ਭਾਰਤ-ਆਸਟਰੇਲੀਆ ਮਹਿਲਾ ਕ੍ਰਿਕਟ ਸਬੰਧ
ਰਣਜੀਤ ਸੰਘ ਪ੍ਰੀਤ
ਉਂਜ ਤਾਂ ਭਾਵੇਂ
ਹਰ ਸਾਲ ਮਹਿਲਾ ਦਿਵਸ ਮਨਾਇਆ ਜਾਂਦਾ ਹੈ । ਲੀਡਰ ਭਾਸ਼ਨਾਂ ਨਾਲ ਸਪੀਕਰਾਂ ਦੀਆਂ ਚੀਖਾਂ ਮਰਵਾਉਂਦੇ
ਬੜੇ ਐਲਾਨ ਕਰਦੇ ਹਨ । ਪਰ ਪਰਨਾਲਾ ਉੱਥੇ ਦਾ ਉੱਥੇ ਹੀ ਰਹਿੰਦਾ ਆ ਰਿਹਾ ਹੈ । ਇਹ ਗੱਲ ਮਹਿਲਾ
ਕ੍ਰਿਕਟ ਉੱਤੇ ਵੀ ਪੂਰੀ ਉਤਰਦੀ ਹੈ । ਨਾਂ ਤਾਂ ਪੁਰਸ਼ਾਂ ਜਿੰਨੇ ਇਨਾਮ ਸਨਮਾਨ ਹਨ ਅਤੇ ਨਾਂ ਕੋਈ
ਮਹਿਲਾਵਾਂ ਦੇ ਕ੍ਰਿਕਟ ਮੁਕਾਬਲਿਆਂ ਨੂੰ ਉਤਸ਼ਾਹਤ ਕਰਨ ਦਾ ਯਤਨ ਕਰਦਾ ਹੈ । ਪੁਰਸ਼ ਵਰਗ ਦੇ
ਮੈਚਾਂ ਬਾਰੇ ਇਸ ਤੋਂ ਉਪਰ ਸ਼ਾਇਦ ਹੀ ਕੋਈ ਹੋਰ ਵਧੀਆ ਸਬੂਤ ਹੋਵੇ ਕਿ ਪੰਜ ਰਾਜਾਂ ਦੀਆਂ ਵਿਧਾਨ ਸਭਾਵਾਂ
ਦੇ ਨਤੀਜੇ ਆ ਰਹੇ ਸਨ । ਸਾਰੇ ਚੈਨਲ ਕਵਰੇਜ ਕਰ ਰਹੇ ਸਨ,ਪਰ ਦੂਰਦਰਸ਼ਨ ਆਸਟਰਏਲੀਆ-ਸ਼੍ਰੀਲੰਕਾ ਦਾ
ਲਾਈਵ ਮੈਚ ਦਿਖਾ ਰਿਹਾ ਸੀ । ਭਾਰਤੀ ਟੀਮ ਵੀ ਨਹੀਂ ਸੀ ਖੇਡ ਰਹੀ ।
ਹੁਣ
ਆਸਟਰੇਲੀਆ ਮਹਿਲਾ ਕ੍ਰਿਕਟ ਟੀਮ ਭਾਰਤ ਵਿੱਚ 3 ਵੰਨ ਡੇਅ 50-50 ਓਵਰਾਂ ਦੇ ਅਤੇ 5 ਟੀ-20 ਮੈਚ 12
ਤੋਂ 23 ਮਾਰਚ ਤੱਕ ਖੇਡਣ ਲਈ ਆ ਚੁੱਕੀ ਹੈ । ਕੀ ਭਾਰਤੀ ਦੂਦਰਸ਼ਨ ਇਹਨਾਂ ਮੈਚਾਂ ਦੇ ਦਰਸ਼ਨ ਦਰਸਕਾਂ
ਨੂੰ ਕਰਵਾਏਗਾ ? ਇਸ ਸੀਰੀਜ਼ ਤੱਕ ਆਸਟਰੇਲੀਆ ਨੇ 1973 ਤੋਂ 2012 ਤੱਕ ਕੁੱਲ 251 ਇੱਕ ਰੋਜ਼ਾ
ਮੈਚ ਖੇਡੇ ਹਨ ,ਜਿੰਨ੍ਹਾਂ ਵਿੱਚੋਂ 193 ਜਿੱਤੇ,51 ਹਾਰੇ ,ਅਤੇ ਇੱਕ ਟਾਈ ਖੇਡਿਆ ਹੈ ਅਤੇ 6 ਮੈਚ
ਬੇ-ਨਤੀਜਾ ਰਹੇ ਹਨ । ਭਾਰਤ ਦਾ ਇਹ ਗਣਿਤ 1978
ਤੋਂ 2012 ਤੱਕ 190 ਮੈਚ ਹੈ । ਇਹਨਾਂ ਵਿੱਚੌ 98 ਜਿੱਤੇ ,87 ਹਾਰੇ, ਇੱਕ ਟਾਈ ਅਤੇ 4 ਬਗੈਰ
ਨਤੀਜਾ ਸ਼ਾਮਲ ਹਨ । ਕੁੱਲ ਮਿਲਾਕੇ ਦੋਹਾਂ ਮੁਲਕਾਂ ਨੇ ਜੋ 36 ਮੈਚ ਖੇਡੇ ਹਨ ਉਹਨਾਂ ਵਿੱਚੋਂ
ਭਾਰਤ ਨੇ ਸਿਰਫ਼ 7 ਮੈਚ ਅਤੇ ਆਸਟਰੇਲੀਆ ਨੇ 27 ਜਿੱਤੇ ਹਨ । ਦੋ ਮੈਚ ਫ਼ੈਸਲਾ ਰਹਿਤ ਰਹੇ ਹਨ ।
ਟੀ-20 ਮੈਚ ਤਿੰਨੋ ਹੀ ਆਸਟਰੇਲੀਆ ਨੇ ਜਿੱਤੇ ਹਨ ।
ਭਾਰਤ ਦਾ ਘੱਟ ਸਕੋਰ 74 ਦੌੜਾਂ ਆਕਲੈਂਡ ਵਿੱਚ 10 ਜਨਵਰੀ 1982 ਨੂੰ ਆਸਟਰੇਲੀਆ ਵਿਰੁੱਧ
ਰਿਹਾ ਹੈ । ਆਸਟਰੇਲੀਆ ਦੀਆਂ 77 ਦੌੜਾਂ ਚੇਨੱਈ ਵਿੱਚ 28 ਦਸੰਬਰ 2004 ਨੂੰ ਰਹੀਆਂ ਹਨ । ਭਾਰਤ
ਦੀ ਟੀਮ ਨੇ ਉੱਚ ਸਕੋਰ ਆਸਟਰੇਲੀਆ ਖ਼ਿਲਾਫ਼ 234/5 ਸਿਡਨੀ ਵਿਖੇ 14 ਮਾਰਚ 2009 ਨੂੰ ਬਣਾਇਆ ਹੈ
। ਆਸਟਰੇਲੀਆ ਨੇ ਅਜਿਹਾ 281/3 ਕੈਨਬਰਾ ਵਿੱਚ 8 ਨਵੰਬਰ 2008 ਨੂੰ ਦਰਜ ਕੀਤਾ ਹੋਇਆ ਹੈ । ਭਾਰਤ
ਨੇ ਆਪਣਾ ਪਹਿਲਾ ਇੱਕ ਰੋਜਾ ਮੈਚ ਟਾਸ ਹਾਰਦਿਆਂ ਦੂਜੇ ਵਿਸ਼ਵ ਕੱਪ ਦੇ ਦੂਜੇ ਮੈਚ ਵਜੋਂ ਖੇਡਦਿਆਂ ਪਹਿਲੀ ਜਨਵਰੀ 1978 ਨੂੰ ਈਡਨ ਗਾਰਡਨ ਕੋਲਕਾਤਾ ਵਿੱਖੇ ਸਿਰਫ਼ 63 ਰਨ ਹੀ ਬਣਾਏ । ਇੰਗਲੈਡ
ਨੇ ਇਹ ਮੈਚ 9 ਵਿਕਟਾਂ ਨਾਲ ਜਿੱਤਿਆ । ਭਾਰਤ ਨੇ ਆਸਟਰੇਲੀਆ ਵਿਰੁੱਧ ਪਹਿਲਾ ਮੈਚ 8 ਜਨਵਰੀ 1978
ਨੂੰ ਪਟਨਾ ਵਿੱਚ ਖੇਡਿਆ । ਇਹ ਦੂਜੇ ਵਿਸ਼ਵ ਕੱਪ ਦਾ ਚੌਥਾ ਮੈਚ ਸੀ । ਆਸਟਰੇਲੀਆ ਨੇ 150/8 ਅਤੇ
ਭਾਰਤ ਨੇ 79 (47.2) ਰਨ ਹੀ ਬਣਾਏ ਅਤੇ ਬੁਰੀ ਤਰ੍ਹਾਂ ਹਾਰਿਆ । ਪਰ ਭਾਰਤ ਨੇ 17 ਜਨਵਰੀ 1982
ਨੂੰ ਤੀਜੇ ਵਿਸ਼ਵ ਕੱਪ ਦੇ ਨੌਵੇਂ ਮੈਚ ਵਿੱਚ ਟਾਸ ਜਿੱਤ ਕੇ ਬੈਟਿੰਗ ਚੁਣਦਿਆਂ ਨੈਪੀਅਰ ਵਿੱਚ 192/7 ਦੌੜਾਂ ਬਣਾਈਆਂ ਜਵਾਬ ਵਿੱਚ ਕੌਮਾਂਤਰੀ ਇਲੈਵਨ ਟੀਮ 113 (56.2) ਰਨ ਹੀ ਬਣਾ ਸਕੀ । ਇਸ
ਤਰ੍ਹਾਂ ਭਾਰਤ ਨੇ ਪਹਿਲੀ ਇਤਿਹਾਸਕ ਜਿੱਤ 79 ਦੌੜਾਂ ਨਾਲ ਹਾਸਲ ਕੀਤੀ ।
ਆਸਟਰੇਲੀਆ ਨੇ ਪਹਿਲੀ ਵਾਰ ਭਾਰਤ ਵਿੱਚ 19 ਜਨਵਰੀ
ਤੋਂ 23 ਫਰਵਰੀ 1984
ਤੱਕ ਚਾਰੇ ਇੱਕ ਰੋਜ਼ਾ ਮੈਚ ਜਿਤਦਿਆਂ, 11 ਤੋਂ 28 ਦਸੰਬਰ 2004 ਤੱਕ ਫਿਰ 7 ਮੈਚ ਖੇਡੇ ਅਤੇ
ਸੀਰੀਜ਼ 4-3 ਨਾਲ ਆਸਟਰੇਲੀਆ ਦੇ ਹਿੱਸੇ ਰਹੀ । ਭਾਰਤ ਨੇ ਆਪਣੀ ਸਰਜ਼ਮੀਨ ‘ਤੇ
ਆਸਟਰੇਲੀਆ ਨੂੰ ਪਹਿਲੀ ਵਾਰ ਸੀਰੀਜ਼ ਦੇ ਤੀਜੇ ਮੈਚ ਵਿੱਚ 16 ਦਸੰਬਰ ਨੂੰ ਮੁੰਬਈ ਵਿਖੇ ਮਾਤ
ਦਿੱਤੀ । ਭਾਰਤ ਵੱਲੋਂ ਟਾਸ ਜਿੱਤ ਕੇ ਬੈਟਿੰਗ ਸੌਂਪਣ ਨਾਲ ਆਸਟਰੇਲੀਆ 147 (47.1) ਦੇ ਜਵਾਬ ਵਿੱਚ
151/4(44.1) ਸਕੋਰ ਕਰਕੇ 6 ਵਿਕਟਾਂ ਨਾਲ ਜਿੱਤ ਹਾਸਲ ਕੀਤੀ । ਭਾਰਤ ਨੇ ਪਹਿਲੀ ਵਾਰ 3 ਮੈਚਾਂ
ਲਈ ਆਸਟਰੇਲੀਆ ਦਾ ਦੌਰਾ 25 ਤੋਂ 28 ਫਰਵਰੀ 2006 ਤੱਕ ਕੀਤਾ । ਫ਼ਿਰ 31 ਅਕਤੂਬਰ ਤੋਂ 9 ਨਵੰਬਰ 2008 ਤੱਕ 5 ਇੱਕ ਰੋਜ਼ਾ ਮੈਚ ਖੇਡੇ । ਪਰ
ਭਾਰਤੀ ਟੀਮ ਸਾਰੇ ਦੇ ਸਾਰੇ 8 ਮੈਚ ਹੀ ਹਾਰ ਗਈ । ਦੋਹਾਂ
ਮੁਲਕਾਂ ਦਰਮਿਆਂਨ ਪਹਿਲਾ ਟਵੰਟੀ ਟਵੰਟੀ ਭਾਰਤ ਵੱਲੋਂ ਟਾਸ ਜਿੱਤ ਕੇ ਗੇਂਦਬਾਜ਼ੀ ਚੁਨਣ ਨਾਲ 28
ਅਕਤੂਬਰ 2008 ਨੂੰ ਸਿਡਨੀ ਵਿੱਚ ਹੋਇਆ । ਆਸਟਰੇਲੀਆ ਨੇ 142/4 ਅਤੇ ਭਾਰਤ ਨੇ 140/4 ਸਕੋਰ ਕੀਤਾ
। ਸਿੱਟੇ ਵਜੋਂ ਭਾਰਤ 2 ਦੌੜਾਂ ਨਾਲ ਇਹ ਮੈਚ ਹਾਰਿਆ । ਭਾਰਤ ਨੇ 23 ਜੂਨ 2011 ਨੂੰ ਬਿਲਰੇਸੀ
ਵਿੱਚ ਆਸਟਰੇਲੀਆ ਤੋਂ ਫਿਰ 8 ਵਿਕਟਾਂ ਨਾਲ ਹਾਰ ਖਾਧੀ ।
ਆਸਟਰੇਲੀਆ ਦੀ ਭਾਰਤ ਆਈ ਮਹਿਲਾ ਟੀਮ ਨੂੰ
ਟੱਕਰ ਦੇਣ ਲਈ ਅੰਜੁਮ ਚੋਪੜਾ ਦੀ ਕਪਤਾਨੀ ਅਤੇ ਮਿਥਾਲੀ ਰਾਜ ਦੀ ਉਪ-ਕਪਤਾਨੀ ਅਧੀਨ ਭਾਰਤੀ
ਟੀਮ ਜ਼ੋਰ ਅਜ਼ਮਾਈ ਕਰੇਗੀ । ਕਈ ਖਿਡਾਰਨਾਂ ਕੋਲ ਚੰਗਾ ਤਜ਼ੁਰਬਾ ਵੀ ਹੈ । ਪਰ ਇਤਿਹਾਸ ਪਹਿਲਾਂ
ਤੋਂ ਹੀ ਆਸਟਰੇਲਿਆਈ ਟੀਮ ਨਾਲ ਹੱਥ ਮਿਲਾਉਂਦਾ ਆ ਰਿਹਾ ਏ । ਪਰ ਫਿਰ ਵੀ ਭਾਰਤੀ ਟੀਮ ਦੇ ਇਸ ਸਫ਼ਰ
ਉੱਤੇ ਨਿਗਾਹ ਤਾਂ ਰੱਖਣੀ ਹੀ ਪਵੇਗੀ। ਦਸ ਮਾਰਚ ਤੋਂ ਆਪਣੇ ਟੂਰ ਦੀ ਸ਼ੁਰੂਆਤ ਅਹਿਮਦਾਬਾਦ ਦੇ
ਅਭਿਆਸੀ ਮੈਚ ਨਾਲ ਸ਼ੁਰੂ ਕਰ ਚੁੱਕੀ ਆਸਟਰੇਲੀਆ ਦੀ ਟੀਮ ਨੇ 12 ਤੋਂ 16 ਮਾਰਚ ਤੱਕ ਤਿੰਨ ਇੱਕ
ਰੋਜ਼ਾ ਮੈਚ ਜਿੱਤਣ ਲਈ ਸੰਘਰਸ਼ ਕਰਨਾ ਹੈ । ਪਹਿਲਾ ਮੈਚ 12 ਮਾਰਚ ਨੂੰ ਅਹਿਮਦਾਬਾਦ ਵਿੱਚ ,ਫਿਰ 14
ਅਤੇ 16 ਮਾਰਚ ਵਾਲੇ ਮੈਚ ਮੁੰਬਈ ਵਿੱਚ ਖੇਡਣੇ ਹਨ । ਜਦੋਂ ਕਿ ਟੀ-20 ਮੈਚ 18 ਤੋਂ 23 ਤੱਕ ਹੋਣੇ
ਨੇ । ਪਰ 20 ਮਾਰਚ ਅਰਾਮ ਦਾ ਦਿਨ ਰਹੇਗਾ । ਇਹਨਾਂ ਵਿੱਚੋਂ 18 ਅਤੇ 21 ਮਾਰਚ ਵਾਲੇ ਮੈਚ
ਦਿਨ-ਰਾਤ ਦੇ ਹਨ । ਜਦੋਂ ਕੇ ਬਾਕੀਆਂ ਦਾ ਸਮਾਂ ਦਿਨ ਦਾ ਹੈ । ਤਾਂ ਆਓ ਉਡੀਕੀਏ ਕਿ ਭਾਰਤੀ ਟੀਮ,
ਇਤਿਹਾਸ ਦੇ ਨਵੇਂ ਪੰਨਿਆਂ ‘ਤੇ ਨਵਾਂ ਕੀ ਅੰਕਿਤ ਕਰਦੀ ਹੈ ? ਕਿਓਂਕਿ ਉਡੀਕ ਦੇ ਪਲ ਸੁਆਦਲੇ ਅਤੇ ਸੁਹਾਵਣੇ ਵੀ ਹੁੰਦੇ ਹਨ ।
ਫਿਰ ਵਾਂਝੇ ਕਾਹਨੂੰ ਰਹਿਣਾ ਏ ।
ਰਣਜੀਤ
ਸਿੰਘ ਪ੍ਰੀਤ
ਭਗਤਾ-151206
(ਬਠਿੰਡਾ)
ਮੁਬਾਇਲ
ਸੰਪਰਕ:98157-07232
e-mail ; ranjitpreet@ymail.com
e-mail; preetranjit56@gmail.com
Link;--
www.rpreet.blogspot.com
Link;--
www.ranjitpreet.blogspot.com
No comments:
Post a Comment