Saturday, April 7, 2012

ਬਾਸਕਟਬਾਲ ਫ਼ੈਡਰੇਸ਼ਨ ਕੱਪ ‘ਚ ਪੰਜਾਬ ਦੀ ਬੱਲੇ-ਬੱਲੇ


     ਬਾਸਕਟਬਾਲ ਫ਼ੈਡਰੇਸ਼ਨ ਕੱਪ ਚ ਪੰਜਾਬ ਦੀ ਬੱਲੇ-ਬੱਲੇ
                                       ਰਣਜੀਤ ਸਿੰਘ ਪ੍ਰੀਤ
               26ਵਾਂ ਨੈਸ਼ਨਲ ਬਾਸਕਟਬਾਲ ਫ਼ੈਡਰੇਸ਼ਨ ਕੱਪ ਕੋਚੀ (ਕੇਰਲਾ) ਦੇ ਓਰਿਜ਼ਨਲ ਸਪੋਰਟਸ ਸੈਂਟਰ ਵਿੱਚ 14 ਤੋਂ 18 ਮਾਰਚ ਤੱਕ ਖੇਡਿਆ ਗਿਆ । ਪੁਰਸ਼ ਅਤੇ ਮਹਿਲਾ ਵਰਗ ਦੀਆਂ 8-8 ਟੀਮਾਂ ਨੇ ਭਾਰਤ ਭਰ ਵਿੱਚੋਂ ਸ਼ਿਰਕਤ ਕੀਤੀ । ਪੁਰਸ਼ ਡਵੀਜ਼ਨ ਵਿੱਚ ਪੰਜਾਬ ਪੁਲੀਸ (ਪੰਜਾਬ),ਵੈਸਟਰਨ ਰੇਲਵੇਜ਼ (ਇੰਡੀਅਨ ਰੇਲਵੇਜ਼),ਇੰਡੀਅਨ ਓਵਰਸੀਜ਼ ਬੈਂਕ (ਤਾਮਿਲਨਾਡੂ),ਓ.ਐਨ.ਜੀ.ਸੀ.(ਓਇਲ ਐਂਡ ਨੇਚੁਰਲ ਗੈਸ ਕਮਿਸ਼ਨ,(ਉਤਰਾਖੰਡ),ਏਅਰ ਫੋਰਸ (ਸਰਵਿਸਜ਼),ਹੈਦਰਾਬਾਦ ਡਿਸਟ੍ਰਿਕਟ (ਆਂਧਰਾ ਪ੍ਰਦੇਸ਼),ਭਿਲਾਈ ਸਟੀਲ ਪਲਾਂਟ (ਛੱਤੀਸਗੜ੍ਹ),ਕਸਟਮਸ ਐਂਡ ਸੈਂਟਰਲ ਐਕਸਾਈਜ਼ (ਕੇਰਲਾ) ਦੀਆਂ ਟੀਮਾਂ ਸ਼ਾਮਲ ਹੋਈਆਂ ।
                ਇਸ ਬਹੁਤ ਹੀ ਰੌਚਕ ਅਤੇ ਧੜੱਲੇਦਾਰ ਮੁਕਾਬਲੇ ਦਾ ਪਹਿਲਾ ਮੈਚ 14 ਮਾਰਚ ਨੂੰ ਵੈਸਟਰਨ ਰੇਲਵੇ ਅਤੇ ਇੰਡੀਅਨ ਓਵਰਸੀਜ਼ ਬੈਂਕ (ਤਾਮਿਲਨਾਡੂ) ਦਰਮਿਆਂਨ ਖੇਡਿਆ ਗਿਆ ਇਸ ਵਿੱਚ ਤਾਮਿਲਨਾਡੂ ਦੀ ਟੀਮ 73-36 ਨਾਲ ਜੇਤੂ ਬਣੀ । ਆਪਣੀ ਡਵੀਜ਼ਨ ਵਿੱਚੋਂ ਸੈਮੀਫਾਈਨਲ ਤੱਕ ਦਾ ਸਫ਼ਰ ਤੈਅ ਕਰਨ ਲਈ ਤਾਮਿਲਨਾਡੂ ਦੀ ਟੀਮ ਨੇ ਅਗਲੇ ਦੋ ਮੈਚਾਂ ਵਿੱਚ ਹੈਦਰਾਬਾਦ ਡਿਸਟ੍ਰਿਕਟ (ਆਂਧਰਾ ਪ੍ਰਦੇਸ਼) ਦੀ ਟੀਮ ਨੂੰ 97-43 ਨਾਲ ਅਤੇ ਕੇਰਲਾ ਨੂੰ  75-72 ਨਾਲ ਹਰਾਇਆ । ਇਹ ਮੈਚ ਬਹੁਤ ਰੌਚਕ ਰਿਹਾ । ਟੂਰਨਾਮੈਟ ਦਾ ਇਹੀ ਇੱਕੋ ਇੱਕ ਮੈਚ ਸੀ ਜੋ 63-63 ਨਾਲ ਬਰਾਬਰ ਰਹਿਣ ਮਗਰੋਂ ਵਾਧੂ ਸਮੇ ਵਿੱਚ 75-72 ਦੇ ਫ਼ੈਸਲੇ ਤੱਕ ਪਹੁੰਚਿਆ । ਟੂਰਨਾਮੈਂਟ ਦੌਰਾਂਨ ਇਹ ਜਿੱਤ ਅੰਤਰ ਸਿਰਫ਼ 3 ਅੰਕ ਵੀ ਰਿਕਾਰਡ ਬਣਿਆਂ । ਇਸ ਤੋਂ ਇਲਾਵਾ ਤਾਮਿਲਨਾਡੂ ਨੇ 97 ਅੰਕ ਇੱਕ ਟੀਮ ਵੱਲੋਂ ਇੱਕ ਮੈਚ ਵਿੱਚ ਬਨਾਉਣ ਦਾ  ਰਿਕਾਰਡ ਵੀ ਬਣਾਇਆ । ਤਿੰਨੇ ਮੈਚ ਜਿੱਤ ਕੇ 245 ਅੰਕ ਬਣਾਕੇ ਅਤੇ 175 ਅੰਕ ਦੇ ਕੇ ਇਹ ਟੀਮ ਸ਼ਿਖ਼ਰ ਤੇ ਰਹੀ । ਕਸਟਮਸ ਐਂਡ ਸੈਂਟਰਲ ਐਕਸਾਈਜ (ਕੇਰਲਾ) ਨੇ ਹੈਦਰਾਬਾਦ ਨੂੰ 78-47 ਨਾਲ ਅਤੇ ਵੈਸਟਰਨ ਰੇਲਵੇ ਨੂੰ 81-24 ਨਾਲ ਹਰਾਕੇ ਡਵੀਜ਼ਨ ਵਿੱਚੋਂ ਦੂਜਾ ਸਥਾਨ ਹਾਸਲ ਕਰਦਿਆਂ ਸੈਮੀਫ਼ਾਈਨਲ ਪ੍ਰਵੇਸ਼ ਪਾਇਆ । ਕੇਰਲਾ ਨੇ ਖੇਡੇ 3 ਮੈਚਾਂ ਵਿੱਚੋਂ 2 ਜਿੱਤੇ ਇੱਕ ਹਾਰਿਆ ,ਕੁੱਲ 231ਅੰਕ ਬਣਾਏ ਅਤੇ ਆਪਣੇ ਸਿਰ 146 ਅੰਕ ਹੀ ਬਣਨ ਦਿੱਤੇ । ਵੈਸਟਰਨ ਰੇਲਵੇ ਨੇ ਹੈਦਰਾਬਾਦ ਨੂੰ 79-72 ਨਾਲ ਹਰਾਕੇ ਪਹਿਲੀ ਅਤੇ ਆਖ਼ਰੀ ਜਿੱਤ ਦਰਜ ਕੀਤੀ । ਇਸ ਵਿਰੁੱਧ 226  ਬਣੇ ਅਤੇ ਇਸ ਨੇ 139  ਅੰਕ ਬਣਾਏ । ਜਦੋਂ ਕਿ ਹੈਦਰਾਬਾਦ ਦੀ ਟੀਮ  ਬਗੈਰ ਕੋਈ ਮੈਚ ਜਿੱਤਿਆ 162   ਅੰਕ ਹੀ ਬਣਾ ਸਕੀ ਅਤੇ ਉਸ ਵਿਰੁੱਧ 254  ਅੰਕ ਬਣੇ ।           

                  ਪੰਜਾਬ ਪੁਲੀਸ (ਪੰਜਾਬ)ਵਾਲੀ ਡਵੀਜ਼ਨ ਵਿੱਚ ਪਜਾਬ ਨੇ ਆਪਣੇ ਪਹਿਲੇ ਮੈਚ ਵਿੱਚ ਭਿਲਾਈ ਸਟੀਲ ਪਲਾਂਟ (ਛੱਤੀਸਗੜ੍ਹ) ਨੂੰ 66-43 ਨਾਲ, ਦੂਜੇ ਮੈਚ ਵਿੱਚ ਏਅਰ ਫੋਰਸ (ਸਰਵਿਸਜ਼) ਨੂੰ 73-51 ਨਾਲ ਹਰਾਇਆ । ਪਰ ਤੀਜੇ ਅਤੇ ਆਖ਼ਰੀ ਮੈਚ ਵਿੱਚ ਓਇਲ ਐਂਡ ਨੇਚੁਰਲ ਗੈਸ ਕਮਿਸ਼ਨ ,ਓ.ਐਨ.ਜੀ.ਸੀ.(ਉਤਰਾਖੰਡ) ਤੋਂ 71-82 ਨਾਲ ਹਾਰ ਕੇ 210 ਅੰਕ ਬਣਾਉਂਦਿਆਂ ਅਤੇ  176 ਅੰਕ ਦਿੰਦਿਆ ਡਵੀਜ਼ਨ ਚੋਂ ਦੂਜਾ ਸਥਾਨ ਲਿਆ । ਓ.ਐਨ.ਜੀ.ਸੀ.(ਉਤਰਾਖੰਡ) ਦੀ ਟੀਮ ਤਿੰਨ ਦੇ ਤਿੰਨ ਮੈਚ ਜਿੱਤ ਕੇ ਸ਼ਿਖ਼ਰ ਤੇ ਰਹੀ । ਇਸ ਨੇ ਏਅਰ ਫੋਰਸ ਨੂੰ 73-51 ਨਾਲ,ਅਤੇ ਛੱਤੀਸਗੜ੍ਹ ਨੂੰ 76-53 ਨਾਲ ਮਾਤ ਦਿੱਤੀ । ਕੁੱਲ 231 ਅੰਕ ਬਣਾਏ ਅਤੇ 175 ਅੰਕ ਆਪਣੇ ਸਿਰ ਹੋਣ ਦਿੱਤੇ । ਏਅਰ ਫੋਰਸ ਨੇ ਛੱਤੀਸਗੜ੍ਹ ਨੂੰ 76-58 ਨਾਲ ਹਰਾਕੇ ਜਿੱਤ ਦਾ ਖਾਤਾ ਖੋਲ੍ਹਿਆ । ਆਪਣੇ ਸਿਰ 204  ਅੰਕ ਹੋਣ ਦਿੱਤੇ ਅਤੇ 178  ਅੰਕ ਲਏ । ਛੱਤੀਸਗੜ੍ਹ ਦੀ ਟੀਮ ਕੋਈ ਵੀ ਮੈਚ ਨਾ ਜਿੱਤ ਸਕੀ । ਇਸ ਵਿਰੁੱਧ 218  ਅੰਕ ਬਣੇ ਅਤੇ ਇਸ ਤੋਂ 154  ਅੰਕ ਹੀ ਬਣੇ । 
            17 ਮਾਰਚ ਵਾਲੇ ਸੈਮੀਫ਼ਾਈਨਲ ਮੈਚਾਂ ਤੱਕ ਕੁੱਲ 1550 ਅੰਕ ਬਣੇ । ਪਹਿਲਾ ਸੈਮੀਫ਼ਾਈਨਲ ਪੰਜਾਬ ਨੇ ਤਾਮਿਲਨਾਡੂ ਵਿਰੁੱਧ 69-65 ਨਾਲ ਜਿੱਤਿਆ । ਦੂਜੇ ਸੈਮੀਫ਼ਾਈਨਲ ਵਿੱਚ ਉਤਰਾਖੰਡ ਦੀ ਟੀਮ 47-44 ਨਾਲ ਕੇਰਲਾ ਤੇ ਭਾਰੂ ਰਹੀ । ਟੂਰਨਾਮੈਂਟ ਵਿੱਚ ਇਹ ਦੂਜਾ ਮੈਚ ਸੀ ਜਿਸ ਦਾ ਫ਼ੈਸਲਾ 3 ਅੰਕਾਂ ਦੇ ਅੰਤਰ ਨਾਲ ਹੋਇਆ । ਤੀਜੇ ਸਥਾਨ ਲਈ ਤਾਮਿਲਨਾਡੂ ਨੇ ਕੇਰਲਾ ਨੂੰ 84-74 ਨਾਲ ਹਰਾਇਆ । ਪੂਰੇ ਮੁਕਾਬਲੇ ਦੌਰਾਂਨ ਇਸ ਮੈਚ ਵਿੱਚ 158 ਅੰਕ, ਸਭ ਮੈਚਾਂ ਤੋਂ ਵੱਧ ਬਣੇ । ਖ਼ਿਤਾਬੀ ਮੁਕਾਬਲੇ ਵਾਲਾ ਮੈਚ 18 ਮਾਰਚ ਨੂੰ ਪੰਜਾਬ ਅਤੇ ਉਤਰਾਖੰਡ ਦੀਆਂ ਟੀਮਾਂ ਦਰਮਿਆਂਨ ਖੇਡਿਆ ਗਿਆ । ਪੰਜਾਬ ਦੇ ਖਿਡਾਰੀ ਅਮ੍ਰਿਤਪਾਲ ਸਿੰਘ ਨੇ ਸਭ ਤੋਂ ਵੱਧ 22 ਅਤੇ ਰਿਬਾਊਂਡ ਤੋ 11,ਜਗਦੀਪ ਸਿੰਘ ਨੇ 17,ਅਮਨਜੋਤ ਨੇ ਅੰਕ ਬਣਾਕੇ ਟੀਮ ਨੂੰ 72 ਅੰਕਾਂ ਤੱਕ ਅਪੜਾਇਆ । ਜਦੋਂ ਕਿ ਖਿਤਾਬ ਦੀ ਪ੍ਰਮੁੱਖ ਦਾਅਵੇਦਾਰ ਉਤਰਾਖੰਡ ਦੀ ਟੀਮ ਵਿਸ਼ੇਸ਼ ਭਰੀਗੁਵਾਂਸ਼ੀ ਦੇ 21 ਅਤੇ ਯਾਦਵਿੰਦਰ ਸਿੰਘ ਦੇ 20 ਅੰਕਾਂ ਨਾਲ 59 ਅੰਕਾਂ ਤੱਕ ਹੀ ਪਹੁੰਚ ਸਕੀ । ਇਸ ਤਰ੍ਹਾਂ ਮੁੱਖ ਕੋਚ ਗੁਰਕਿਰਪਾਲ ਸਿੰਘ ਢਿੱਲੋਂ, ਕੋਚ ਰਵਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਨੇ ਇਹ ਵਕਾਰੀ ਬਾਸਕਟਬਾਲ ਟੂਰਨਾਮੈਟ 10 ਸਾਲ ਦੇ ਵਕਫ਼ੇ ਮਗਰੋਂ 13 ਅੰਕਾਂ ਦੇ ਫ਼ਰਕ ਨਾਲ ਜਿੱਤ ਕੇ ਪੰਜਾਬ ਦੀ ਬੱਲੇ ਬੱਲੇ ਕਰਾਈ ।
                                  ************************
ਰਣਜੀਤ ਸਿੰਘ ਪ੍ਰੀਤ
ਭਗਤਾ-151206(ਬਠਿੰਡਾ)
ਮੁਬਾਇਲ ਸੰਪਰਕ;98157-07232

No comments:

Post a Comment