Friday, August 5, 2011

ਨਹੀਂ ਹੋਰ ਕੋਈ ਹੋਣਾਂ ਤੇਰੇ ਜਿਹਾ ; ਭਗਤ ਪੂਰਨ ਸਿੰਘ ////// ਰਣਜੀਤ ਸਿੰਘ "ਪ੍ਰੀਤ"




5 ਅਗਸਤ ਬਰਸੀ 'ਤੇ ਵਿਸ਼ੇਸ਼ ------

ਨਹੀਂ ਹੋਰ ਕੋਈ ਹੋਣਾਂ ਤੇਰੇ ਜਿਹਾ ; ਭਗਤ ਪੂਰਨ ਸਿੰਘ
ਰਣਜੀਤ ਸਿੰਘ "ਪ੍ਰੀਤ"
ਅਕਸਰ ਹੀ ਇਹ ਗੱਲ ਆਖੀ ਜਾਂਦੀ ਹੈ ਕਿ ਕਿਸੇ ਵਿਅਕਤੀ ਦੀ ਕਾਮਯਾਬੀ ਪਿੱਛੇ ਕਿਸੇ ਨਾਂ ਕਿਸੇ ਰੂਪ ਵਿੱਚ ਕਿਸੇ ਔਰਤ ਦਾ ਹੱਥ ਜ਼ਰੂਰ ਹੁੰਦਾ ਹੈ,ਸ਼ਿਵਾ ਜੀ ਮਰਾਠਾ ਨੂੰ ਉਸਦੀ ਮਾਤਾ ਜੀਜਾ ਬਾਈ ਨੇ ਬਚਪਨ ਵਿੱਚ ਹੀ ਯੋਧਿਆਂ-ਸੂਰਬੀਰਾਂ ਦੀਆਂ ਕਹਾਣੀਆਂ ਸੁਣਾ ਸੁਣਾ ਕਿ ਉਸਦੇ ਮਨ ਵਿੱਚ ਬਹਾਦਰੀ-ਸੂਰਬੀਰਤਾ ਦਾ ਬੀਜ ,ਬੀਜ ਦਿੱਤਾ ਸੀ,ਜੋ ਮਗਰੋਂ ਸ਼ਿਵਾ ਜੀ ਨੇ ਸੱਚ ਕਰ ਵਿਖਾਇਆ । ਇਵੇਂ ਹੀ ਭਗਤ ਪੂਰਨ ਸਿੰਘ ਜੀ ਦੀ ਮਾਤਾ ਨੇ ਉਸ ਨੂੰ ਸੇਵਾ ਭਾਵਨਾ ਵਾਲਾ ਅਤੇ ਪਰਪੱਕ ਇਰਾਦਿਆਂ ਵਾਲਾ ਬਣਾ ਕੇ ਉਸ ਦੀ ਜ਼ਿਦਗੀ ਨੂੰ ਹੀ ਨਵਾਂ ਰੂਪ ਦੇਣ ਦਾ ਮੁੱਢ ਬੰਨ੍ਹ ਦਿੱਤਾ ਸੀ। ਸ਼ਿਵਾ ਜੀ ਵਾਂਗ ਹੀ ਭਗਤ ਪੂਰਨ ਸਿੰਘ ਦੀ ਜੀਵਨੀ ਦਾ ਅਧਿਅਨ ਕੀਤਾ ਜਾ ਸਕਦਾ ਹੈ। ਦੋਨੋਂ ਬਚਪਨ ਦੀ ਸਿਖਿਆ ਤੋਂ ਬਹੁਤ ਪ੍ਰਭਾਵਿਤ ਹੋ ਕਿ ਸਮਾਜ ਵਿੱਚ ਵਿਚਰੇ । .
ਇਸ ਮਹਾਂਨ ਤਪੱਸਵੀ,ਸੱਚੇ ਗੁਰਸਿੱਖ,ਸੱਚੇ ਲੋਕ ਸੇਵਕ, ਪਿੰਗਲਵਾੜਾ ਸੰਸਥਾ ਦੇ ਬਾਨੀ,ਲਾਵਾਰਸ ਮਰੀਜਾਂ-ਅਪਾਹਜਾਂ ਦੇ ਮਾਤਾ-ਪਿਤਾ,ਸਾਰੀ ਉਮਰ ਗ੍ਰਹਿਸਤੀ ਜੀਵਨ ਤੋਂ ਮੁਕਤ ਰਹਿਣ ਵਾਲੇ, ਫ਼ਕੀਰੀ ਜੀਵਨ ਬਤੀਤ ਕਰਨ ਵਾਲੇ,ਫੱਕਰ ਦਰਵੇਸ਼,ਬਹੁ-ਪੱਖੀ ਸ਼ਖ਼ਸ਼ੀਅਤ ਦੇ ਮਾਲਕ, ਅਤੇ ਦੁਖੀ ਮਾਨਵਤਾ ਨੂੰ ਸਮਰਪਿਤ, ਭਗਤ ਪੂਰਨ ਸਿੰਘ ਜੀ ਦਾ ਜਨਮ ,ਜਿਨ੍ਹਾਂ ਦਾ ਮੁੱਢਲਾ ਨਾਂਅ ਰਾਮ ਜੀ ਦਾਸ ਸੀ 4 ਜੂਨ 1904 ਨੂੰ ਜ਼ਿਲ੍ਹਾ ਲੁਧਿਆਣਾ ,ਤਹਿਸੀਲ ਸਮਰਾਲਾ ਦੇ ਪਿੰਡ ਰਾਜੇਵਾਲਾ ਵਿਖੇ,ਮਾਤਾ ਮਹਿਤਾਬ ਕੌਰ ਅਤੇ ਪਿਤਾ ਚੌਧਰੀ ਚਿੱਬੂ ਮੱਲ ਦੇ ਘਰ ਇੱਕ ਹਿੰਦੂ ਪਰਿਵਾਰ ਵਿੱਚ ਹੋਇਆ। ਬਚਪਨ ਵਿੱਚ ਮਾਤਾ ਮਹਿਤਾਬ ਕੌਰ ਰਸਤੇ ਵਿੱਚ ਕੋਈ ਪੱਥਰ, ਕਿੱਲ-ਪੱਤਰੀ, ਰੋੜੇ ,ਕੱਚ,ਕੇਲਿਆਂ ਆਦਿ ਦੇ ਛਿਲਕੇ ਜਾਂ ਹੋਰ ਨੁਕਸਾਨਦਾਇਕ ਚੀਜ਼ਾਂ ਨੂੰ ਰਸਤਿਆਂ ਵਿੱਚੋਂ ਚੁੱਕ ਕੇ ਬਾਟੇ ਵਿੱਚ ਪਾਉਂਣ ਅਤੇ ਫਿਰ ਪਾਸੇ ਸੁਟਣ ਲਈ ਕਿਹਾ ਕਰਦੀ ਸੀ। ਦੁਖੀਆਂ ਦੀ ਮਦਦ ਲਈ ਪ੍ਰੇਰਦੀ ਸੀ। ਭਗਤ ਜੀ ਨੂੰ ਮੁਢਲੀ ਪੜ੍ਹਾਈ ਲਈ ਖੰਨਾ ਦੇ ਸਕੂਲ ਵਿੱਚ ਭੇਜਿਆ ਗਿਆ ,ਦਸਵੀਂ ਵਿੱਚੋਂ ਫੇਲ੍ਹ ਹੋਣ 'ਤੇ ਲਾਹੌਰ ਦੇ ਖ਼ਾਲਸਾ ਹਾਈ ਸਕੂਲ ਵਿੱਚ ਦਾਖ਼ਲ ਕਰਵਾਇਆ ਗਿਆ,ਪਿਤਾ ਦੇ ਅਕਾਲ ਚਲਾਣੇ ਮਗਰੋਂ ਉਸਦੀ ਪੜ੍ਹਾਈ ਅਤੇ ਘਰ ਦਾ ਖ਼ਰਚਾ ਤੋਰਨ ਲਈ ,ਉਸ ਦੀ ਮਾਤਾ ਪਹਿਲਾਂ ਮਿੰਟਗੁਮਰੀ ਵਿਖੇ ਇੱਕ ਡਾਕਟਰ ਦੇ ਘਰ ਕੰਮ ਕਰਦੀ ਸੀ,ਅਤੇ ਫਿਰ ਲਾਹੌਰ ਵਿਖੇ ਭਾਂਡੇ ਮਾਂਜਣ ਆਦਿ ਦਾ ਕੰਮ ਕਰਨ ਲੱਗੀ। ਭਗਤ ਜੀ ਨਾਲੋ-ਨਾਲ ਗੁਰਦੁਆਰਾ ਡੇਹਰਾ ਸਾਹਿਬ,ਅਤੇ ਗੁਰਦੁਆਰਾ ਸ਼ਹੀਦ ਗੰਜ ਲਾਹੌਰ ਵਿਖੇ ਹੀ ਸਾਫ਼-ਸਫਾਈ ਕਰਨ, ਖਾਣਾ ਤਿਆਰ ਕਰਨ,ਲੰਗਰ ਵਰਤਾਉਣ,ਬਰਤਨ ਸਾਫ਼ ਕਰਨ, ਬੀਮਾਰਾਂ ਬੇ-ਸਹਾਰਿਆਂ ਦੇ ਮਦਦਗਾਰ ਬਣਨ,ਜੋੜਿਆਂ ਦੀ ਸੇਵਾ ਸੰਭਾਲ ਕਰਨ ਲੱਗ ਪਏ ਸਨ। ਗੁਰਦੁਆਰਾ ਰੇਰੂ ਸਾਹਿਬ ਵਿਖੇ ਬਿਤਾਈ ਇੱਕ ਰਾਤ ਦਾ ਵਧੀਆ ਪ੍ਰਭਾਵ ਵੀ ਉਹਨਾਂ ਦੇ ਮਨ ਉੱਤੇ ਸੀ। ਇਥੋਂ ਵਿਹਲੇ ਹੋ ਕੇ ਸੜਕਾਂ ,ਰਸਤਿਆਂ ਵੱਲ ਤੁਰ ਪੈਂਦੇ ਤਾਂ ਜੋ ਕੋਈ ਨੁਕਸਾਨਦਾਇਕ ਚੀਜ਼ ਇਹਨਾਂ ਥਾਵਾਂ ਉਤੇ ਡਿੱਗੀ ਹੋਈ ਨਾ ਹੋਵੇ,ਜਾਂ ਕੋਈ ਵਿਅਕਤੀ ਮੁਸੀਬਤ ਮਾਰਿਆ ਨਾ ਪਿਆ ਹੋਵੇ। ਕੋਈ ਪਸ਼ੂ,ਪੰਛੀ ,ਪੌਦਾ ,ਆਦਿ ਪਾਣੀ ਨੂੰ ਨਾ ਤਰਸ ਰਿਹਾ ਹੋਵੇ।
ਥਾਂ ਥਾਂ ਘੁੰਮਦੇ ਭਗਤ ਜੀ ਇੱਕ ਦਿਨ ਇੱਕ ਬ੍ਰਾਹਮਣ ਮੰਦਰ ਵਿੱਚ ਜਾ ਪਹੁੰਚੇ ਪੁਜਾਰੀ ਦੇ ਕਹਿਣ ਉੱਤੇ ਉਹਨਾਂ ਨੇ ਮੰਦਰ ਦੀ ਸਾਫ਼ -ਸਫ਼ਾਈ ਕੀਤੀ,ਪਰ ਉਸ ਨੇ ਭਗਤ ਜੀ ਨੂੰ ਭੋਜਣ ਛਕਣ ਲਈ ਵੀ ਨਾਂ ਕਿਹਾ,ਭਗਤ ਜੀ ਖ਼ੁਦ ਹੀ ਭੁੱਖ ਦੀ ਲਚਾਰੀ ਵੱਸ ਭੋਜਨ ਛਕਣ ਲਈ ਬੈਠ ਗਏ,ਜਿਹੜਾ ਕਿ ਬ੍ਰਾਹਮਣ ਨੂੰ ਪਸੰਦ ਨਾ ਆਇਆ। ਏਸੇ ਤਰ੍ਹਾਂ ਭ੍ਰਮਣ ਦੌਰਾਨ ਇੱਕ ਦਿਨ ਉਹ ਗੁਰਦੁਆਰਾ ਸਾਹਿਬ ਜਾ ਠਹਿਰੇ,ਉਥੇ ਹਰ ਰਾਤ 25-30 ਯਾਤਰੀ ਜਾਂ ਹੋਰ ਲੋੜਵੰਦ ਆ ਕੇ ਭੋਜਨ ਛਕਿਆ ਕਰਦੇ ਸਨ,ਸਾਂਝੇ ਲੰਗਰ ਦੀ ਪਰੰਪਰਾ ਅਤੇ ਗੁਰਦੁਆਰਾ ਸਹਿਬ ਦੇ ਮੁਖੀ ਦਾ ਵਤੀਰਾ ਉਹਨਾਂ ਨੂੰ ਬਹੁਤ ਪਸੰਦ ਅਇਆ, ਜਿੰਨ੍ਹਾ ਨੇ ਭਗਤ ਜੀ ਨੂੰ ਗਰਮ ਭੋਜਨ ਅਤੇ ਦੁੱਧ ਦਾ ਗਿਲਾਸ ਪੀਣ ਲਈ ਦਿੱਤਾ। ਗੱਲ 1932 ਦੀ ਹੈ,ਜਦ ਉਹਨਾਂ ਦੀ ਮੁਲਾਕਾਤ ਭਾਈ ਗੋਪਾਲ ਸਿੰਘ ਰਾਹੀਂ ਗੁਰਦੁਆਰਾ ਡੇਹਰਾ ਸਾਹਿਬ ਦੇ ਮੁਖੀ ਨਾਲ ਹੋਈ,ਜੋ ਭਗਤ ਜੀ ਦੀਆਂ ਗੱਲਾਂ ਸੁਣ ਕੇ ਬਹੁਤ ਪ੍ਰਭਾਵਿਤ ਹੋਏ,ਅਤੇ ਗੁਰਦੁਆਰਾ ਸਾਹਿਬ ਵਿਖੇ ਠਹਿਰਨ ਅਤੇ ਸੇਵਾ ਕਰਨ ਦੀ ਪ੍ਰਵਾਨਗੀ ਦੇ ਦਿੱਤੀ।ਜਿਸ ਨੂੰ ਉਹਨਾਂ ਨੇ ਤਨ-ਦੇਹੀ ਨਾਲ ਨਿਭਾਇਆ।ਭਗਤ ਜੀ ਉੱਤੇ ਭਾਈ ਪਤਵੰਤ ਸਿੰਘ , ਭਾਈ ਗੋਪਾਲ ਸਿੰਘ ਅਤੇ ਭਾਈ ਹਰਨਾਮ ਸਿੰਘ ਜੀ ਦਾ ਕਾਫ਼ੀ ਅਸਰ ਸੀ,ਸਿੱਖ ਧਰਮ ਦਾ ਇਹ ਸਾਰਾ ਕੁੱਝ ਵੇਖ ਭਗਤ ਜੀ 1923 ਵਿੱਚ ਹੀ ਅੰਮ੍ਰਿਤ ਪਾਨ ਕਰਕੇ ਪੂਰਨ ਸਿੰਘ ਬਣ ਗਏ ਸਨ,ਅਤੇ ਉਹਨਾਂ ਦਾ ਕਾਰ-ਵਿਹਾਰ ਵੇਖ ਉਹਨਾਂ ਦੇ ਨਾਂਅ ਨਾਲ ਸ਼ਬਦ ਭਗਤ ਜੁੜ ਗਿਆ ਸੀ। ਸਿਰਫ਼ 19 ਸਾਲ ਦੀ ਉਮਰ ਵਿੱਚ 1924 ਨੂੰ ਉਹ,ਮੀਂਹ ,ਹਨ੍ਹੇਰੀ,ਗਰਮੀ,ਸਰਦੀ,ਜਾਂ ਵੇਖਣ ਵਾਲਿਆਂ ਤੋਂ ਬੇ-ਪ੍ਰਵਾਹ ਹੋ ਕੇ ਸੇਵਾ -ਸੰਭਾਲ ਦੇ ਕਾਰਜਾਂ ਵਿੱਚ ਲੱਗੇ ਰਹੇ। ਭਗਤ ਜੀ ਸੇਵਾ ਕਾਰਜਾਂ ਦੇ ਨਾਲ ਨਾਲ ਦਿਆਲ ਸਿੰਘ ਲਾਇਬ੍ਰੇਰੀ ਅਤੇ ਲਾਲਾ ਲਾਜਪਤ ਰਾਇ ਦਵਾਰਕਾ ਦਾਸ ਲਾਇਬ੍ਰੇਰੀ ਲਾਹੌਰ ਵਿਖੇ ਰੋਜ਼ਾਨਾ ਜਾਦੇ,ਚੰਗੀਆਂ ਕਿਤਾਬਾਂ,ਅਖ਼ਬਾਰ,ਮੈਗਜ਼ੀਨ ਪੜ੍ਹਦੇ, ਅਤੇ ਪੜ੍ਹੀਆਂ ਗੱਲਾਂ ਬਾਰੇ ਰਾਤ-ਦਿਨ ਸੋਚਾਂ ਵਿੱਚ ਡੁੱਬੇ ਰਹਿੰਦੇ। ਉਹ ਪੰਜਾਬੀ,ਹਿੰਦੀ,ਉਰਦੂ ਦੇ ਅਖ਼ਬਾਰਾਂ ਤੋਂ ਬਿਨਾਂ ਅੰਮ੍ਰਿਤ ਬਜ਼ਾਰ ਪੱਤ੍ਰਿਕਾ (ਕੋਲਕਾਤਾ),ਨਾਗਪੁਰ ਟਾਈਮਜ਼,ਸਾਰਿਕਾ,ਟ੍ਰਿਬਿਊਨ,ਇੰਡੀਅਨ ਐਕਸਪ੍ਰੈੱਸ, ਆਰਗੇਨਾਈਜ਼ਰ, ਸਰਿਤਾ, ਸਟੇਟਸਮੈਨ(ਦਿੱਲੀ),ਹਿੰਦੂ (ਮਦਰਾਸ),ਹੈਲਥ,ਅਤੇ ਮੁਕਤਾ ਆਦਿ ਜ਼ਰੂਰ ਪੜ੍ਹਦੇ ਸਨ। ਵਿਸ਼ੇਸ਼ ਤੌਰ 'ਤੇ ਜੌਹਨ ਰਸਕਿਨ, ਇਮੇਰਸਨ , ਟਾਈਸਨ, ਥੌਰੇ ਆਦਿ ਨੂੰ ਪੜ੍ਹਨ ਤੋਂ ਇਲਾਵਾ ,ਮਹਾਤਮਾਂ ਗਾਂਧੀ ਦਾ ਹਫ਼ਤਾਵਾਰੀ ਮੈਗਜ਼ੀਨ "ਯੰਗ ਇੰਡੀਆ" ਆਪ ਪੜ੍ਹਦੇ ਅਤੇ ਹੋਰਨਾਂ ਨੂੰ ਪੜ੍ਹਾਇਆ ਕਰਦੇ ਸਨ।
ਗੁਰਦੁਆਰਾ ਡੇਹਰਾ ਸਾਹਿਬ ਵਿਖੇ ਰਿਹਾਇਸ਼ ਰੱਖ ਕਿ ਸੇਵਾਵਾਂ ਨਿਭਾਉਂਦਿਆਂ ਇੱਕ ਵਾਰ ਇੱਕ ਸੈਲਾਨੀ ਛੱਤ ਤੋਂ ਡਿੱਗ ਪਿਆ,ਉਸ ਦੀ ਲੱਤ ਵਿੱਚੋਂ ਖ਼ੂਨ ਨਿਕਲ ਰਿਹਾ ਸੀ,ਤਾਂ ਭਗਤ ਜੀ ਨੇ ਫੌਰਨ ਉਸ ਨੂੰ ਲੋਕਲ ਮਿਓ ਹਸਪਤਾਲ ਪੁਚਾਇਆ,ਇਸ 'ਤੇ ਉਸ ਸੈਲਾਨੀ ਨੇ ਉਸ ਨੂੰ ਕਿਹਾ "ਪੁੱਤ ਹੁਣ ਮੈ ਸੌਖੀ ਮੌਤ ਮਰ ਸਕਾਂਗਾ "ਪੁੱਤ ਸੰਬੋਧਨ ਸੁਣਕੇ, ਭਗਤ ਜੀ ਦਾ ਮਨ ਬਹੁਤ ਖ਼ੁਸ਼ ਹੋਇਆ। ਕੁੱਝ ਦਿਨਾਂ 'ਚ ਹੀ ਉਹ ਸੈਲਾਨੀ ਵੀ ਠੀਕ ਹੋ ਗਿਆ। ਭਗਤ ਜੀ ਨੇ ਇਹ ਕਾਰਜ ਦੇਸ-ਵਿਦੇਸ,ਜਾਤ-ਪਾਤ,ਊਚ-ਨੀਚ ਅਤੇ ਨਸਲ-ਰੰਗ ਵਰਗੇ ਵਿਤਕਰਿਆਂ ਤੋਂ ਉਪਰ ਉਠ ਕੇ ਕੀਤਾ,ਅਜਿਹਾ ਅੱਜ ਵੀ ਲਾਗੂ ਹੈ। .
ਨਵੰਬਰ 1934 ਵਿੱਚ ਇੱਕ ਅੰਧੇਰੀ ਰਾਤ ਨੂੰ ਗੁਰਦੁਆਰਾ ਡੇਹਰਾ ਸਾਹਿਬ ਦੇ ਬੂਹੇ ਅੱਗੇ 4 ਕੁ ਸਾਲ ਦੇ ਗੂੰਗੇ-ਬੋਲੇ-ਅਪਾਹਜ-ਮੈਂਟਲ ਰੀਟਾਰਟਿਡ ਬੱਚੇ ਨੂੰ ਕੋਈ ਸੁੱਟ ਗਿਆ,ਤਾਂ ਅਰਦਾਸ ਕਰਕੇ ਗ੍ਰੰਥੀ ਸਿੰਘ ਜਥੇਦਾਰ ਅੱਛਰ ਸਿੰਘ ਜੀ ਨੇ ਇਹ ਬੱਚਾ ਭਗਤ ਜੀ ਨੂੰ ਸਾਂਭ ਸੰਭਾਲ ਲਈ ਸੌਂਪ ਦਿੱਤਾ,ਜਿਸ ਦਾ ਨਾਂਅ ਪਿਆਰਾ ਸਿੰਘ ਰੱਖਿਆ ਗਿਆ,ਜਿਸ ਨੂੰ ਉਹ 14 ਸਾਲ ਪਿੱਠ 'ਤੇ ਬਿਠਾ ਕੇ ਲਈ ਫਿਰਦੇ ਰਹੇ।ਇਸ ਘਟਨਾਂ ਨੇ ਭਗਤ ਜੀ ਦੀ ਜਿੰਦਗੀ ਦਾ ਚਿਹਰਾ-ਮੁਹਰਾ ਹੀ ਬਦਲ ਕੇ ਰੱਖ ਦਿੱਤਾ। ਇਸ ਨੂੰ ਹੋਰ ਪਰਪੱਕ 1947 ਦੀ ਵੰਡ ਨੇ ਕਰਿਆ, ਭਗਤ ਜੀ ਦੀ ਲਿਖਤ ਅਨੁਸਾਰ ਉਹਨਾਂ ਕੋਲ ਵੰਡ ਸਮੇਂ ਇੱਕ ਰੁਪਈਆ ਪੰਜ ਆਨੇ ਸਨ,ਲੋਹੇ ਦਾ ਬਾਟਾ, ਦੋ ਵੱਡੀਆਂ ਕਾਪੀਆਂ,ਦੋ ਅੰਗਰੇਜ਼ੀ ਰਸਾਲੇ, ਫੁਲਕਾਰੀ, ਕਛਹਿਰਾ,ਖੜਾਵਾਂ ਅਤੇ ਪਿੱਠ 'ਤੇ ਜਿਗਰ ਦਾ ਟੁਕੜਾ ਪਿਆਰਾ ਸਿੰਘ ਚੁੱਕਿਆ ਹੋਇਆ ਸੀ। ਵੰਡ ਦੇ ਰੱਤ ਭਿੱਜੇ ਮਹੌਲ ਸਮੇਂ ਗੁਰਦੁਆਰਾ ਡੇਹਰਾ ਸਾਹਿਬ ਵਿਖੇ 20 ਬੱਚੇ,ਇਸਤਰੀ,ਪੁਰਸ਼ ਠਹਿਰੇ ਹੋਏ ਸਨ। ਇਹਨਾ ਦੀ ਸਾਰੀ ਦੇਖ-ਭਾਲ ਭਗਤ ਜੀ ਹੀ ਕਰਦੇ ਸਨ। ਮੰਗਤਿਆਂ ਵਾਂਗ ਲਾਹੌਰ ਵਿੱਚ ਘਰ ਘਰ ਅਲਖ਼ ਗਜਾ ਕੇ ਕੁੱਝ ਨਾਂ ਕੁੱਝ ਮੰਗਣਾ ,ਅਤੇ ਫਿਰ ਇਹਨਾਂ ਨੂੰ ਦੇਣਾ,ਆਪ ਕਈ ਵਾਰ ਭੁੱਖੇ-ਭਾਣੇ ਹੀ ਪੈ ਜਾਂਦੇ। ਇਸ ਤਰ੍ਹਾਂ ਹੀ ਇਕੱਠੇ ਕੀਤੇ ਪੈਸਿਆਂ ਨਾਲ ਇਹਨਾਂ ਦਾ ਇਲਾਜ ਕਰਵਾਉਦੇ। ਜਦ 13 ਅਗਸਤ 1947 ਨੂੰ ਗੁਰਦੁਆਰਾ ਸ਼ਹੀਦ ਗੰਜ ਉੱਤੇ ਹਮਲਾ ਹੋਇਆ ,ਤਾਂ ਆਪ ਪਿਆਰੇ ਸਮੇਤ ਗੁਰਦੁਆਰਾ ਡੇਹਰਾ ਸਾਹਿਬ ਵਿਖੇ ਠਹਿਰੇ ਹੋਏ ਸਨ। ਗਲ਼ ਦਾ ਹਾਰ ਅਖਵਾਉਂਦੇ ਪਿਆਰੇ ਨੂੰ ਚੁੱਕ ਕੇ ਉਹ 18 ਅਗਸਤ ਨੂੰ ਰਿਫ਼ਿਊਜੀ ਟਰੱਕ ਰਾਹੀਂ ਅੰਮ੍ਰਿਤਸਰ ਵਿਖੇ ਖ਼ਾਲਸਾ ਕਾਲਜ ਦੇ ਸ਼ਰਨਾਰਥੀ ਕੈਂਪ ਵਿੱਚ ਆ ਪਹੁੰਚੇ,ਜਿੱਥੇ 25000 ਦੇ ਕਰੀਬ ਸ਼ਰਨਾਰਥੀ ਠਹਿਰੇ ਹੋਏ ਸਨ। ਕੈਂਪ ਇਨਚਾਰਜ ਪ੍ਰਿੰ .ਜੋਧ ਸਿੰਘ ਜੀ ਤੋਂ ਅਪਾਹਜਾਂ ਅਤੇ ਹੋਰਨਾਂ ਦੇ ਖਾਣ-ਪਾਣ ਬਾਰੇ ਪੁਛਿਆ,ਤਾਂ ਉਹਨਾਂ ਕਿਹਾ ਸਰਕਾਰ ਵੱਲੋਂ ਅਜਿਹਾ ਕੁੱਝ ਨਹੀ ਕੀਤਾ ਗਿਆ ਹੈ,ਇਹ ਸੁਣ ਕੇ ਇਥੇ ਵੀ ਉਹ ਆਪਣੇ ਕਾਰਜ ਵਿੱਚ ਜੁਟ ਗਏ। ਕਲੋਰੋਫ਼ਾਰਮ ਅਤੇ ਤਾਰਪੀਨ ਦੇ ਤੇਲ ਨਾਲ ਹੀ ਡੰਗ ਟਪਾਊ ਇਲਾਜ ਕਰਨ ਲੱਗੇ। ਲਾਗਲੀ ਕਲੌਨੀ ਵਿੱਚੋ ਖਾਣ ਲਈ ਪ੍ਰਸ਼ਾਦੇ ਅਤੇ ਇਲਾਜ ਲਈ ਪੈਸੇ ਮੰਗ ਕੇ ਲਿਆਉਣ ਲੱਗ ਪਏ।ਇੱਕ ਬੁੱਢਾ ਜਿਸ ਨੂੰ ਉਹ ਲਾਹੌਰ ਤੋਂ ਬਚਾਕੇ ਲਿਆਏ ਸਨ,ਉਹ ਦਮ ਤੋੜ ਗਿਆ। ਲਾਹੌਰ ਦਾ ਹੀ ਇੱਕ ਹੋਰ ਅਪਾਹਜ ਉਹਨਾਂ ਦੇ ਹੱਥਾਂ ਵਿੱਚ ਚੱਲ ਵਸਿਆ। ਦਸਤਾਂ ਵਾਲੇ ਕਪੜੇ ਉਹ ਸ਼ੰਭੂ ਨਾਥ ਦੇ ਕਾਰਖਾਨੇ ਵਾਲੀ ਮੋਟਰ ਦੇ ਵਾਧੂ ਡੁੱਲ੍ਹ ਰਹੇ ਪਾਣੀ ਨਾਲ ਧੋਇਆ ਕਰਦੇ ਸਨ। ਟੀਬੀ ਦੇ ਮਰੀਜ਼ ਮਾਂ-ਪੁੱਤ, ਆਤਸ਼ਕ-ਸੁਜਾਕ ਦੇ ਮਰੀਜ਼,ਕੀੜੇ ਪਿਆਂ ਵਾਲੇ ਮਰੀਜ ਇਲਾਜ ਕਰਵਾਉਣ ਦੇ ਬਾਵਜੂਦ ਵੀ ਬਚਾਏ ਨਾ ਜਾ ਸਕੇ, ਇੱਕ ਚਾਰ ਸਾਲ ਦਾ ਬੱਚਾ ਉਹਨਾਂ ਦੀ ਗੋਦੀ ਵਿੱਚ ਮਰਿਆ,ਜੋ ਟੀਬੀ ਨਾਲ ਪੀੜਤ ਸੀ,ਪਰ ਭਗਤ ਜੀ ਛੂਤ ਦੀਆਂ ਬਿਮਾਰੀਆਂ ਤੋਂ ਵੀ ਰੱਬੀ ਬਖ਼ਸ਼ਿਸ਼ਾਂ ਕਾਰਣ ਬਚਦੇ ਰਹੇ। ਉਹ ਇਹਨਾਂ ਮਰੀਜਾਂ ਦਾ ਜਿਥੇ ਇਲਾਜ ਕਰਵਾਉਂਦੇ ਰਹੇ,ਉਥੇ ਉਹਨਾਂ ਨੂੰ ਪੱਕਾ ਰੈਣ-ਬਸੇਰਾ ਨਾ ਹੋਣ ਕਾਰਣ 1947 ਤੋਂ 1958 ਤੱਕ,ਚੀਫ਼ ਖ਼ਾਲਸਾ ਦੀਵਾਨ, ਰੁੱਖਾਂ ਦੀ ਛਾਵੇਂ, ਰੇਲਵੇ-ਡਾਕਘਰਾਂ ਦੇ ਸ਼ੈਡਾਂ, ਸੜਕਾਂ ਕਿਨਾਰੇ,ਹਸਪਤਾਲ ਜਾਂ ਹੋਰਨਾਂ ਨਾ-ਅਬਾਦ ਥਾਵਾਂ ਉ'ਤੇ ਰਖਦੇ ਰਹੇ। ਇਸ ਪਰਿਵਾਰ ਦੇ ਵਾਧੇ ਨਾਲ ਹੋਰ ਮੁਸ਼ਕਲਾਂ ਆਉਣ ਲੱਗੀਆਂ ,ਤਾਂ ਉਹਨਾਂ ਇੱਕ ਬੰਦ ਪਏ ਸਿਨੇਮੇ ਵਿੱਚ ਠਿਕਾਣਾ ਬਣਾ ਲਿਆ। ਪਰ ਇਹ ਸਿਨੇਮਾਂ 35000 ਰੁਪਏ ਦੀ ਬੋਲੀ 'ਤੇ ਵਿਕ ਗਿਆ।
ਹੁਣ ਇੱਕ ਵਾਰ ਫਿਰ ਭਗਤ ਜੀ ਲਈ ਇਮਤਿਹਾਨ ਦੀ ਘੜੀ ਆ ਗਈ ਸੀ,ਏਸੇ ਹੀ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਚੱਲ ਰਹੀ ਸੀ,ਭਗਤ ਜੀ ਨੇ ਉਥੇ ਪਹੁੰਚ ਕੇ ਸਾਰਾ ਵੇਰਵਾ ਦੱਸਿਆ,ਅਤੇ 50000 ਰੁਪਏ ਦੇਣ ਦੀ ਮੰਗ ਕੀਤੀ,ਕਮੇਟੀ ਨੇ ਉਹਨਾਂ ਦੀ ਇਹ ਮੰਗ ਪ੍ਰਵਾਨ ਕਰ ਲਈ,ਅਤੇ ਪਿੰਗਲਵਾੜਾ ਦੀ ਸਥਾਪਨਾ ਦਾ ਨੀਂਹ ਪੱਥਰ ਟਿਕ ਗਿਆ, ( "Pingal" means "Cripple" and "wara" mean "home".) ਉਂਜ ਭਾਵੇਂ ਇਹ ਗੱਲ 1947 ਦੀ ਹੈ,ਪਰ ਪਿੰਗਲਵਾੜੇ ਦੀ ਸ਼ਰੂਆਤ ਤਾਂ ਨਵੰਬਰ 1934 ਵਿੱਚ ਪਿਆਰਾ ਸਿੰਘ ਦੇ ਨਾਲ ਹੀ ਹੋ ਗਈ ਸੀ। ਜੇ ਕਰ ਹੋਰ ਪਿਛਾਂਹ ਵੱਲ ਝਾਤ ਮਾਰੀਏ ਤਾਂ ਸ਼ੁਰੂਆਤ ਵਾਲੀ ਗੱਲ ਨੂੰ 1924 ਤੋਂ ਮੰਨ ਸਕਦੇ ਹਾਂ,ਜਦੋਂ ਉਹ ਸੇਵਾ ਕਾਰਜਾਂ ਲਈ ਸਰਗਰਮ ਹੋ ਗਏ ਸਨ। ਪਰ ਅੰਮ੍ਰਿਤਸਰ ਵਿਖੇ 6 ਮਾਰਚ 1957 ਨੂੰ ਇਸ ਦੀ ਇਮਾਰਤ ਬਣਨ ਦਾ ਕਾਰਜ ਸ਼ੁਰੂ ਹੋਇਆ।
ਭਗਤ ਪੂਰਨ ਸਿੰਘ ਜੀ ਇੱਕ ਵਧੀਆ ਪਬਲਿਸ਼ਰ ਅਤੇ ਲੇਖਕ ਵੀ ਸਨ,ਉਹਨਾਂ ਆਪਣੀ ਜੀਵਨੀ ਵੀ ਲਿਖੀ ਅਤੇ ਪ੍ਰਦੂਸ਼ਣ,ਵਧਦੀ ਅਬਾਦੀ,ਘਟਦਾ ਪਾਣੀ,ਖਾਦਾਂ,ਕੀਟ ਨਾਸ਼ਕਾਂ ਦੀ ਅੰਨੇਵਾਹ ਵਰਤੋਂ ਵਰਗੀਆਂ ਗੱਲਾਂ ਨੂੰ ਬਿਆਨ ਕਰਦਿਆਂ ਅਤੇ ਕਾਰਬਨ ਡਾਈਆਕਸਾਈਡ,ਓਜੋਨ ਦਾ ਕਲੋਰੋ-ਫ਼ਲੋਰੋ ਗੈਸਾਂ ਨਾਲ ਖ਼ਰਾਬ ਹੋਣਾ,ਡੀਜ਼ਲ-ਪੈਟਰੌਲ ਵਾਲੀਆਂ ਗੱਡੀਆਂ ਦਾ ਪ੍ਰਦੂਸ਼ਣ ਆਦਿ ਨੂੰ ਮਨੁੱਖ ਲਈ ਘਾਤਕ ਵੀ ਕਿਹਾ। ਇਸ ਸਬੰਧੀ ਸਾਹਿਤ ਛਾਪ ਕੇ ਮੁਫ਼ਤ ਵੰਡਿਆ। ਭਗਤ ਜੀ ਨੇ ਘਰੇਲੂ ਦਸਤਕਾਰੀ ਰਾਹੀਂ ਬੇ-ਰੁਜ਼ਗਾਰੀ ਦਾ ਹੱਲ ਕਰਨ ਦੀ ਤਜਵੀਜ਼ ਵੀ ਪੇਸ਼ ਕੀਤੀ। ਉਹਨਾਂ ਨੂੰ 1979 ਵਿੱਚ ਪਦਮਸ਼੍ਰੀ ਐਵਾਰਡ ਵੀ ਮਿਲਿਆ,ਜੋ ਉਹਨਾਂ 1984 ਵਿੱਚ ਹਰਮੰਦਿਰ ਸਾਹਿਬ 'ਤੇ ਕੀਤੇ ਹਮਲੇ ਦੇ ਰੋਸ ਵਜੋਂ ਵਾਪਸ ਕਰ ਦਿੱਤਾ। ਉਹਨਾਂ ਨੂੰ ਹੋਰਨਾਂ ਸੰਸਥਾਵਾਂ ਵੱਲੋਂ ਵੀ ਦਰਜਨਾਂ ਸਨਮਾਨ ਮਿਲੇ। ਮਾਨਵਤਾ ਦੇ ਇਸ ਸੇਵਾਦਾਰ ਨੇ ਦੂਰ-ਅੰਦੇਸ਼ੀ ਦਾ ਸਬੂਤ ਦਿੰਦਿਆਂ 1986 ਵਿੱਚ ਹੀ ਬੀਬੀ ਡਾ.ਇੰਦਰਜੀਤ ਕੌਰ ਨੂੰ ਇਸ ਕਾਰਜ ਲਈ ਤਿਆਰ ਕਰਨਾਂ ਸ਼ੁਰੂ ਕਰ ਦਿੱਤਾ ਸੀ। ਇਹ ਵੀ ਨਿਸਚਿਤ ਕਰ ਦਿੱਤਾ ਸੀ,ਕਿ ਮੇਰੇ ਤੋਂ ਮਗਰੋਂ ਉਮਰ ਭਰ ਉਹ ਕੁੱਲ ਹਿੰਦ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ( ਰਜਿ: ਨੰ: 130 ) ਦੇ ਪ੍ਰਧਾਨ ਬਣੇ ਰਹਿਣਗੇ। 88 ਵਰ੍ਹਿਆਂ ਦੀ ਉਮਰ ਬਿਤਾਕੇ ਅਜਿਹੇ ਪ੍ਰਬੰਧਾਂ ਦੇ ਕਾਰਜਕਰਤਾ ਭਗਤ ਪੂਰਨ ਸਿੰਘ ਜੀ 5 ਅਗਸਤ 1992 ਨੂੰ,ਆਪਣਾ ਲਾਇਆ ਫਲਦਾ-ਫੁਲਦਾ ਬੂਟਾ ਅੱਜ ਲਈ ਵੇਖਣ ਤੋਂ ਪਹਿਲਾਂ ਹੀ ਇਸ ਫ਼ਾਨੀ ਜਗਤ ਨੂੰ ਸਦਾ ਸਦਾ ਲਈ ਅਲਵਿਦਾ ਕਹਿ ਗਏ,ਜਿਨਾਂ ਦੀਆਂ ਹਜ਼ਾਰਾਂ ਯਾਦਾਂ ਲੋਕ ਮਨਾਂ ਵਿੱਚ ਅੱਜ ਵੀ ਘਰ ਪਾਈ ਬੈਠੀਆਂ ਹਨ,ਉਹ ਸਰੀਰਕ ਤੌਰ 'ਤੇ ਅੱਜ ਭਾਵੇਂ ਨਹੀਂ ਹਨ,ਪਰ ਪਿੰਗਲਵਾੜੇ ਦੇ ਰੂਪ ਰਾਹੀਂ ਸੱਭ ਦੇ ਅੰਗ-ਸੰਗ ਵਿਚਰ ਰਹੇ ਹਨ। ਉਹਨਾਂ ਦੀ ਬਰਸੀ ਮੌਕੇ ਪ੍ਰਬੰਧਕਾਂ ਨੂੰ ਇਹ ਅਹਿਦ ਕਰਨਾਂ ਚਾਹੀਦਾ ਹੈ ਕਿ ਜੋ ਕਮਜ਼ੋਰੀਆਂ ਸਿਰ ਚੁੱਕ ਰਹੀਆਂ ਹਨ,ਉਹਨਾਂ 'ਤੇ ਪਿਆਰ,ਅਤੇ ਸੂਝ-ਬੂਝ ਨਾਲ ਕਾਬੂ ਪਾਇਆ ਜਾਵੇ,ਨਹੀਂ ਤਾਂ ਇਹ ਸੰਸਥਾ ਵੀ ਸਿਖ਼ਰ ਤੋਂ ਹੋ ਕਿ ਵਾਪਸੀ ਵੱਲ ਆ ਜਾਵੇਗੀ। .
ਇਹ ਗੱਲ ਬੜੇ ਦੁੱਖ ਦੀ ਹੈ ਕਿ ਉਹਨਾਂ ਦੀ ਮ੍ਰਿਤੂ ਸਮੇਂ ਸਰਕਾਰ ਦੇ ਚੱਲ ਰਹੇ ਸ਼ੈਸ਼ਨ ਵਿੱਚ ਉਹਨਾਂ ਦੀ ਮ੍ਰਿਤੂ ਤੇ ਇੱਕ ਸ਼ਬਦ ਵੀ ਨਹੀਂ ਕਿਹਾ ਗਿਆ,ਪਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਤਕਾਲੀ ਪ੍ਰਧਾਨ ਨੇ ਐਲਾਨ ਕੀਤਾ ਕਿ 25000 ਰੁਪਏ ਮਹੀਨਾਂ ਮਦਦ ਦਿੱਤੀ ਜਾਵੇਗੀ,ਭਗਤ ਜੀ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਗਾਈ ਜਾਵੇਗੀ,ਉਹਨਾਂ ਦੇ ਨਾਂਅ 'ਤੇ ਐਵਾਰਡ ਸ਼ੁਰੂ ਕੀਤਾ ਜਾਵੇਗਾ। ਅੱਜ ਜਿੱਥੇ ਉਹਨਾਂ ਦੇ ਨਾਂਅ 'ਤੇ ਪੰਜਾਬੀ ਹੈਰੀਟੇਜ ਸੰਗਠਨ ਸ਼ਿਕਾਗੋ ਵੱਲੋਂ "ਭਗਤ ਪੂਰਨ ਸਿੰਘ ਯਾਦਗਾਰੀ ਐਵਾਰਡ" ਦਿੱਤਾ ਜਾਂਦਾ ਹੈ, ਉਥੇ ਭਾਰਤ ਸਰਕਾਰ ਵੱਲੋ 2004 ਵਿੱਚ 5 ਰੁਪਏ ਵਾਲੀ ਡਾਕ ਟਿਕਟ ਵੀ ਜਾਰੀ ਕੀਤੀ ਗਈ ਹੈ। ਗੁਰੁ ਨਾਨਕ ਦੇਵ ਯੂਨੀਵਰਸਿਟੀ ਵਿਖੇ ਉਹਨਾਂ ਦੇ ਨਾਂਅ 'ਤੇ 2005'ਚ ਚੇਅਰ ਸਥਾਪਤ ਕੀਤੀ ਗਈ ਸੀ। ਭਗਤ ਜੀ ਦੇ ਕਹਿਣ ਅਨੁਸਾਰ ਬਗੈਰ ਖਾਦਾਂ,ਬਗੈਰ ਸਪਰੇਅ ਤੋਂ ਫ਼ਸਲ ਤਿਆਰ ਕੀਤੀ ਜਾਂਦੀ ਹੈ,ਜੰਡਿਆਲਾ ਗੁਰੁ (35 ਏਕੜ),ਮਾਨਾਵਾਲਾ(25 ਏਕੜ) ਵਿਖੇ, ਸੰਸਥਾ ਦੀ ਆਪਣੀ ਜ਼ਮੀਨ ਹੈ। ਜਲੰਧਰ, ਸੰਗਰੂਰ, ਚੰਡੀਗੜ੍ਹ, ਗੋਇੰਦਵਾਲ, ਮਾਨਾਵਾਲਾ,ਆਦਿ ਬਰਾਚਾਂ ਤੋਂ ਇਲਾਵਾ ਵਿਦੇਸ਼ਾਂ ਵਿੱਚ ਵੀ ਸ਼ਾਖਾਵਾਂ ਹਨ, ਮਾਨਾਵਾਲਾ ਰਿਹਾਇਸ਼ੀ ਕੰਪਲੈਕਸ ਵਿਖੇ;ਮਹਿਲਾ ,ਬੱਚਾ, ਮੁੜ ਵਸੇਬਾ, ਛਾਪਾਖ਼ਾਨਾ, ਡਿਸਪੈਂਸਰੀ,ਮੈਡੀਕਲ ਲੈਬ,ਡੈਂਟਲ ਕਲੀਨਿਕ,ਬ੍ਰਿਧ ਆਸ਼ਰਮ,ਮੈਂਟਲ ਰੀਟਾਰਟਿਡ ,ਫਿਜੀਓਥਰੈਪੀ,ਅਪਾਹਜ ਵਾਰਡ ਆਦਿ ਸਥਾਪਤ ਹਨ,ਦੋ ਸਕੂਲਾਂ ਤੋਂ ਇਲਾਵਾ ਬਲੱਡ ਬੈਂਕ ਦਾ ਵੀ ਉਚੇਚਾ ਪ੍ਰਬੰਧ ਹੈ। ਗਰੀਬ ਬੱਚਿਆਂ ਨੂੰ ਮੁਫ਼ਤ ਪੜ੍ਹਾਈ,ਆਵਾਜਾਈ ਲਈ ਬੱਸਾਂ,ਅਤੇ ਅਪਾਹਿਜਾਂ ਨੂੰ ਮੁਫ਼ਤ ਬਣਾਉਟੀ ਅੰਗ ਲਗਾਉਣ ਦੀ ਸਹੂਲਤ ਤੋਂ ਇਲਾਵਾ ,ਮੁਫ਼ਤ ਲਾਭਕਾਰੀ ਸਾਹਿਤ ਵੀ ਵੰਡਿਆਂ ਜਾਂਦਾ ਹੈ। .
15 ਅਗਸਤ 1992 ਤੋਂ ਬੀਬੀ ਡਾ,ਇੰਦਰਜੀਤ ਕੌਰ ਜੀ ਪ੍ਰਬੰਧਕੀ ਸੁਸਾਇਟੀ ਦੇ ਪ੍ਰਧਾਨ ਹਨ,ਕਰਨਲ ਦਰਸ਼ਨ ਸਿੰਘ ਬਾਵਾ ਮੁੱਖ ਦਫ਼ਤਰ ਦੇ ਪ੍ਰਬੰਧਕ,ਮੁਖਤਾਰ ਸਿੰਘ ਸਕੱਤਰ,ਅਤੇ ਜੈ ਸਿੰਘ ਜੀ ਮਾਨਾਵਾਲਾ ਸ਼ਾਖਾ ਦੇ ਮੁੱਖ ਪ੍ਰਬੰਧਕ ਹਨ,ਜਿੰਨ੍ਹਾਂ ਦੀ ਅਗਵਾਈ ਨਾਲ ਇਹ ਸੰਸਥਾ ਆਪਣਾ ਕੰਮ ਚਲਾ ਰਹੀ ਹੈ।ਦਾਨੀ ਸੱਜਣਾਂ ਦੀ ਸੂਚੀ ਬਹੁਤ ਲੰਬੀ ਹੈ,ਅੱਜ ਭਗਤ ਜੀ ਵਾਂਗ ਫ਼ਕੀਰੀ ਭੇਸ ਵਿੱਚ ਮੰਗਣ ਨਹੀਂ ਜਾਣਾ ਪੈਂਦਾ,ਆਪਣੇ ਆਪ ਦਾਨ ਰਾਸ਼ੀ ਆਈ ਜਾਂਦੀ ਹੈ,ਪਰ ਫਿਰ ਵੀ ਕਈ ਗੱਲਾਂ ਧਿਆਨ ਮੰਗਦੀਆਂ ਹਨ,ਜੋ ਆਉਣ ਵਾਲੇ ਸਮੇਂ ਵਿੱਚ ਵਿਕਰਾਲ ਰੂਪ ਧਾਰ ਸਕਦੀਆਂ ਹਨ,ਉਹਨਾਂ ਨੂੰ ਲੋੜ ਹੈ ਅੱਜ ਹੀ ਨੱਥ ਪਾਉਣ ਦੀ। ਸਮਝਣ ਦੀ,ਅਤੇ ਸੁਲਝਾਉਣ ਦੀ। .

**************************************
 ਰਣਜੀਤ ਸਿੰਘ "ਪ੍ਰੀਤ"
ਭਗਤਾ-151206(ਬਠਿੰਡਾ)
ਮੁਬਾ; 98157-07232



ਪਿੰਗਲਵਾੜਾ ਸੁਸਾਇਟੀ ਪ੍ਰਧਾਨ :ਡਾ.ਇੰਦਰਜੀਤ ਕੌਰ

ਰਣਜੀਤ ਸਿੰਘ ਪ੍ਰੀਤ

ਕੁੱਲ ਹਿੰਦ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਦੀ ਮੌਜੂਦਾ ਪ੍ਰਧਾਨ ਬੀਬੀ ਡਾ ਇੰਦਰਜੀਤ ਕੌਰ ਦਾ ਜਨਮ 25 ਫਰਵਰੀ 1942 ਨੂਂੰ ਸੰਗਰੂਰ ਵਿਖੇ ਡਾ ਹਰਬੰਸ ਸਿੰਘ ਜੀ ਦੇ ਘਰ ਹੋਇਆ। ਪੜ੍ਹਾਈ ਵਿੱਚ ਹੁਸ਼ਿਆਰ ਹੋਣ ਅਤੇ ਘਰ ਦਾ ਮਹੌਲ ਪੜਾ੍ਈ ਵਾਲਾ ਹੋਣ ਕਰਕੇ 1967 ਵਿੱਚ ਐਮ ਬੀ ਬੀ ਐਸ ਕੀਤੀ। 1967 ਤੋਂ 1973 ਤੱਕ ਪੀ ਸੀ ਐਮ ਐਸ ਡਾਕਟਰ ਅੰਡਰ ਦਾ ਕੰਟਰੌਲ ਆਫ਼ ਡਾਇਰਕਟੋਰੇਟ,ਸਿਹਤ ਸੇਵਾਵਾਂ,ਪੰਜਾਬ ਵਜੋਂ ਸੇਵਾਂਵਾਂ ਵੀ ਨਿਭਾਈਆਂ । 1975 ਵਿੱਚ ਪਿਤਾ ਜੀ ਦੇ ਅਕਾਲ ਚਲਾਣੇ ਮਗਰੋਂ 5 ਭੈਣ ਭਰਾਵਾਂ ਦੇ ਭਵਿੱਖ ਲਈ ਯਤਨਸ਼ੀਲ ਹੁੰਦਿਆਂ, ਸਾਰਿਆਂ ਨੂੰ ਉੱਚ ਪੜਾ੍ਈ ਕਰਾਕੇ ਡਾਕਟਰ,ਵਕੀਲ,ਅਤੇ ਹੋਰ ਅਹੁਦਿਆਂ ਤੱਕ ਅਪੜਾਉਣ ,ਚ ਕਾਮਯਾਬੀ ਹਾਸਲ ਕੀਤੀ ,ਫਿਰ ਪਿਤਾ ਜੀ ਦੇ ਨਾਂਅ 'ਤੇ " ਡਾ;ਹਰਬੰਸ ਸਿੰਘ ਯਾਦਗਾਰੀ ਹਸਪਤਾਲ " ਬਣਵਾਇਆ। ਭਗਤ ਜੀ ਤੋਂ ਬੀਬੀ ਜੀ ਬਹੁਤ ਪ੍ਰਭਾਵਿਤ ਸਨ,ਪਿਤਾ ਦਾ ਸਿਰੋਂ ਸਾਇਆ ਉਠਣ ਮਗਰੋਂ,ਬੀਬੀ ਜੀ ਨੇ ਭਗਤ ਜੀ ਨੂੰ ਹੀ ਪਿਤਾ ਮੰਨ ਲਿਆ,ਭਗਤ ਜੀ ਨੇ ਵੀ ਲਾਡਲੀ ਅਤੇ ਪਿਆਰੀ ਧੀ ਬਣਾ ਲਿਆ।
ਹਸਮੁੱਖ ਸੁਭਾਅ ਅਤੇ ਬਹੁਤ ਹੀ ਆਦਰ ਭਾਵ ਨਾਲ ਮਿਲਣ ਵਾਲੀ ਇਸ ਨਰਮ ਦਿਲ ਸ਼ਖ਼ਸ਼ੀਅਤ ਨੇ 1976 ਤੋਂ 1981 ਤੱਕ ਇੰਪਰੂਵਮੈਂਟ ਟਰੱਸਟ ਸੰਗਰੂਰ ਦੀ ਟਰੱਸਟੀ ਮੈਂਬਰ ਵਜੋਂ,1977 ਤੋਂ 1981 ਤੱਕ ਇੰਡੋ-ਸੋਵੀਅਤ ਕਲਚਰਲ ਸੁਸਾਇਟੀ ਦੀ ਉਪ ਪ੍ਰਧਾਨ ਵਜੋਂ,1987-88 ਵਿੱਚ ਬਾਲ ਭਲਾਈ ਸੁਸਾਇਟੀ ਪੰਜਾਬ ਦੀ ਮੈਂਬਰ ਵਜੋਂ,ਏਸੇ ਅਹੁਦੇ ਵਜੋਂ ਸੰਤ ਹਰਚੰਦ ਸਿੰਘ ਲੌਂਗੌਵਾਲ ਯਾਦਗਾਰੀ ਕਮੇਟੀ ਵਿੱਚ,ਕੁੱਲ ਹਿੰਦ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ (ਰਜਿ;) ਦੀ ਮੈਬਰ 1987-88,ਏਸੇ ਸੁਸਾਇਟੀ ਦੀ ਉਪ ਪ੍ਰਧਾਨ 1988 ਤੋਂ 1992 ਤੱਕ ਅਤੇ ਹੁਣ 15 ਅਗਸਤ 1992 ਤੋਂ ਏਸੇ ਸੁਸਾਇਟੀ ਦੀ ਪ੍ਰਧਾਨ ਹੈ।
ਬਹੁਤ ਹੀ ਉਚੀ-ਸੁੱਚੀ ਸੋਚ ਰੱਖਣ ਵਾਲੀ,ਅਤੇ ਭਗਤ ਜੀ ਵਾਂਗ ਹੀ,ਲੋਕ ਸੇਵਾ ਲਈ ਸਰਕਾਰੀ ਨੌਕਰੀ ਨੂੰ ਠੁਹਕਰ ਮਾਰਨ ਵਾਲੀ,ਡਾ,ਇੰਦਰਜੀਤ ਕੌਰ ਨੂੰ ਪਦਮ ਭੂਸ਼ਣ ਅਤੇ ਨੈਸ਼ਨਲ ਐਵਾਰਡ ਤੋਂ ਇਲਾਵਾ,ਸਟੇਟ ਐਵਾਰਡ,ਵਿਬਰਾਂਤ ਇੰਡੀਅਨ ਐਵਾਰਡ (ਡਿਵੈਲਪਰਜ਼ ਇੰਡੀਆ ਚੇਨੱਈ),ਬਾਲ ਸਾਹਯੋਗ ਐਵਾਰਡ(ਮੁੱਖ ਮੰਤਰੀ ਦਿੱਲੀ), ਪੰਜ ਪੰਜੀ ਐਵਾਰਡ(ਜਲੰਧਰ ਦੂਰਦਰਸ਼ਨ),ਭਗਤ ਪੂਰਨ ਸਿੰਘ ਐਵਾਰਡ(ਬਾਬਾ ਫਰੀਦ ਫਾਊਂਡੇਸ਼ਨ, ਫਰੀਦ ਕੋਟ),ਸ਼੍ਰੀ ਰਾਮਾ ਐਵਾਰਡ (ਹਿਮਾਲੀਅਨ ਇਨਸਟੀਚਿਊਟ ਹਸਪਤਾਲ ਟਰੱਸਟ ਡੇਹਰਾਦੂਨ),ਭਗਤ ਪੂਰਨ ਸਿੰਘ ਐਵਾਰਡ (ਪੰਜਾਬ ਹੈਰੀਟੇਜ਼ ਸੰਗਠਨ ਪਾਲਾਟੀਨਾ,ਸ਼ਿਕਾਗੋ,ਅਮਰੀਕਾ) ਵੱਲੋਂ ਸਨਮਾਨ ਮਿਲੇ ਹਨ,ਪਰ ਮੈਂ ਸਮਝਦਾ ਹਾਂ ਕਿ ਸੱਭ ਤੋਂ ਵੱਡਾ ਐਵਾਰਡ ਪਿੰਗਲਵਾੜਾ ਸੰਸਥਾ ਨੂੰ ਚਲਾਉਣਾ, ਸਭ ਦਾ ਸਤਿਕਾਰ ਕਰਨਾ ਅਤੇ ਕਰਵਾਉਣਾ,ਚਾਪਲੂਸਾਂ ਤੋਂ ਬਚਣਾ ਅਤੇ ਭਗਤ ਜੀ ਵਾਂਗ ਹੀ ਸਭ ਦਾ ਪਿਆਰ ਸਤਿਕਾਰ ਹਾਸਲ ਕਰਨਾ ਹੈ।
******************************************
 ਰਣਜੀਤ ਸਿੰਘ "ਪ੍ਰੀਤ"
ਭਗਤਾ-151206(ਬਠਿੰਡਾ)
ਮੁਬਾ;-98157-07232

No comments:

Post a Comment