Tuesday, November 13, 2012

ਟਿੱਕਾ ਭਾਈ ਦੂਜ


                                  ਟਿੱਕਾ ਭਾਈ ਦੂਜ
                                        ਰਣਜੀਤ ਸਿੰਘ ਪ੍ਰੀਤ
                                  ਟਿੱਕਾ ਭਾਈ ਦੂਜ ਪਵਿੱਤਰ ਰਿਸ਼ਤਿਆਂ ਦਾ ਪਵਿੱਤਰ ਤਿਓਹਾਰ ਹੈ । ਇਹ ਦੀਵਾਲੀ ਤੋਂ ਮਗਰੋਂ ਕੱਤਕ ਸੁਦੀ ਦੂਜ ਨੂੰ ਬੜੇ ਚਾਵਾਂ ਨਾਲ ਮਨਾਇਆ ਜਾਂਦਾ ਹੈ । ਹਿੰਦੂ ਮੱਤ ਵਿੱਚ ਇਸ ਦਿਨ ਯਮ ਅਤੇ ਚਿਤਰਗੁਪਤ ਦੀ ਪੂਜਾ ਕਰਨਾਂ ਖ਼ਾਸ਼ ਮਹਾਨਤਾ ਭਰਿਆ ਹੁੰਦਾ ਹੈ । ਕੁਆਰੀਆਂ ਕੁੜੀਆਂ ਇਸ ਦਿਨ ਵਰਤ ਵੀ ਰਖਦੀਆਂ ਹਨ । ਆਪਣੇ ਭਾਈ ਦੇ ਟਿੱਕਾ ਲਾਉਂਣ ਮਗਰੋਂ ਹੀ ਖਾਣਾ ਖਾਂਦੀਆਂ ਹਨ ।
                    ਚਿਤਰਗੁਪਤ ਨੂੰ ਮੰਨਣ ਵਾਲੇ ਲੋਕ ਇਸ ਦਿਨ ਚਿਤਰਗੁਪਤ ਦੀ ਪੂਜਾ ਵੀ ਕਰਦੇ ਨੇ ਅਤੇ ਕਲਮ-ਦਵਾਤਾਂ ਦਾ ਵਟਾਂਦਰਾ ਵੀ ਕੀਤਾ ਜਾਂਦਾ ਹੈ । ਅਜਿਹਾ ਕਰਨ ਵਾਲਿਆਂ ਨੂੰ ਕਾਇਥ ਕਿਹਾ ਕਰਦੇ ਹਨ ।
                  ਟਿੱਕਾ ਭਾਈ ਦੂਜ ਤੋਂ ਇਲਾਵਾ ਇਸ ਦਿਨ ਨੂੰ ਯਮਦੂਜ ਦੇ ਨਾਂਅ ਨਾਲ ਵੀ ਯਾਦ ਕੀਤਾ ਜਾਂਦਾ ਹੈ । ਸੰਗਿਆਂ ਭਗਵਾਨ ਸੂਰਜ ਨਰਾਇਣ ਦੀ ਪਤਨੀ ਸੀ,ਜਿਸ ਦੀ ਕੁਖੋਂ ਯਮਰਾਜ ਅਤੇ ਜਮਨਾ ਭੈਣ-ਭਰਾਵਾਂ ਦਾ ਜਨਮ ਹੋਇਆ । ਸੂਰਜ ਨਰਾਇਣ ਦੀ ਤੇਜ਼ ਤਪਸ਼ ਤੋਂ ਬਚਣ ਲਈ ਸੰਗਿਆ ਨੇ ਉੱਤਰ ਧਰੁਵ ਵਿੱਚ ਲੁਕ ਕੇ ਦਿਨ-ਕਟੀ ਕਰਨੀ ਆਰੰਭੀ । ਉੱਥੇ ਰਹਿੰਦਿਆਂ ਹੀ ਤ੍ਰਪਤੀ ਨਦੀ ਕਿਨਾਰੇ ਸ਼ਨਿਚਰ ਦਾ ਜਨਮ ਹੋਇਆ ਅਤੇ ਉਸ ਦੇ ਅਸ਼ਵਨੀ ਰੂਪ ਤੋਂ ਅਸ਼ਵਨੀ ਕੁਮਾਰ ਦੇਵਤਾਵਾਂ ਦੇ ਹਕੀਮ ਪੈਦਾ ਹੋਏ ।
              ਕਾਫੀ ਸਾਲ ਬੀਤਣ ਮਗਰੋਂ ਯਮਰਾਜ ਨੂੰ ਆਪਣੀ ਭੈਣ ਜਮਨਾ ਦੀ ਯਾਦ ਆਈ ਤਾਂ ਉਹ ਮਥੁਰਾ ਵਿੱਚ ਆ ਪਹੁੰਚਿਆ । ਮਹਾਂ ਭਾਰਤ ਅਨੁਸਾਰ ਏਸੇ ਹੀ ਦਿਨ ਯਮ ਨੇ ਆਪਣੀ ਜਮਨਾ ਭੈਣ ਹੱਥੋਂ ਟਿੱਕਾ ਲਹਵਾ,ਉਹਦੇ ਹੱਥ ਦਾ ਭੋਜਨ ਖਾਧਾ,ਭਾਵੇਂ ਯਮ ਨੇ ਆਪਣੀ ਆਦਤ ਅਨੁਸਾਰ ਇਹ ਵੀ ਕਹਿ ਦਿੱਤਾ ਕਿ ਲੋਕ ਤਾਂ ਮੇਰੇ ਪਾਸੋਂ ਕਿੰਨਾ ਡਰਦੇ ਹਨ,ਪਰ ਤੂੰ ਨਹੀਂ ਡਰਦੀ । ਭੋਜਨ ਛਕਣ ਮਗਰੋਂ ਯਮ ਨੇ ਕੋਈ ਵਰ ਮੰਗਣ ਲਈ ਕਿਹਾ ਤਾਂ ਜਮਨਾ ਨੇ ਮੰਗ ਕੀਤੀ ਕਿ ਜੇ ਮੇਰੇ ਵਿੱਚ ਇਸ਼ਨਾਨ ਕਰ ਲਵੇ,ਉਸ ਨੂੰ ਯਮਲੋਕ ਵਿੱਚ ਨਾ ਜਾਣਾ ਪਵੇ । ਪਰ ਯਮ ਨੇ ਸੋਚਿਆ ਕਿ ਇਸ ਤਰ੍ਹਾਂ ਤਾਂ ਯਮਲੋਕ ਹੀ ਖਾਲੀ ਹੋ ਜਾਵੇਗਾ । ਅਖ਼ੀਰ ਕਥਾਕਾਰ ਪ੍ਰੋਹਿਤਾ ਦੀ ਮਿਥ ਅਨੁਸਾਰ ਇਹ ਗੱਲ ਮੰਨ ਲਈ ਗਈ ਕਿ ਜੋ ਭਾਈ ਦੂਜ ਵਾਲੇ ਦਿਨ ਵਿਸ਼ਰਾਤ ਘਾਟ ਉੱਤੇ ਹੀ ਇਸ਼ਨਾਨ ਕਰੇਗਾ,ਉਹ ਯਮਲੋਕ ਤੋਂ ਬਚ ਜਾਵੇਗਾ । ਇਸ ਕਰਕੇ ਵੀ ਇਸ ਦਾ ਨਾਅ ਟਿੱਕਾ ਭਾਈ ਦੂਜ ਜਾਂ ਯਮਦੂਜ ਪਿਆ ਹੈ । 
       ਇਹ ਵੀ ਕਿਹਾ ਜਾਂਦਾ ਹੈ ਕਿ ਇਸ ਦਿਨ 14 ਸਾਲਾਂ ਦੇ ਬਣਵਾਸ ਮਗਰੋਂ ਅਯੁੱਧਿਆ ਪਰਤੇ ਸ਼੍ਰੀ ਰਾਮ ਚੰਦਰ ਜੀ ਨੂੰ ਰਾਜ ਤਿਲਕ ਲਾਇਆ ਗਿਆ ਸੀ । ਤਦ ਇਸ ਦਿਨ ਦਾ ਇਹ ਨਾਅ ਪਿਆ ਹੈ । ਪਰ ਇਸ ਤਿਓਹਾਰ ਨਾਲ ਸਬੰਧਤ ਜੋ ਹਵਾਲੇ ਹਨ । ਇਹ ਤਰਕ ਤੇ ਪੂਰੇ ਨਹੀਂ ਉਤਰਦੇ । ਮਸਲਿਨ ਕੋਈ ਵਿਅਕਤੀ ਰੱਜ ਕਿ ਐਬ ਕਰੇ ਅਤੇ ਫਿਰ ਦੱਸੇ ਸਥਾਨ ਉੱਤੇ ਇਸ਼ਨਾਨ ਕਰ ਲਵੇ ਤਾਂ ਕਿ ਇਹ ਬਖ਼ਸ਼ਣਯੋਗ ਹੋ ਸਕਦਾ ਹੈ ? ਪ੍ਰੋ ਮੋਹਣ ਸਿੰਘ ਅਨੁਸਾਰ ਇਹ ਜੱਗ ਮਿੱਠਾ,ਅਗਲਾ ਕੀਹਨੇ ਡਿੱਠਾ । ਜਾਂ ਰੱਬ ਇਕ ਅਜਿਹਾ ਗੋਰਖ ਧੰਦਾ,ਖੋਲ੍ਹਣ ਲੱਗਿਆਂ ਪੇਚ ਏਸ ਦੇ ਕਾਫ਼ਰ ਹੋ ਜਾਇ ਬੰਦਾ ।
   ਰਣਜੀਤ ਸਿੰਘ ਪ੍ਰੀਤ
ਭਗਤਾ (ਬਠਿੰਡਾ)-151206
ਬੇ-ਤਾਰ 98157-07232

No comments:

Post a Comment