Sunday, November 3, 2013

ਪਰੰਪਰਾਵਾਂ ਦੇ ਝਰੋਖੇ’ਚੋਂ ; ਦੀਵਾਲੀ



ਪਰੰਪਰਾਵਾਂ ਦੇ ਝਰੋਖੇਚੋਂ ; ਦੀਵਾਲੀ
                       ਰਣਜੀਤ ਸਿੰਘ ਪ੍ਰੀਤ
                         ਭਾਰਤ ਦੇ ਹਰ ਪੁਰਾਤਨ ਤਿਓਹਾਰ ਨਾਲ ਇਤਿਹਾਸਕ ਜਾਂ ਮਿਥਿਹਾਸਕ ਘਟਨਾਵਾਂ ਜੁੜੀਆਂ ਹੋਈਆਂ ਹਨ । ਜਿੰਨ੍ਹਾਂ ਦਾ ਕੇਂਦਰ ਬਿੰਦੂ ਘੁੰਮ-ਘੁਮਾਕੇ ਭਾਵੇਂ ਇੱਕ ਸਥਾਨ ਉੱਤੇ ਹੀ ਆ ਪਹੁੰਚਿਆ ਕਰਦਾ ਹੈ । ਜਾਂ ਇਓਂ ਕਹਿ ਲਓ ਕਿ ਇਹ ਧਾਰਨਾਵਾਂ ਵਿੰਗਾ-ਟੇਡਾ ਰਸਤਾ ਤੈਅ ਕਰਕੇ ਪਰੰਪਰਾਵਾਂ ਦਾ ਰੂਪ ਧਾਰ ਲਿਆ ਕਰਦੀਆਂ ਹਨ ।
              ਦੀਵਾਲੀ ਦਾ ਸਬੰਧ ਕਿਸੇ ਨਾ ਕਿਸੇ ਰੂਪ ਵਿੱਚ ਹਰ ਧਰਮ ਨਾਲ ਜੁੜਦਾ ਹੈ । ਇਸ ਦੀ ਆਮ ਮੰਨੀ ਜਾਣ ਵਾਲੀ ਘਟਨਾ ਸ਼੍ਰੀ ਰਾਮ ਚੰਦਰ ਜੀ ਨਾਲ ਜੁੜਦੀ ਹੈ । ਜੋ 14 ਸਾਲ ਦੇ ਬਣਵਾਸ ਮਗਰੋਂ ਰਾਵਣ ਨੂੰ ਸ਼ਿਕੱਸ਼ਤ ਦੇ ਕੇ,ਜਦ ਅਯੁੱਧਿਆ ਪਰਤੇ ਅਤੇ ਰਾਜ ਗੱਦੀ ਸੰਭਾਲੀ ਤਾਂ ਲੋਕਾਂ ਨੇ ਖ਼ੁਸ਼ੀ ਦਾ ਇਜ਼ਹਾਰ ਕਰਨ ਲਈ ਦੀਵੇ ਜਗਾ ਕੇ ਰੌਸ਼ਨੀ ਕੀਤੀ ।
             ਪੰਜਾਬ ਦੇ ਇਤਿਹਾਸ ਮੁਤਾਬਕ ਜਦ ਛੇਵੇਂ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਰਾਇ ਜੀ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਉਮਰ ਕੈਦ ਭੁਗਤ ਰਹੇ 52 ਰਾਜਿਆਂ ਨੂੰ ਕੈਦ ਤੋਂ ਖ਼ਲਾਸੀ ਦਿਵਾ ਸ਼੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਤਾਂ,ਉਸ ਦਿਨ ਬਾਬਾ ਬੁੱਢਾ ਜੀ ਨੇ ਦੀਪ ਜਗਾ ਕੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਇਹ ਪਰੰਪਰਾ ਤੋਰੀ । ਭਾਈ ਮਨੀ ਸੀੰਘ ਜੀ ਦਾ ਬੰਦ ਬੰਦ ਕੱਟਿਆ ਜਾਣਾਂ ਵੀ ਦੀਵਾਲੀ ਨਾਲ ਹੀ ਸਬੰਧਤ ਹੈ । ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ 1833 ਦੀ ਦੀਵਾਲੀ ਮੌਕੇ ਵਿਸ਼ੇਸ਼ ਤੌਰ ਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ । ਚਾਂਦੀ ਦੇ ਚੋਭਾਂ ਵਾਲਾ ਤੰਬੂ ਵੀ ਭੇਂਟਾ ਕੀਤਾ । ਏਵੇਂ 1835 ਦੀ ਦੀਵਾਲੀ ਸਮੇ 511 ਸੋਨੇ ਦੀਆਂ ਮੁਹਰਾਂ ਵੀ ਭੇਂਟ ਕੀਤੀਆਂ ।
              ਮਹਾਂਰਾਸ਼ਟਰ ਦੇ ਲੋਕ ਇਸ ਤਿਓਹਾਰ ਦਾ ਸਬੰਧ ਬਹੁਤ ਚੰਗੇਰੇ ਰਾਜ ਪ੍ਰਬੰਧਕ ਰਾਜਾ ਬਾਲੀ ਨਾਲ ਜੋੜਦੇ ਹਨ । ਮੰਨਿਆਂ ਜਾਂਦਾ ਹੈ ਕਿ ਉਹਨੇ ਦੀਵਾਲੀ ਵਾਲੇ ਦਿਨ ਹੀ ਰਾਜ ਭਾਗ ਸੰਭਾਲਿਆ ਸੀ । ਔਰਤਾਂ ਉਸਦੀਆਂ ਅਕ੍ਰਿਤੀਆਂ ਬਣਾਉਂਦੀਆਂ ਹਨ ਅਤੇ ਪੂਜਾ ਕਰਕੇ, ਮੁੜ ਉਸ ਵਰਗੇ ਚੰਗੇਰੇ ਰਾਜ ਪ੍ਰਬੰਧ ਦੀ ਕਾਮਨਾ ਕਰਦੀਆਂ ਹਨ ।
           ਮੱਧ ਭਾਰਤ ਦੇ ਵਾਸੀ ਇਸ ਤਿਓਹਾਰ ਦਾ ਸਬੰਧ ਮਹਾਰਾਜਾ ਵਿਕਰਮ ਦਿਤਿਯ ਨਾਲ ਜੋੜਕੇ ਮਨਾਉਂਦੇ ਹਨ । ਕਿਹਾ ਜਾਂਦਾ ਹੈ ਕਿ ਏਸੇ ਹੀ ਦਿਨ ਵਿਕਰਮ ਦਿਤਿਯ ਨੇ ਰਾਜ ਗੱਦੀ ਸੰਭਾਲੀ ਸੀ ਅਤੇ ਲੋਕਾਂ ਨੇ ਦੀਪਮਾਲਾ ਕਰਕੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਸੀ ।
          ਬੰਗਾਲ ਦੇ ਲੋਕ ਇਸ ਦਿਨ ਨੂੰ ਕਾਲੀ ਦੇਵੀ ਕਲਕੱਤੇ ਵਾਲੀ ਵਜੋਂ ਮਨਾਉਂਦੇ ਹਨ । ਉਹ ਇਸ ਦਿਨ ਮਿੱਟੀ ਤੋਂ ਤਿਆਰ ਕੀਤੀ ਕਾਲੀ ਦੇਵੀ ਦੀ ਮੂਰਤੀ ਨੂੰ ਘਰ ਲਿਆ ਕੇ, ਰੁਪਈਆਂ ਵਿੱਚ ਰੱਖ ਕੇ ਪੂਜਾ ਕਰਦੇ ਹਨ । ਚਾਂਦੀ ਦੇ ਰੁਪਿਆਂ ਨੂੰ ਵਿਸ਼ਨੂੰ ਦਾ ਰੂਪ ਮੰਨਦੇ ਹਨ । ਉੱਥੋਂ ਦੇ ਲੋਕ ਕਾਲੀ ਦੇਵੀ ਨੂੰ ਲਕਸ਼ਮੀ ਅਤੇ ਸਰਸਵਤੀ ਕਹਿੰਦੇ ਹਨ ।
                  ਦੀਵਾਲੀ ਵਾਲੀ ਰਾਤ ਨੂੰ ਸਫੈਦੀ ਕੀਤੇ ਘਰਾਂ ਵਿੱਚ ਕੁੜੀਆਂ ਆਪਣੇ ਛੋਟੇ ਜਿਹੇ ਸੰਭਾਵਤ ਘਰ ਹਟੜੀ ਜਾਂ ਘਰੂੰਡੀ ਵਿੱਚ ਖਾਣ-ਪੀਣ ਦਾ ਸਮਾਨ ਅਤੇ ਪੈਸੇ ਆਦਿ ਰੱਖ ਕਿ ਘੱਟੋ-ਘੱਟ 5 ਦੀਵੇ ਜਗਾ ਕੇ ਉਸ ਦੇ ਕੋਲ ਬੈਠ,ਆਪਣੇ ਰੌਸ਼ਨ ਅਤੇ ਖੁਰਾਕ ਭੰਡਾਰਾਂ ਵਾਲੇ ਘਰ ਨੂੰ ਮਨ ਹੀ ਮਨ ਚਿਤਵਿਆ ਕਰਦੀਆਂ ਹਨ ।
          ਦੀਵਾਲੀ ਦਾ ਤਿਓਹਾਰ ਜਿੱਥੇ ਗੁੱਜਰ ਲੋਕ ਬਲਦਾਂ ਦੀ ਪੂਜਾ ਕਰਕੇ ਮਨਾਉਂਦੇ ਹਨ,ਉੱਥੇ ਇਹ ਮੱਤ ਵੀ ਪ੍ਰਚੱਲਤ ਹੈ ਕਿ ਇਹ ਦਿਨ ਸ਼੍ਰੀ ਰਾਮ ਚੰਦਰ ਜੀ ਤੋਂ ਪਹਿਲਾਂ ਵੀ ਯਖ਼ਸ਼ਰਾਤ ਵਜੋਂ ਮਨਾਇਆ ਜਾਂਦਾ ਸੀ । ਉਦੋਂ ਯਖ਼ਸ਼ ਲੋਕ ਕੁਬੇਰ ਅਤੇ ਲਕਸ਼ਮੀ ਦੀ ਪੂਜਾ ਏਸੇ ਰਾਤ ਕਰਿਆ ਕਰਦੇ ਸਨ । ਸ਼੍ਰੀ ਕ੍ਰਿਸ਼ਨ ਜੀ ਵੱਲੋਂ ਕੰਸ ਨੂੰ ਮਾਰ ਕੇ ਅਗਰਸੈਨ ਦੇ ਰਾਜ ਤਿਲਕ ਵਾਲੀ ਗੱਲ ਨਾਲ ਵੀ ਇਸ ਦਿਨ ਨਾਲ ਜੋੜੀ ਜਾਂਦੀ ਹੈ ।
                ਕਹਿੰਦੇ ਹਨ ਕਿ ਇੱਕ ਵਾਰ ਇੱਕ ਔਰਤ ਨੇ ਸੱਪ ਤੋਂ ਆਪਣੇ ਪਤੀ ਨੂੰ ਬਚਾਉਂਣ ਲਈ ਲੋਕਾਂ ਨੂੰ ਦੀਵੇ ਜਗਾ ਕੇ ਚਾਨਣ ਕਰਨ ਲਈ ਕਿਹਾ,ਤਾਂ ਜੋ ਸੱਪ ਨਜ਼ਰ ਪੈ ਜਾਵੇ । ਸੱਪ ਆਇਆ ਦੀਵਿਆਂ ਦੀ ਰੌਸ਼ਨੀ ਵੇਖੀ ਅਤੇ ਵਾਪਸ ਮੁੜ ਗਿਆ । ਅੱਜ ਵੀ ਇਹ ਮੌਸਮੀ ਗੱਲ ਸਹੀ ਮੰਨੀ ਜਾਂਦੀ ਹੈ ਕਿ ਸੱਪ ਦੀਵਾਲੀ ਤੋਂ ਬਾਅਦ ਦਿਖਾਈ ਨਹੀਂ ਦਿੰਦੇ ।
                      ਵਿਗਿਆਨਕ ਤਰਕ ਅਨੁਸਾਰ ਇਹ ਤਿਓਹਾਰ ਸਫਾਈ,ਮੌਸਮ ਅਤੇ ਰੌਸ਼ਨੀ ਨਾਲ ਸਬੰਧਤ ਹੈ । ਸਮੂਹ ਵਰਗ ਦੇ ਲੋਕ ਸਮੂਹਕ ਤੌਰ ਤੇ ਸਫਾਈ ਕਰਦੇ ਹਨ । ਕਿਓਂਕਿ ਗਰਮੀ ਮਗਰੋਂ ਅੰਦਰ ਪੈਣ ਦੀ ਰੁੱਤ ਸਦਕਾ ਅਜਿਹੀ ਸਫਾਈ ਜ਼ਰੂਰੀ ਹੁੰਦੀ ਹੈ । ਸਰ੍ਹੌ ਦੇ ਤੇਲ ਵਾਲੇ ਦੀਵੇ ਨਾਲ ਵਤਾਵਰਣ ਵਿੱਚ ਖ਼ਾਸ਼ ਤਬਦੀਲੀ ਆਉਂਦੀ ਹੈ ।
                              ਪਰ ਇਹ ਸਾਰਾ ਕੁੱਝ ਉਦੋਂ ਧਰਿਆ ਧਰਾਇਆ ਹੀ ਰਹਿ ਜਾਂਦਾ ਹੈ ਜਦ ਪਟਾਖਿਆਂ, ਆਤਿਸ਼ਬਾਜ਼ੀ, ਆਦਿ ਨਾਲ ਜਿੱਥੇ ਧੁਨੀ ਪ੍ਰਦੂਸ਼ਣ ਫ਼ੈਲਦਾ ਹੈ,ਉੱਥੇ ਬਰੂਦ ਨਾਲ ਵੀ ਵਾਤਾਵਰਣ ਗੰਦਲਾ ਹੁੰਦਾ ਹੈ । ਜਿਸ ਨਾਲ ਬਿਮਾਰੀਆਂ ਫੈਲਦੀਆਂ ਹਨ । ਦਮੇ ਵਾਲੇ ਮਰੀਜ਼ਾਂ ਲਈ ਤਾਂ ਇਹ ਬੜਾ ਹੀ ਖ਼ਤਰਨਾਕ ਹੁੰਦਾ ਹੈ । ਕਈ ਲੜਾਈਆਂ,  ਹਾਦਸੇ ਵੀ ਹੋ ਜਾਂਦੇ ਹਨ । ਜੂਆ ਖੇਡਣ ਵਾਲੇ ਆਮ ਹੀ ਸ਼ਰਾਬ ਪੀ ਕੇ ਲੜ ਪੈਂਦੇ ਹਨ । ਹਜ਼ਾਰਾਂ ਨੂੰ ਇਹ ਦੀਵਿਆਂ ਦੀ ਰੌਸ਼ਨੀ ਵਾਲੀ ਰਾਤ ਪੁਲੀਸ ਦੀ ਰੌਸ਼ਨੀ ਵਿੱਚ ਵੀ ਬਿਤਾਉਣੀ ਪੈਂਦੀ ਹੈ । ਲੋੜ ਹੈ ਇਹਨਾਂ ਬੁਰਾਈਆਂ ਉੱਤੇ ਕਾਬੂ ਪਾਉਂਣ ਦੀ,ਮਨਾਂ ਦੇ ਅੰਦਰ ਤੱਕ ਨੇਕ-ਨੀਤੀ ਵਾਲੀ ਰੌਸਨੀ ਨਾਲ ਚਾਨਣ ਕਰਨ ਦੀ,ਤਾਂ ਜੋ ਇਸ ਦਿਨ ਦੀ ਅਹਿਮੀਅਤ ਵਿੱਚ ਹੋਰ ਵਾਧਾ ਕੀਤਾ ਜਾ ਸਕੇ ਅਤੇ ਚੰਗੇ ਭਾਰਤੀ ਬਣਨ ਦਾ ਮਾਣ ਹਾਸਲ ਹੋ ਸਕੇ ।
ਰਣਜੀਤ ਸਿੰਘ ਪ੍ਰੀਤ
ਭਗਤਾ(ਬਠਿੰਡਾ)-151206
ਬੇ-ਤਾਰ;98157-07232

No comments:

Post a Comment