Saturday, March 31, 2012

ਟ੍ਰੈਜਡੀ ਕੁਇਨ ਮੀਨਾਂ ਕੁਮਾਰੀ


    ਟ੍ਰੈਜਡੀ ਕੁਇਨ ਮੀਨਾਂ ਕੁਮਾਰੀ
                        ਰਣਜੀਤ ਸਿੰਘ ਪ੍ਰੀਤ
                    ਸਾਰੀ ਉਮਰ ਸੁਹਲ-ਸੁਬਕ ਜਿਹੇ ਨਾਜ਼ੁਕ ਬਦਨ ਉੱਤੇ ਸਮੇ ਦੀਆਂ ਜਰਵਾਣੀਆਂ ਛਮਕਾਂ ਦੀ ਮਾਰ ਹੰਢਾਉਂਦੀ ਮਹਿਜ਼ਬੀਨ ਬਾਨੋ ਦਾ ਜਨਮ ਪਹਿਲੀ ਅਗਸਤ 1932 ਨੂੰ ਚੁੱਪ ਫ਼ਿਲਮਾਂ ਦੀ ਸਾਬਕਾ ਅਭਿਨੇਤਰੀ,ਅਤੇ ਡਾਨਸਰ ਇਕਬਾਲ ਬੇਗ਼ਮ (ਕਾਮਿਨੀ) ਦੀ ਕੁੱਖੋਂ ,ਪਿਤਾ ਅਲੀ ਬਖ਼ਸ਼ ਦੇ ਘਰ ਮੁੰਬਈ ਵਿਖੇ ਵੱਡੀਆਂ ਬੇਟੀਆਂ ਖ਼ੁਰਸ਼ੀਦ ਅਤੇ ਮਧੂ ਪਿੱਛੋਂ ਹੋਇਆ । ਸ਼ੀਆ ਮੁਸਲਮਾਨ ਅਲੀ ਬਖ਼ਸ਼ ਦਾ ਕਲਾਕਾਰੀ ਸਬੰਧ ਪਾਰਸੀ ਥਿਏਟਰ ਅਤੇ ਹਰਮੋਨੀਅਮ ਪਲੇਅ ਕਰਨ ਤੋਂ ਇਲਾਵਾ ਉਰਦੂ ਕਵਿਤਾ ਲਿਖਣ ਨਾਲ ਵੀ ਸੀ ।
              ਆਪਣੀ ਦੂਜੀ ਬੀਵੀ ਇਕਬਾਨ ਬਾਨੋ ਦੇ ਕਹਿਣ ਤੇ ਅਲੀ ਬਖ਼ਸ਼ ਰੂਪਤਾਰਾ ਸਟੁਡੀਓ ਵਿੱਚ ਕਿਸੇ ਭੂਮਿਕਾ ਲਈ ਉਤਾਵਲਾ ਸੀ ਅਤੇ ਮਹਿਜ਼ਬੀਨ ਦੇ ਪੜ੍ਹਾਈ ਕਰਨੀ ਕਹਿਣ ਤੇ ਵੀ ਉਹ ਉਸ ਨੂੰ ਏਸੇ ਲਾਈਨ ਵਿੱਚ ਲਿਜਾਣ ਦਾ ਇੱਛੁਕ ਸੀ । ਮਹਿਜ਼ਬੀਨ ਅਜੇ 7 ਸਾਲ ਦੀ ਹੀ ਸੀ ,ਜਦੋਂ ਵਿਰਸੇ ਵਿੱਚੋਂ ਮਿਲੀ ਕਲਾ ਪ੍ਰਤਿਭਾ ਸਿਰ ਚੜ੍ਹ ਬੋਲ ਪਈ । ਪਰਕਾਸ਼ ਸਟੁਡੀਓ ਵਾਸਤੇ 1939 ਵਿੱਚ, ਵਿਜੇ ਭੱਟ ਦੁਆਰਾ ਨਿਰਦੇਸ਼ਤ ਫ਼ਿਲਮ ਫ਼ਰਜੰਦ-ਇ-ਵਤਨ / ਲੈਦਰਫੇਸ ਲਈ ਉਸ ਨੂੰ ਪਹਿਲੀ ਵਾਰ ਰੋਲ ਕਰਨ ਲਈ ਚੁਣਿਆਂ ਗਿਆ । ਕਈ ਫ਼ਿਲਮਾਂ ਕਰਨ ਮਗਰੋਂ 1941 ਨੂੰ ਫ਼ਿਲਮ ਬਹਿਨ ਵਿੱਚ ਬੇਬੀ ਮੀਨਾ ਦੇ ਨਾਅ ਨਾਲ ਪਾਤਰ ਬੀਨਾ ਦੀ ਭੂਮਿਕਾ ਨਿਭਾਈ । ਬੇਬੀ ਮੀਨਾ ਤੋਂ ਮੀਨਾਂ ਕੁਮਾਰੀ ਬਣੀ ਮਹਿਜ਼ਬੀਨ 1940 ਦੇ ਦਹਾਕੇ ਵਿੱਚ ਬਾਲ ਕਲਾਕਾਰਾ ਵਜੋਂ ਕੰਮ ਕਰਦਿਆਂ ਪਰਿਵਾਰ ਲਈ ਕਮਾਈ ਦਾ ਸਾਧਨ ਬਣ ਗਈ ।
                            1946 ਵਿੱਚ ਫ਼ਿਲਮ ਬੱਚੋਂ ਕੇ ਲੀਏ,ਬਹੁਤ ਚਰਚਾ ਵਿੱਚ ਰਹੀ । ਪਰ 1951 ਵਿੱਚ ਉਸਨੂੰ ਅਜਿਹੀ ਨਜ਼ਰ ਲੱਗੀ ਕਿ ਐਕਸੀਡੈਂਟ ਦੌਰਾਂਨ ਉਹਦੇ ਖੱਬੇ ਹੱਥ ਦੀ ਚੀਚੀ ਕੱਟੀ ਗਈ । ਉਸਦੀ ਸੇਵਾ ਸੰਭਾਲ ਉਸ ਤੋ 15 ਸਾਲ ਵੱਡੇ ਬਾਲ-ਬੱਚੇਦਾਰ ਫ਼ਿਲਮ ਡਾਇਰੈਕਟਰ ਕਮਾਲ ਅਮਰੋਹੀ ਨੇ ਕੀਤੀ । ਜੋ ਇਸ ਸਮੇ ਪਿਆਰ ਸਾਂਝ ਬਣੀ, ਉਹ 14 ਅਗਸਤ 1952 ਦੇ ਦਿਨ ਨਿਕਾਹ ਵਿੱਚ ਬਦਲ ਗਈ । ਅਬਰਾਰ ਅਲਵੀ ਦੀ ਨਿਰਦੇਸ਼ਨਾਂ ਤਹਿਤ ਰਹਿਮਾਨ ਨਾਲ ਛੋਟੀ ਬਹੂ ਵਜੋਂ ਸਾਹਿਬ ਬੀਵੀ ਔਰ ਗੁਲਾਮ (1962) ਵਿੱਚ ਆ ਕੇ ਉਸ ਨੇ ਤਹਿਲਕਾ ਮਚਾ ਦਿੱਤਾ । ਛੋਟੀ ਬਹੂ ਵੱਲੋਂ ਸਰਾਬ ਪੀਣ ਵਾਲੇ ਰੋਲ ਵਿੱਚ ਉਸ ਨੇ ਜਾਨ ਪਾ ਦਿੱਤੀ, ਕਿਓਂਕਿ ਉਹ ਖ਼ੁਦ ਵੀ  ਸ਼ਰਾਬ ਪੀਣ ਦੀ ਆਦੀ ਹੋ ਗਈ ਸੀ ।
                         1954 ਬੈਜੂ ਬਾਵਰਾ (ਗੌਰੀ)ਵਿੱਚ ਫ਼ਿਲਮਫ਼ੇਅਰ ਐਵਾਰਡ ਸਰਵੋਤਮ ਅਭਿਨੇਤਰੀ ਵਜੋਂ  ਹਾਸਲ ਕਰਨ ਵਾਲੀ ਉਹ ਪਹਿਲੀ ਹੀਰੋਇਨ ਬਣੀ । ਇਸ ਤੋਂ ਬਿਨਾ ਉਸ ਨੂੰ ਫ਼ਿਲਮਫ਼ੇਅਰ ਸਰਵੋਤਮ ਅਭਿਨੇਤਰੀ ਦਾ ਐਵਾਰਡ,1955 ਪਰਨਿਤਾ (ਲੋਲਿਤਾ), 1963 ਸਾਹਿਬ ਬੀਵੀ ਔਰ ਗੁਲਾਮ (ਛੋਟੀ ਬਹੂ), ਅਤੇ 1966ਕਾਜਲ (ਮਾਧਵੀ) ਲਈ ਵੀ ਮਿਲੇ । ਫ਼ਿਲਮਫ਼ੇਅਰ ਸਰਵੋਤਮ ਅਭਿਨੇਤਰੀ ਦਾ ਐਵਾਰਡ ਨੌਮੀਨੇਟਿਡ 1956 ਅਜ਼ਾਦ (ਸ਼ੋਭਾ),1959 ਸਹਾਰਾ (ਲੀਲਾ),1960 ਚਿਰਾਗ਼ ਕਹਾਂ ਰੌਸ਼ਨੀ ਕਹਾਂ (ਰਤਨਾ), 1963 ਆਰਤੀ (ਆਰਤੀ ਗੁਪਤਾ) ,1963 ਮੈ ਚੁੱਪ ਰਹੂੰਗੀ (ਗਾਇਤਰੀ) ,1964 ਦਿਲ ਏਕ ਮੰਦਰ (ਸੀਤਾ),1967 ਫੂਲ ਔਰ ਪੱਥਰ (ਸ਼ਾਂਤੀ ਦੇਵੀ), 1973 ਪਾਕੀਜ਼ਾ (ਨਰਗਿਸ/ਸਾਹਿਬਜਾਨ) ਸ਼ਾਮਲ ਹਨ । ਇਸ ਤੋਂ ਇਲਾਵਾ ਬੀ ਐਫ਼ ਜੀ ਏ ਵੱਲੋਂ 1963 ਸਰਵੋਤਮ ਅਦਾਕਾਰਾ (ਹਿੰਦੀ) ਆਰਤੀ,1965 ਸਰਵੋਤਮ ਅਦਾਕਾਰਾ (ਹਿੰਦੀ) ਦਿਲ ਏਕ ਮੰਦਰ,ਸਪੈਸ਼ਲ ਐਵਾਰਡ ਪਾਕੀਜ਼ਾ: ਵੀ ਮੀਨਾ ਕੁਮਾਰੀ ਦੇ ਹਿੱਸੇ ਰਹੇ ।
                 1939 ਤੋਂ 1972 ਤੱਕ ਲਗਾਤਾਰ 33 ਸਾਲਾਂ ਤੱਕ ਫਿਲਮੀ ਖ਼ੇਤਰ ਵਿੱਚ ਸਰਗਰਮ ਰਹਿਣ ਵਾਲੀ ਅਭਿਨੇਤਰੀ ਮੀਨਾ ਕੁਮਾਰੀ ਦਾ ਬਹੁਤੀ ਸ਼ਰਾਬ ਪੀਣ ਨਾਲ 1968 ਵਿੱਚ ਜਦ ਜਿਗਰ ਖ਼ਰਾਬ ਹੋ ਗਿਆ ਤਾਂ ਲੰਡਨ ਅਤੇ ਸਵਿਟਜ਼ਰਲੈਂਡ ਤੋਂ ਇਲਾਜ ਵੀ ਕਰਵਾਉਣਾ ਪਿਆ । ਵਾਪਸੀ ਤੇ ਮੀਨਾ ਕੁਮਾਰੀ ਨੇ ਸ਼ਰਾਬ ਪੀਣ ਤੋਂ ਨਰਾਜ਼ ਭੈਣ ਮਧੂ ਨਾਲ ਸਮਝੌਤਾ ਕਰਦਿਆਂ ਜਵਾਬ (1970), ਮੇਰੇ ਆਪਣੇ (1971) ਅਤੇ ਦੁਸ਼ਮਣ (1972)ਫ਼ਿਲਮਾਂ ਵਿੱਚ ਚਰਿੱਤਰ ਭੂਮਿਕਾਵਾਂ ਨਿਭਾਈਆਂ ।
                         ਮੀਨਾਂ ਕੁਮਾਰੀ ਦੀ ਬੱਚਾ ਪੈਦਾ ਕਰਨ ਵਾਲੀ ਇੱਛਾ ਅਤੇ ਕਮਾਲ ਅਮਰੋਹੀ ਦੀ ਮੀਨਾ ਦੇ ਸਯਦ ਹੋਣ ਦੀ ਵਜ੍ਹਾ ਕਰਕੇ ਆਨਾਕਾਨੀ ,ਦੋਹਾਂ ਦੇ ਟਕਰਾਅ ਦਾ ਕਾਰਣ ਬਣ ਗਈ । ਉਹ 1960 ਤੋਂ ਵੱਖ ਵੱਖ ਰਹਿਣ ਲੱਗੇ । ਮਾਰਚ 1964 ਵਿੱਚ ਤਲਾਕ ਹੋ ਗਿਆ । ਉਹਨੇ ਖ਼ਯਾਮ ਦੀ ਅਗਵਾਈ ਵਿੱਚ ਗਾਇਆ ਵੀ । ਪਰ ਉਹ ਬਹੁਤ ਪੀਂਦੀ,ਰੋਂਦੀ ਅਤੇ ਲਿਖਦੀ ਰਹੀ;-
ਦਿਲ ਸ਼ਾਦ ਜਬ ਸਾਥੀ ਪਾਇਆ,ਬੇ ਚੈਨੀ ਭੀ ਵੋਹ ਸਾਥ ਆਇਆ ।(ਨਿਕਾਹ ਸਮੇ)
ਤੁਮ ਕਿਆ ਕਰੋਗੇ ਸੁਨਕਰ ਮੁਝਸੇ ਮੇਰੀ ਕਹਾਣੀ,ਬੇ-ਲੁਤਫ਼ ਜ਼ਿੰਦਗੀ ਕੇ ਕਿੱਸੇ ਹੈਂ ਫੀਕੇ ਫੀਕੇ ।
ਤਲਾਕ ਤੋ ਦੇ ਰਹੇ ਹੋ ਨਜ਼ਰ-ਇ-ਕਹਿਰ ਕੇ ਸਾਥ,ਜਵਾਨੀ ਭੀ ਮੇਰੀ ਲੁਟਾ ਦੋ ਮਿਹਰ ਕੇ ਸਾਥ ।
               ਮੀਨਾ ਕੁਮਾਰੀ ਦੀ ਜ਼ਿੰਦਗੀ ਦੇ ਨੇੜਲੀ ਫ਼ਿਲਮ ਪਾਕੀਜ਼ਾ ਜਿਸ ਨੂੰ ਸ਼ਿਮਲੇ ਠਹਿਰਦਿਆਂ ਭੁੱਟੋ ਪਰਿਵਾਰ ਨੇ ਵੇਖਿਆ ਸੀ,1956 ਵਿੱਚ ਮੀਨਾਂ ਕੁਮਾਰੀ ਅਤੇ ਕਮਾਲ ਅਮਰੋਹੀ ਨੇ ਇਸ ਬਾਰੇ ਵਿਚਾਰ ਸਾਂਝੇ ਕੀਤੇ ਸਨ । ਪਰ ਉਹ ਮੀਨਾ ਦੀ ਸਿਹਤ ਖ਼ਰਾਬੀ ਅਤੇ ਕਮਾਲ ਅਮਰੋਹੀ ਨਾਲ ਵਿਗੜੇ ਸਬੰਧਾਂ ਸਦਕਾ 16 ਸਾਲਾਂ ਵਿੱਚ ਸੁਨੀਲ ਦੱਤ ਅਤੇ ਨਰਗਿਸ ਦੱਤ ਦੇ ਯਤਨ ਨਾਲ ਸਿਰੇ ਚੜ੍ਹੀ । ਥਕਾਵਟ,ਕਮਜ਼ੋਰੀ,ਅੰਦਰੂਨੀ ਤੜਫ਼ ਦੇ ਚਲਦਿਆਂ ਮੀਨਾ ਨੇ ਬੋਲ ਪੁਗਾਏ ਅਤੇ ਇਹ ਫ਼ਿਲਮ ਬਲੈਕ ਐਂਡ ਵਾਈਟ ਤੋਂ ਰੰਗੀਨ ਬਣਕੇ ਮੀਲ ਪੱਥਰ ਸਾਬਤ ਹੋਈ । ਜਦ 1972 ਵਿੱਚ ਇਸ ਫ਼ਿਲਮ ਨੂੰ ਰਿਲੀਜ਼ ਹੋਿਆਂ ਤਿੰਨ ਹਫ਼ਤੇ ਹੀ ਹੋਏ ਸਨ

                        ਤਾਂ ਸਿਰਫ਼ 40 ਵਰ੍ਹਿਆਂ ਦੀ ਅਦਾਕਾਰਾ ਮੀਨਾ ਕੁਮਾਰੀ 31  ਮਾਰਚ 1972 ਨੂੰ ਅੱਲਾ ਕੋਲ ਜਾ ਵਸੀ । ਉਹ ਸਿਰਫ਼ ਪਰਦੇ ਦੀ ਹੀ ਨਹੀਂ ਸਗੋਂ ਘਰੇਲੂ ਜ਼ਿੰਦਗੀ ਦੀ ਵੀ ਟ੍ਰੈਜਡੀ ਕੁਇਨ ਬਣੀ ਰਹੀ । ਏਥੋਂ ਤੱਕ ਕਿ ਉਹਦੀ ਮ੍ਰਿਤਕ ਦੇਹ ਨੂੰ ਘਰ ਲਿਜਾਣ ਦੀ ਬਜਾਇ ਹਸਪਤਾਲ ਵਿੱਚੋਂ ਸਿੱਧਾ ਹੀ ਨਾਰੀਅਲਵਾਦੀ ਮਜ਼ਗਾਂਓਂ ਮੁੰਬਈ ਦੇ ਰਹਿਮਤਾਬਾਦ ਕਬਰਸਤਾਨ ਵਿੱਚ ਲਿਜਾ ਕੇ ਸਪੁਰਦ-ਇ-ਖ਼ਾਕ ਕਰ ਦਿੱਤਾ ਗਿਆ । ਉਸਦੇ ਅੰਤ ਸਮੇ ਵੀ ਉਹਦੇ ਜਨਮ ਸਮੇ ਵਾਲੇ ਹਾਲਾਤ ਬਰਕਰਾਰ ਸਨ । ਉਦੋਂ ਵੀ ਕੁੱਝ ਕੁ ਘੰਟਿਆਂ ਦੀ ਮਹਿਜ਼ਬੀਨ ਨੂੰ ਪਤਾ ਨਹੀਂ ਸੀ ਕਿ ਡਾਕਟਰ ਦਾ ਭੁਗਤਾਨ ਨਾ ਹੋਣ ਦੀ ਵਜ੍ਹਾ ਕਰਕੇ ਉਸ ਦੇ ਵਾਲਦੈਨ ਉਸ ਨੂੰ ਅਨਾਥ ਆਸ਼ਰਮ ਛੱਡ ਆਏ ਹਨ । ਏਵੇਂ ਹੀ ਮ੍ਰਿਤਕ ਪਈ ਮੀਨਾ ਨੂੰ ਹੁਣ ਵੀ ਇਹ ਪਤਾ ਨਹੀਂ ਸੀ ਕਿ ਹਸਪਤਾਲ ਦੇ ਭੁਗਤਾਨ ਤੋਂ ਦੂਜੇ ਕਿਵੇ ਖਿਸਕ ਰਹੇ ਹਨ। ਮੀਨਾ ਕੁਮਾਰੀ ਦੀ ਸਿਨੇ-ਜਗਤ ਲਈ ਲਾਸਾਨੀ ਦੇਣ ਨੂੰ ਕਦੇ ਨਾ ਭੁਲਾਇਆ ਜਾ ਸਕਣ ਵਾਲੇ ਅਹਿਸੂਸਾਂ ਦਾ ਪੌਦਾ ਉਗ ਖਲੋਂਦਾ ਹੈ । ਫਿਰ ਅਜਿਹਾ ਅਹਿਸਾਸ, ਸਾਹਾਂ ਵਿੱਚ ਆ ਰਲਦਾ ਹੈ ਕਿਓਂਕਿ
ਜਾਨੇ ਵਾਲੇ ਕਭੀ ਨਹੀਂ ਆਤੇ
ਜਾਨੇ ਵਾਲੋਂ ਕੀ ਯਾਦ ਆਤੀ ਹੈ ।    
ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ: 98157-07232

No comments:

Post a Comment