Friday, August 3, 2012

ਜੀਹਨੂੰ ਖ਼ਵਾਬਾਂ ਵਿੱਚ ਵੀ ਮਿਲਦੇ ਸਨ ਦਰਸ਼ਕ ;ਫਲੋ ਜੋਅ

            ਜੀਹਨੂੰ ਖ਼ਵਾਬਾਂ ਵਿੱਚ ਵੀ ਮਿਲਦੇ ਸਨ ਦਰਸ਼ਕ ;ਫਲੋ ਜੋਅ
                                                        ਰਣਜੀਤ ਸਿੰਘ ਪ੍ਰੀਤ
  ਹੈਪਟਾਥਲੋਨ ਅਤੇ ਲੰਬੀ ਛਾਲ ਦੀ ਅਥਲੀਟ ਜੈਕੀ ਜੋਇਨਰ ਕਰਸੀ ਦੀ ਲਾਡਲੀ ਭਰਜਾਈ ਅਤੇ ਅਲ ਜੋਇਨਰ ਦੀ ਪਤੱਨੀ ਫਲੋਰੈਂਸ ਡਿਲੋਰਿਜ ਗਿ੍ਰਫਿਥ ਦਾ ਜਨਮ 21 ਦਸੰਬਰ 1959 ਨੂੰ ਲਾਸ ਏਂਜਲਸ,ਕੈਲੇਫੋਰਨੀਆਂ ਵਿਖੇ ਹੋਇਆ । ਅਮਰੀਕੀ ਸਹਿਰਨ 5 ਫੁੱਟ 7 ਇੰਚ ਕੱਦ ਵਾਲੀ,59 ਕਿਲੋ ਵਜਨੀ ਫਲੋਰੈਂਸ ਡਿਲੋਰਿਜ ਗਿ੍ਰਫਿਥ,ਜਿਸ ਨੂੰ ਪਿਆਰ ਨਾਲ ਫਲੋ ਜੋਅ ਵੀ  ਕਿਹਾ ਕਰਦੇ ਸਨ । ਅਲ ਜੋਇਨਰ ਨਾਲ ਵਿਆਹ ਕਰਵਾਉਣ ਮਗਰੋਂ ਫਲੋਰੈਂਸ ਡਿਲੋਰਿਜ ਗਿ੍ਰਫਿਥ ਜੋਇਨਰ ਜਾਂ ਫਲੋਰੈਂਸ ਗਿ੍ਰਫਿਥ ਜੋਇਨਰ ਅਖਵਾਉਂਣ ਲੱਗੀ ।
                  ਹਾਰ ਸ਼ਿੰਗਾਰ ਦੀ ਸ਼ੁਕੀਨਣ ਨੇ ਲੰਬੇ ਲੰਬੇ ਰੱਖੇ ਨਹੁੰਆਂ ਉੱਤੇ ਰੰਗ-ਬਿਰੰਗੀ ਨਹੁੰ ਪਾਲਸ਼ ਲਾਉਂਣੀ, ਗੰਢੇ ਦੇ ਛਿਲਕੇ ਵਰਗੀ ਪੁਸ਼ਾਕ ਪਹਿਨਣੀ, ਅਤੇ ਹਰੇਕ ਨਾਲ ਹੱਸ ਕਿ ਬੋਲਣਾ ਉਹਦੀ ਆਦਤ ਸੀ । ਦਰਸ਼ਕਾਂ ਦੇ ਦਿਲਾਂ ਦੀ ਰਾਣੀ,ਖਵਾਬਾਂ ਦੀ ਮਲਕਾ ਅਤੇ ਟਰੈਕ ਦੀ ਪਰੀ ਫਲੋ ਜੋਅ ਨੇ ਪਹਿਲੀ ਵਾਰੀ ਓਲੰਪਿਕ ਖੇਡਾਂ ਵਿੱਚ 1984 ਨੂੰ ਲਾਸ ਏਂਜਲਸ ਸਮੇ ਸਮੂਲੀਅਤ ਕੀਤੀ । ਉਸ ਨੇ 200 ਮੀਟਰ ਭਾਜ ਵਿੱਚ ਹਿੱਸਾ ਲਿਆ ਅਤੇ 22.04 ਸਮੇ ਨਾਲ ਚਾਂਦੀ ਦਾ ਤਮਗਾ ਜਿੱਤਿਆ ।
                            ਰੋਜ਼ਾਨਾ ਇੱਕ ਹਜ਼ਾਰ ਬੈਠਕਾਂ ਮਾਰਨ ਅਤੇ ਬਾਈਬਲ ਪੜਨ ਵਾਲੀ ਫਲੋਰੈਂਸ ਗਿ੍ਰਫਿਥ ਜੋਇਨਰ 1988 ਦੀਆਂ ਸਿਓਲ ਓਲੰਪਿਕ ਖੇਡਾਂ ਸਮੇ ਬੁਲੰਦੀਆਂ ‘ਤੇ ਰਹੀ । ਹਰ ਪਾਸੇ ਇਸ ਦੇ ਚਰਚੇ ਸਨ । ਇਸ ਨੇ 5 ਅਗਸਤ 1984 ਨੂੰ 100 ਮੀਟਰ ਦਾ 10.97 ਸਮੇ ਵਾਲਾ ਬਣਿਆਂ ਰਿਕਾਰਡ, 16 ਜੁਲਾਈ 1988 ਨੂੰ 10.49 ਸਮੇ ਨਾਲ ਤੋੜਿਆ । ਫਲੋ ਜੋਅ ਦਾ ਇਹ ਵਿਸ਼ਵ ਰਿਕਾਰਡ ਵੀ ਸੀ । ਉਹਦੇ ਲਈ 1988 ਵਾਲੀਆਂ ਓਲੰਪਿਕ ਖੇਡਾਂ ਵਾਸਤੇ ਇਹ ਬਹੁਤ ਹੌਂਸਲਾ ਦੇਣ ਵਾਲਾ ਰਿਕਾਰਡ ਸੀ । ਪਰ ਓਲੰਪਿਕ ਸਮੇਂ ਉਸ ਨੇ 24 ਸਤੰਬਰ 1988 ਨੂੰ 10.88 ਸੈਕਿੰਡ ਸਮੇ ਨਾਲ ਓਲੰਪਿਕ ਰਿਕਾਰਡ ਬਣਾਇਆ । ਏਸੇ ਦਿਨ ਦੂਜੀ ਹੀਟ ਵਿੱਚ 10.62 ਸਮਾਂ ਰੱਖਿਆ । ਪਰ ਫਾਈਨਲ ਮੁਕਾਬਲਾ 10.54 ਨਾਲ ਜਿੱਤ ਕੇ ਉਹਨੇ ਧਰਤੀ ਨੂੰ ਚੁੰਮਿਆਂ ਅਤੇ ਅਮਰੀਕੀ ਹਰਡਲਰ ਆਂਦਰੇ ਫਿਲਿਪਸ ਨੇ ਉਸ ਨੂੰ ਝੰਡਾ ਫੜਾਉਂਦਿਆਂ ਉਹਦੇ ਕੰਨ ਵਿੱਚ ਕੁੱਝ ਕਿਹਾ ,ਉਹ ਮੁਸਕਰਾਈ ਅਤੇ ਟਰੈਕ ਦਾ ਚੱਕਰ ਲਾਉਣ ਲੱਗੀ । ਉਹਦੇ ਨਾਲੋ ਨਾਲ ਉਹਦਾ ਟ੍ਰੇਨਰ,ਪਤੀ ਅਤੇ ਕੈਮਰਾਮੈਨ ਦੌੜਦੇ ਜਾ ਰਹੇ ਸਨ ।
                          28 ਸਤੰਬਰ ਨੂੰ 200 ਮੀਟਰ ਦੌੜ ਦਾ ਮੁਕਾਬਲਾ ਹੋਇਆ । ਫਲੋਰੈਂਸ ਗਿ੍ਰਫਿਥ ਜੋਇਨਰ ਨੇ ਕੁਆਰਟਰ ਫਾਈਨਲ ਵਿੱਚ 21.76 (ਓਲੰਪਿਕ ਰਿਕਾਰਡ),ਸੈਮੀਫਾਈਨਲ ਵਿੱਚ 21.56 (ਓਲੰਪਿਕ ਅਤੇ ਵਿਸ਼ਵ ਰਿਕਾਰਡ),29 ਸਤੰਬਰ ਦੇ ਫਾਈਨਲ ਵਿੱਚ 21.34 ਸੈਕਿੰਡ ਸਮੇ ਨਾਲ ਓਲੰਪਿਕ ਅਤੇ ਵਿਸ਼ਵ ਰਿਕਾਰਡ ਬਣਾਉਂਦਿਆਂ ਇਸ ਦੌੜ ਦੀ ਉਹ ਜੇਤੂ ਬਣੀ । ਫਲੋ ਜੋਅ ਨੇ ਤੀਜਾ ਸੋਨ ਤਮਗਾ 4 *100 ਮੀਟਰ ਰਿਲੇਅ ਵਿੱਚੋਂ 41.98 ਸਮੇ ਨਾਲ ਜਿੱਤਿਆ । ਪਰ 4*400 ਮੀਟਰ ਵਿੱਚੋਂ 3:15.51 ਸਮੇ ਨਾਲ ਚਾਂਦੀ ਦਾ ਤਮਗਾ ਹੀ ਲੈ ਸਕੀ । ਜੋ 1987 ਵਿੱਚ ਵਿਸਵ ਚੈਂਪੀਅਨਸ਼ਿੱਪ ਰੋਮ ਵਿਖੇ ਹੋਈ ਸੀ,ਉਦੋਂ 4*100 ਮੀਟਰ ਰਿਲੇਅ ਵਿੱਚੋਂ ਸੋਨੇ ਦਾ,ਅਤੇ 200 ਮੀਟਰ ਵਿੱਚੋਂ ਚਾਂਦੀ ਦਾ ਤਮਗਾ ਜਿੱਤਿਆ ਸੀ । ਸਿਓਲ ਦੀਆਂ ਪ੍ਰਾਪਤੀਆਂ ਮਗਰੋਂ ਅਮਰੀਕਾ ਦੇ ਰਾਸ਼ਟਰਪਤੀ ਰੋਨਾਲਡ ਰੀਗਨ ਨੇ ਸਨਮਾਨ ਕਰਦਿਆਂ ਥਾਪੜਾ ਦਿੱਤਾ।
                          ਪਰ ਉਸ ਵੱਲੋਂ ਪੱਤਰਕਾਰਾਂ ਦੀਆਂ ਬੁਕਲਾਂ ਵਿੱਚ ਬਹਿ ਬਹਿ ਖਿਚਵਾਈਆਂ ਫੋਟੋਆਂ ਅੱਜ ਇੱਕ ਯਾਦ ਬਣਕੇ ਰਹਿ ਗਈਆਂ ਹਨ । ਉਸ ਦੇ ਗਲੈਮਰ ਕਿੱਸੇ ਕਹਾਣੀਆਂ ਬਾਤਾਂ ਬਣ ਗਏ ਹਨ,ਮਹਿਜ 38 ਸਾਲ ਦੀ ਉਮਰ ਵਿੱਚ ਟਰੈਕ ਦੀ ਇਹ ਪਰੀ,ਮਿਸਿਨ ਵੀਜੋ, ਕੈਲੇਫੋਰਨੀਆਂ ਵਿਖੇ 21 ਸਤੰਬਰ 1998 ਨੂੰ ਸਦਾ ਸਦਾ ਲਈ ਜ਼ਿੰਦਗੀ ਦੇ ਟਰੈਕ ਤੋਂ ਓਝਲ ਹੋ ਗਈ । ਜਿੱਥੋਂ ਨਾ ਕੋਈ ਵਾਪਸ ਆਇਆ ਹੈ,ਅਤੇ ਨਾ ਹੀ ਫਲੋ ਜੋਅ ਨੇ ਹੁੰਗਾਰਾ ਭਰਨਾ ਹੈ । ਪਰ ਓਲੰਪਿਕ ਇਤਿਹਾਸ ਦੇ ਪੰਨੇ ਉਸ ਨੂੰ ਭੁਲਾ ਨਹੀਂ ਸਕਣਗੇ ।   
ਰਣਜੀਤ ਸਿੰਘ ਪ੍ਰੀਤ
98157-07232

No comments:

Post a Comment