Monday, October 22, 2012

ਮਿਹਨਤ ਅਤੇ ਸਫ਼ਲਤਾ ਦਾ ਸਿਰਨਾਵਾਂ ; ਯਸ਼ ਚੋਪੜਾ



         ਮਿਹਨਤ ਅਤੇ ਸਫ਼ਲਤਾ ਦਾ ਸਿਰਨਾਵਾਂ ; ਯਸ਼ ਚੋਪੜਾ
                                                   ਰਣਜੀਤ ਸਿੰਘ ਪ੍ਰੀਤ
                             ਫ਼ਿਲਮੀ ਨਗਰੀ ਦੀ ਚਕਾਚੌਂਧ ਵੇਖ ਕਿ ਬਹੁਤੇ ਲੜਕੇ-ਲੜਕੀਆਂ ਆਪਣੀ ਹੋਸ਼ ਗੁਆ ਬੈਠਦੇ ਹਨ । ਉਹ ਇਸ ਤੜਕ-ਭੜਕ ਵਿੱਚ ਸ਼ਾਮਲ ਹੋਣ ਲਈ ਕਈ ਤਰ੍ਹਾਂ ਦੇ ਹਥ ਕੰਡੇ ਵੀ ਵਰਤਦੇ ਹਨ । ਮੰਜ਼ਿਲ ਤੇ ਅਪੜਨ ਲਈ ਪੌੜੀਆਂ ਵੀ ਲਭਦੇ ਹਨ । ਪਰ ਮਿਹਨਤੀ ਅਤੇ ਸਿਰੜੀ ਲੋਕਾਂ ਨੂੰ ਇਹਨਾਂ ਗੱਲਾਂ ਦੀ ਕੋਈ ਜ਼ਰੂਰਤ ਹੀ ਨਹੀਂ ਪੈਂਦੀ । ਸਫ਼ਲਤਾ ਆਪਣੇ ਆਪ ਉਹਨਾਂ ਦੇ ਕਦਮ ਚੁੰਮਦੀ ਹੈ । ਇਸ ਮਿਹਨਤ ਵਾਲੀ ਕਸੌਟੀ ਤੇ ਹੀ ਖ਼ਰਾ ਉਤਰਦਾ ਨਾਅ ਸੀ ਯਸ਼ ਰਾਜ ਚੋਪੜਾ । ਅਰਥਾਤ ਯਸ਼ ਚੋਪੜਾ । ਇਸ ਰੁਮਾਂਟਿਕ ਡਾਇਰੈਕਟਰ,ਪ੍ਰੋਡਿਊਸਰ ਨੇ 27 ਸਤੰਬਰ ਨੂੰ ਹੀ ਆਪਣਾ ਜਨਮ ਦਿਨ ਜੋਸ਼ੋ-ਖ਼ਰੋਸ਼ ਨਾਲ ਮਨਾਇਆ ਸੀ ਅਤੇ ਕੁੱਝ ਕੁ ਦਿਨ ਪਹਿਲਾਂ ਹੀ ਫ਼ਿਲਮਾਂ ਤੋਂ ਬਾਹਰ ਰਹਿਣ ਦਾ ਐਲਾਨ ਕੀਤਾ ਸੀ । ਪਰ ਕਿਸੇ ਨੂੰ ਇਹ ਕੀ ਪਤਾ ਸੀ ਕਿ 13 ਅਕਤੂਬਰ ਨੂੰ ਲੀਲਾਵਤੀ ਹਸਪਤਾਲ ਮੁੰਬਈ ਵਿੱਚ ਡੇਂਘੂ ਨਾਲ ਪੀੜਤ ਹੋਣ ਮਗਰੋਂ ਦਾਖ਼ਲ ਕਰਵਾਏ ਯਸ਼ ਜੀ ਨੂੰ ਏਨੀ ਛੇਤੀ ਇਸ ਦੁਨੀਆਂ ਤੋਂ ਹੀ ਸਦਾ ਸਦਾ ਲਈ ਰੁਖ਼ਸਤ ਹੋਣ ਦਾ ਸੱਦਾ ਆ ਜਾਵੇਗਾ।
                        ਬਲਦੇਵ ਰਾਜ ਚੋਪੜਾ ਜਿਨਾਂ ਨੂੰ ਫਿਲਮੀ ਜਗਤ ਵਿੱਚ (ਬੀ ਆਰ ਚੋਪੜਾ) ਦੇ ਨਾਅ ਨਾਲ ਜਾਣਿਆਂ ਜਾਂਦਾ ਹੈ ਤੋਂ ਇਲਾਵਾ, 5 ਹੋਰ ਭਰਾਵਾਂ ਦਾ ਭਰਾ,ਅਤੇ ਇੱਕ ਭੈਣ ਦਾ ਲਾਡਲਾ ਵੀਰ, ਚੋਪੜਾ ਪਰਿਵਾਰ ਵਿੱਚ ਅੱਠਵੇਂ ਬੱਚੇ ਵਜੋਂ ਲਾਹੌਰ ਵਿਖੇ  27 ਸਤੰਬਰ 1932 ਨੂੰ ਜਨਮਿਆਂ ਥੋਹੜਾ ਵੱਡਾ ਹੋਇਆ ਤਾਂ ਫ਼ਿਲਮੀ ਪੱਤਰਕਾਰ ਵੱਡੇ ਭਰਾਤਾ ਬੀ ਆਰ ਚੋਪੜਾ ਨਾਲ ਹੀ ਜ਼ਿਆਦਾ ਸਮਾਂ ਬਿਤਾਉਣ ਲੱਗਿਆ ਉਹ 1945 ਵਿੱਚ ਜਲੰਧਰ ਵਿਖੇ ਪੜ੍ਹਦਾ ਰਿਹਾ ਅਤੇ ਫਿਰ ਏਥੋਂ ਉਹ ਲੁਧਿਆਣਾ ਜਾ ਪਹੁੰਚਿਆ ਉਸਦਾ ਭਰਾ ਉਸ ਨੂੰ ਇੰਜਨੀਰਿੰਗ ਦੀ ਡਿਗਰੀ ਤੱਕ ਪੜਾਉਣ ਦਾ ਚਾਹਵਾਨ ਸੀ ਪਰ ਫ਼ਿਲਮਾਂ ਵਿੱਚ ਰੁਚੀ ਸਦਕਾ ਉਹ ਮਾਂ ਦੇ ਅਸ਼ੀਰਵਾਦ ਨਾਲ ਜਦ ਮੁੰਬਈ ਲਈ ਰਵਾਨਾ ਹੋਇਆ ਤਾਂ ਉਸਦੀ ਜੇਬ ਵਿੱਚ 200 ਰੁਪਏ ਸਨ ਉੱਥੇ ਉਸ ਨੇ ਆਈ ਐਸ ਜੌਹਰ ਨਾਲ ਬਤੌਰ ਸਹਾਇਕ ਡਾਇਰੈਕਟਰ ਕੰਮ ਕਰਨਾ ਸ਼ੁਰੂ ਕਰਿਆ ਅਤੇ ਏਕ ਹੀ ਰਾਸਤਾ (1956),ਨਇਆ ਦੌਰ (1957),ਸਾਧਨਾ (1958) ਫਿਲਮਾਂ ਲਈ ਕੰਮ ਵੀ ਕਰਿਆ । ਇਸ ਤੋਂ ਅਗਲੇ ਹੀ ਸਾਲ 1959 ਵਿੱਚ ਬੀ ਆਰ ਚੋਪੜਾ ਨੇ ਫ਼ਿਲਮਧੂਲ ਕਾ ਫ਼ੂਲਯਸ਼ ਚੋਪੜਾ ਨੂੰ ਸੌਂਪ ਦਿੱਤੀ ਪਰ ਜਦ 1965 ਵਿੱਚ ਫ਼ਿਲਮ ਵਕਤ ਆਈ ਤਾਂ ਉਸ ਨੇ ਯਸ਼ ਜੀ ਨੂੰ ਖ਼ੂਬ ਸ਼ੁਹਰਤ ਦਿੰਦਿਆਂ ਉਹਦਾ ਵਕਤ ਹੀ ਬਦਲ ਕੇ ਰੱਖ ਦਿੱਤਾ । ਯਸ਼ ਜੀ ਨੇ ਕੁੱਲ 22 ਫਿਲਮਾਂ ਦੀ ਡਾਇਰੈਕਸ਼ਨ ਕੀਤੀ।

                  1970 ਵਿੱਚ ਯਸ਼ ਚੋਪੜਾ ਨੇ ਪਾਮਿਲਾ ਸਿੰਘ ਨਾਲ ਵਿਆਹ ਕਰਵਾ ਲਿਆ ਅਤੇ ਆਪ ਦੇ ਘਰ ਦੋ ਬੇਟੇ ਨਿਰਮਾਤਾ ਅਦਿਤਯ ਚੋਪੜਾ (ਜਨਮ 1971),ਅਦਾਕਾਰ ਨਿਰਮਾਤਾ ਉਦੇ ਚੋਪੜਾ (ਜਨਮ 1973) ਨੇ ਜਨਮ ਲਿਆ । ਏਸੇ ਹੀ ਸਾਲ ਉਹਨਾਂ ਆਪਣੀ ਯਸ਼ ਰਾਜ ਫ਼ਿਲਮਜ਼ ਨਾਅ ਨਾਲ ਫ਼ਿਲਮ ਪ੍ਰੋਡਕਸ਼ਨ ਕੰਪਨੀ ਦਾ ਅਗਾਜ਼ ਵੀ ਕੀਤਾ ਅਤੇ ਏਸੇ ਸਾਲ 1973 ਵਿੱਚ ਹੀ ਪਹਿਲੀ ਫ਼ਿਲਮ ਦਾਗ ਪ੍ਰੋਡਿਊਸ ਕੀਤੀ । ਅਮਿਤਾਬ ਬਚਨ ਨੂੰ ਐਂਗਰੀ ਯੰਗਮੈਨ 1975 ਵਿੱਚ ਆਈ ਫ਼ਿਲਮ ਦੀਵਾਰ ਨੇ ਬਣਾਇਆ ,ਏਵੇਂ ਹੀ 1993 ਵਿੱਚ ਡਰ ਫ਼ਿਲਮ ਨੇ ਸ਼ਾਹਰੁਖ ਖ਼ਾਨ ਨੂੰ ਫ਼ਿਲਮਾਂ ਦਾ ਸ਼ਾਹਸਵਾਰ ਬਣਨ ਦੇ ਰਸਤੇ ਪਾਇਆ । ਪਰ ਯਸ਼ ਚੋਪੜਾ ਜੀ 13 ਨਵੰਬਰ ਨੂੰ ਦਿਵਾਲੀ ਤੇ ਰਿਲੀਜ਼ ਹੋਣ ਵਾਲੀ ਆਪਣੀ ਆਖ਼ਰੀ ਫ਼ਿਲਮ ਜਬ ਤੱਕ ਹੈ ਜਾਨ (2012) ਦੀ ਹਲਚਲ ਨੂੰ ਵੇਖਣ ਤੋਂ ਪਹਿਲਾਂ ਹੀ ਮੁੰਬਈ ਦੇ ਲੀਲਾਵਤੀ ਹਸਪਤਾਲ ਵਿੱਚ ਬੀਤੇ ਕੱਲ੍ਹ 21 ਅਕਤੂਬਰ ਨੂੰ 6.30 ਵਜੇ ਇਸ ਦੁਨੀਆਂ ਤੋਂ ਸਦਾ ਸਦਾ ਲਈ ਰੁਖ਼ਸਤ ਹੋ ਗਏ ।

             ਜਿੱਥੇ ਉਹਨਾਂ ਦੀਆਂ ਫ਼ਿਲਮਾਂ ,ਵਕਤ,ਦਾਗ,ਏ ਪੋਇਮ ਆਫ਼ ਲਵ, ਵਿਜੈ, ਮਸ਼ਾਲ, ਲਮਹੇਂ, ਚਾਂਦਨੀ,ਦਿਲ ਤੋ ਪਾਗਲ ਹੈ,ਵੀਰ ਯਾਰਾ ਆਦਿ ਨੇ ਬੁਲੰਦੀਆਂ ਛੁਹੀਆਂ ਉੱਥੇ ਕਈ ਸਿਖਾਂਦਰੂ ਅਦਾਕਾਰਾਂ ਨੂੰ ਵੀ ਸਥਾਪਤੀ ਦੇ ਰਾਹ ਤੋਰਿਆ । ਉਹਨਾਂ ਨੂੰ 6 ਕੌਮੀ ਐਵਾਰਡਾਂ ਤੋਂ ਇਲਾਵਾ,11 ਫ਼ਿਲਮ ਫ਼ੇਅਰ ਐਵਾਰਡ ਵੀ ਮਿਲੇ । ਕੁੱਝ ਦਿਨ ਪਹਿਲਾਂ ਹੀ ਫ਼ਿਲਮਾਂ ਤੋਂ ਲਾਂਭੇ ਹੋਣ ਦਾ ਐਲਾਨ ਕਰਨ ਵਾਲੇ ਯਸ਼ ਜੀ ਜਿੱਥੇ ਪੰਜਾਬੀ ਫ਼ਿਲਮ ਬਨਾਉਂਣ ਦੀ ਗੱਲ ਅਧੂਰੀ ਛੱਡ ਗਏ ਉੱਥੇ ਫ਼ਿਲਮਾਂ ਛੱਡਣ ਵਾਂਗ ,ਇਹ ਦੁਨੀਆਂ ਵੀ ਛੱਡ ਗਏ । ਪਰ ਲਗਦਾ ਨਹੀਂ ਕਿ ਉਹਨਾਂ ਦੇ ਜਾਨਦਾਰ ਕਾਰਜ ਸਦਕਾ ਅਤੇ ਸਦਾ ਬਹਾਰ ਡਾਇਰੈਕਟਰ ਵਜੋਂ ਅਦਾ ਕੀਤੇ ਰੋਲ ਸਦਕਾ ਉਹਨਾਂ ਨੂੰ ਕੋਈ ਭੁਲਾ ਸਕੇਗਾ ? ਜਾਂ ਉਹ ਕਿਸੇ ਦੇ ਚੇਤਿਆਂ ਚੋਂ ਵਿਸਰ ਜਾਣਗੇ ।


ਰਣਜੀਤ ਸਿੰਘ ਪ੍ਰੀਤ
ਭਗਤਾ(ਬਠਿੰਡਾ)-151206
ਮੁਬਾਇਲ ਸੰਪਰਕ;98157-07232

No comments:

Post a Comment