ਨ ਸਿੰਘ 31 ਦਸੰਬਰ 2004 ਸ਼ੁਕਰਵਾਰ ਨੂੰ ਪਟਿਆਲਾ ਵਿਖੇ 79 ਸਾਲ ਦੀ ਉਮਰ ਵਿੱਚ ਇਸ
ਦੁਨੀਆਂ ਤੋਂ ਸਦਾ ਸਦਾ ਲਈ ਰੁਖ਼ਸਤ ਹੋ ਗਏ । ਪਰ ਉਹਨਾਂ ਵੱਲੋਂ ਪਾਈਆਂ ਅਮਿੱਟ ਪੈੜਾਂ ਸਦਾ ਕਾਇਮ
ਰਹਿਣਗੀਆਂ ,ਜਿੰਨ੍ਹਾਂ ਦੀ ਬਦੌਲਤ ਉਹ ਵੀ ਚੇਤਿਆਂ ਦੀ ਨਗਰੀ ਦੇ ਵਾਸੀ ਬਣੇ ਰਹਿਣਗੇ ।
ਰਣਜੀਤ ਸਿੰਘ ਪ੍ਰੀਤ
ਭਗਤਾ (ਬਠਿੰਡਾ)-151206
ਬੇ-ਤਾਰ;98157-07232
No comments:
Post a Comment