Showing posts with label ਯਾਦ (ਰਣਜੀਤ ਸਿੰਘ ਪ੍ਰੀਤ). Show all posts
Showing posts with label ਯਾਦ (ਰਣਜੀਤ ਸਿੰਘ ਪ੍ਰੀਤ). Show all posts

Friday, September 14, 2012

ਨਹੀਂ ਰਿਹਾ ਦਿਲ ਵੱਟੇ ਦਿਲ ਵਟਾਉਂਣ ਵਾਲਾ ;ਹਾਕਮ ਸੂਫ਼ੀ


             ਅੱਜ 14 ਸਤੰਬਰ ਦੇ ਸ਼ਰਧਾਂਜਲੀ ਸਮਾਰੋਹ ਮੌਕੇ ਵਿਸ਼ੇਸ਼;

       ਨਹੀਂ ਰਿਹਾ ਦਿਲ ਵੱਟੇ ਦਿਲ ਵਟਾਉਂਣ ਵਾਲਾ ;ਹਾਕਮ ਸੂਫ਼ੀ
                              ਰਣਜੀਤ ਸਿੰਘ ਪ੍ਰੀਤ
  ਅੱਜ 14 ਸਤੰਬਰ ਦੀ ਦੁਪਹਿਰ ਨੂੰ ਸਾਫ਼-ਸੁਥਰੀ ਗਾਇਕੀ ਦੇ ਸ਼ਾਹ ਸਵਾਰ ਹਾਕਮ ਸੂਫ਼ੀ ਨੂੰ ਸ਼ਰਧਾਂਜਲੀ ਸਮਾਗਮ ਮੌਕੇ ਕੁੱਝ ਉਹ ਲੋਕ ਵੀ ਸਪੀਕਰ ਦਾ ਅੜਾਟ ਪਵਾਉਂਣਗੇ ,ਜਿੰਨ੍ਹਾਂ ਨੇ ਨਿੱਜੀ ਵੱਡੇ ਸਰਮਾਇ ਦੇ ਬਾਵਜੂਦ ਵੀ ਬਿਮਾਰੀ ਸਮੇ ਹਾਕਮ ਸੂਫ਼ੀ ਦੀ ਮਦਦ ਲਈ ਹੱਥ ਨਹੀਂ ਵਧਾਇਆ । ਇਹਨਾਂ ਦੇ ਮਗਰਮੱਛੀ ਹੰਝੂ ਅੱਜ ਵੇਖਣ ਵਾਲੇ ਹੋਣਗੇ । ਗਾਇਕੀ ਦੇ ਸਿਖ਼ਰ ਤੇ ਬੈਠੇ ਅਤੇ ਹਾਕਮ ਸੂਫ਼ੀ ਨੂੰ ਆਪਣਾ ਉਸਤਾਦ ਕਹਿਣ ਵਾਲਿਆਂ ਨੇ ਵੀ ਮੁਸ਼ਕਲਾਂ ਸਮੇ ਘੇਸਲ ਵੱਟੀ ਰੱਖੀ । ਅੱਜ ਦੁੱਖ ਜੇ ਹੈ ਤਾਂ ਪੰਜਾਬੀ ਮਾਂ ਬੋਲੀ ਨੂੰ ,ਅੱਜ ਜੇ ਦੁੱਖ ਹੈ ਤਾਂ ਪੰਜਾਬੀਅਤ ਨੂੰ,ਅੱਜ ਜੇ ਦੁੱਖ ਹੈ ਤਾਂ ਉਹਦੇ ਭਰਾਵਾਂ ਹਰਚਰਨ ਚੀਨਾ,ਨਛੱਤਰ ਬਾਬਾ,ਭੈਣਾਂ ਸ਼ਾਤੀ,ਇੰਦਰਜੀਤ ਅਤੇ ਜਗਦੀਪ ਨੂੰ ,ਜਾਂ ਉਹਦੇ ਪਾਗੀ ਭਰਾਵਾਂ ਵਰਗੇ ਦੋਸਤਾਂ ਨੂੰ ਅਤੇ ਸਾਫ਼ ਸੁਥਰੀ ਲੇਖਣੀ ਵਾਲੀਆਂ ਕਲਮਾਂ ਨੂੰ,ਬਾਕੀ ਸੱਭ ਲੋਕ ਵਿਖਾਵਾ-ਡਰਾਮੇਬਾਜ਼ੀ-ਰਾਜਨੀਤੀ ਅਤੇ ਭਾਸ਼ਨ ਦੇਣ ਦਾ ਚਾਅ ਪੂਰਾ ਕਰਨ ਵਾਲੀਆਂ ਗੱਲਾਂ ਹਨ । ਅਜਿਹਾ ਕਿਸੇ ਨੇਤਾ ਜਾਂ ਪੈਸੇ ਦੇ ਪੁੱਤ ਨਾਲ ਵਾਪਰਿਆ ਹੁੰਦਾ,ਤਾਂ ਅੱਜ ਦੁਨੀਆਂ ਦੇ ਵੱਡੇ ਵੱਡੇ ਨੇਤਾਵਾਂ ਦੇ ਵੀ ਸ਼ੋਕ ਸੁਨੇਹੇਂ ਪਹੁੰਚਣੇ ਸਨ । ਦੇਸ਼ ਦੇ ਵੱਡੇ ਵੱਡੇ ਮੰਤਰੀਆਂ,ਨੇਤਾਵਾਂ ਦੀਆਂ ਗੱਡੀਆਂ ਨੇ ਗਿੱਦੜਬਹਾ ਦੇ ਰਾਹਾਂ ਨੂੰ ਗਰਦਾਗੋਰ ਕਰ ਦੇਣਾ ਸੀ । ਪਰ ਉਹ ਇੱਕ ਗਰੀਬੜਾ ਜਿਹਾ ਅਧਿਆਪਕ ਸੀ । ਕਾਲੀ ਕੰਬਲੀ ਅਤੇ ਡੱਫਲੀ ਉਹਦੀਆਂ ਸਾਥਣਾਂ ਸਨ । ਟੁੱਟਿਆ-ਭੱਜਿਆ ਸਾਇਕਲ ਉਹਦੇ ਔਖੇ ਸੌਖੇ ਰਾਹਾਂ ਦਾ ਸਾਥੀ ਸੀ । ਇਸ ਮੌਕੇ ਉਸ ਨੂੰ ਯਾਦ ਕਰਨਾ ਅਤੇ ਜੀਵਨ ਕਹਾਣੀ ਜਾਨਣਾ ਅਤੇ ਸਾਰਿਆਂ ਨਾਲ ਸਾਂਝੀ ਕਰਨਾ ਵੀ ਜ਼ਰੂਰੀ ਜਾਪਦਾ ਹੈ ।
                     ਪੰਜਾਬ ਦੇ ਨਾਮਵਰ ਸੂਫ਼ੀ ਗਾਇਕ,ਗਿਦੜਬਹਾ ਇਲਾਕੇ ਦੇ ਜਗਰਾਤਿਆਂ ਵਰਗੇ ਪ੍ਰੋਗਰਾਮਾਂ ਵਿੱਚ ਵੀ ਹਾਜ਼ਰੀ ਭਰਨ ਵਾਲੇ,ਸੁਰੀਲੇ,ਸਾਰੀ ਉਮਰ ਵਿਆਹ ਨਾ ਕਰਵਾਉਂਣ ਵਾਲੇ,ਕਿਸੇ ਗੁੱਝੀ ਦਾਸਤਾਂ ਦਾ ਸੇਕ ਅੰਦਰੇ- ਅੰਦਰ ਹੰਢਾਉਣ ਵਾਲੇ,ਨਾਭੇ ਤੋਂ ਆਰਟ ਐਂਡ ਕਰਾਫਟ ਦਾ ਕੋਰਸ ਕਰਕੇ 22 ਜਨਵਰੀ 1976 ਨੂੰ ਅਧਿਆਪਕ ਵਜੋਂ ਜੰਗੀਰਾਣਾ ਸਕੂਲ ਵਿੱਚ ਹਾਜ਼ਰ ਹੋਣ ਅਤੇ ਏਥੋਂ ਹੀ 34 ਸਾਲਾਂ ਬਾਅਦ 31 ਮਾਰਚ 2010 ਨੂੰ ਸੇਵਾ ਮੁਕਤ ਹੋਣ ਵਾਲੇ,ਗੁਰਦਾਸ ਮਾਨ ਤੋਂ ਦੋ ਕੁ ਸਾਲ ਪਿੱਛੇ ਪੜ੍ਹਨ ਵਾਲੇ ਅਤੇ ਉਹ ਨੂੰ ਹਰ ਸਮੇ ਨੇਕ ਸਲਾਹ ਦੇਣ ਵਾਲੇ ਅਧਿਆਪਕ ਹਾਕਮ ਸੂਫ਼ੀ ਦਾ 4 ਸਤੰਬਰ ਮੰਗਲਵਾਰ ਦੀ ਰਾਤ ਨੂੰ ਦਿਹਾਂਤ ਹੋ ਗਿਆ । ਉਹ ਪਿਛਲੇ ਕੁੱਝ ਸਾਲਾਂ ਤੋਂ ਦਿਲ ਅਤੇ ਸ਼ੂਗਰ ਦੀ ਬਿਮਾਰੀ ਨਾਲ ਪੀੜਤ ਸੀ । ਇੱਕ ਪਾਸੇ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਸਟੇਟ ਐਵਾਰਡ ਵੰਡੇ ਜਾ ਰਹੇ ਸਨ ਅਤੇ ਦੂਜੇ ਪਾਸੇ ਗਿੱਦੜਬਹਾ ਦੇ ਸਿਵਿਆਂ ਵਿੱਚ ਹਾਕਮ ਦੇ ਅੰਤਮ ਸੰਸਕਾਰ ਲਈ ਚਿਖਾ ਚਿਣੀ ਜਾ ਰਹੀ ਸੀ । ਜਿੱਥੇ ਬਾਅਦ ਦੁਪਹਿਰ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ । ਉਹਦੀ ਚਿਖਾ ਨੂੰ ਨਮ ਅੱਖਾਂ ਨਾਲ ਉਹਦੇ ਭਰਾਵਾਂ ਨਛੱਤਰ ਸਿੰਘ ਬਾਬਾ ਅਤੇ ਹਰਚਰਨ ਚੀਨਾ ਨੇ ਅਗਨੀ ਦਿੱਤੀ । ਉਹ ਹੱਥ ਜੋ ਬਲੈਕ ਬੋਰਡ ਉੱਤੇ ਸਕੂਲੀ ਬੱਚਿਆਂ ਨੂੰ ਚਾਕ ਦੀ ਮਦਦ ਨਾਲ ਲਕੀਰਾਂ ਵਾਹ ਕੇ ਡਰਾਇੰਗ ਸਿਖਾਇਆ ਕਰਦੇ ਸਨ । ਅੱਜ ਉਹੀ ਹੱਥ ਅਤੇ ਹੱਥਾਂ ਦੀਆਂ ਲਕੀਰਾਂ ਜਲ ਕਿ ਰਾਖ਼ ਬਣ ਰਹੀਆਂ ਸਨ । ਚਕਾਚੌਂਧ ਭਰੀ ਜ਼ਿੰਦਗੀ ਤੋਂ ਲਾਂਭੇ ਰਹਿਣ ਵਾਲੇ ਅਤੇ 1985 ਤੋਂ 1995 ਤੱਕ ਸਾਫ-ਸੁਥਰੀ ਗਾਇਕੀ ਨਾਲ ਸਿਖਰਾਂ ਛੁਹਣ ਵਾਲੇ ਇਸ ਸਾਧੂ ਸੁਭਾਅ ਦੇ ਫੱਕਰ  ਦਾ ਜਨਮ 3 ਮਾਰਚ, 1952 ਨੂੰ ਜ਼ਿਲਾ-ਮੁਕਤਸਰ ਦੇ ਸ਼ਹਿਰ ਗਿੱਦੜਬਾਹਾ ਵਿਖੇ ਪਿਤਾ ਕਰਤਾਰ ਸਿੰਘ ਅਤੇ ਮਾਤਾ ਗੁਰਦਿਆਲ ਕੌਰ ਦੇ ਘਰ ਇੱਕ ਅਤੀ ਗਰੀਬ ਪਰਿਵਾਰ ਵਿੱਚ ਹੋਇਆ | ਇਸ ਪਰਿਵਾਰ ਵਿੱਚ ਹਾਕਮ ਸਮੇਤ 4 ਲੜਕੇ ਅਤੇ 4 ਲੜਕੀਆਂ ਨੇ ਜਨਮ ਲਿਆ । ਇਹਨਾਂ ਵਿੱਚੋਂ ਇੱਕ ਭਰਾ ਮੇਜਰ ਸਿੰਘ ਅਤੇ ਇੱਕ ਭੈਣ ਬਲਵਿੰਦਰ ਕੌਰ ਪਹਿਲਾਂ ਹੀ ਅਕਾਲ ਚਲਾਣਾ ਕਰ ਚੁੱਕੇ ਹਨ ।
            ਉਹ ਸਾਈਂ ਫਰੀਦ ਮੁਹੰਮਦ ਫਰੀਦ ਨੂੰ ਆਪਣਾ ਆਦਰਸ਼ ਮੰਨਿਆਂ ਕਰਦੇ ਸਨ । ਸੰਗੀਤ ਸਿਖਿਆ ਮਗਰੋਂ 1970 ਵਿੱਚ ਹਾਕਮ ਨੇ ਗਾਇਕੀ ਵਿੱਚ ਕਦਮ ਰੱਖਿਆ । ਹਾਕਮ ਸੂਫੀ ਨੇ ਜੀ ਟੀ. ਵੀ. ਤੋਂ ਪਹਿਲੀ ਵਾਰ 'ਸੁਰਮਈ ਸ਼ਾਮ' ਪ੍ਰੋਗਰਾਮ ਰਾਹੀ ਸਰੋਤਿਆਂ ਨੂੰ ਕੀਲਿਆ | ਉਸ ਨੇ ਨਵੇਂ ਸਾਲ ਦੇ ਪ੍ਰੋਗਰਾਮ ਮੌਕੇ ਜਲੰਧਰ ਦੂਰਦਰਸ਼ਨ ਤੋਂ ਵੀ ਦੋ ਗੀਤ ਪੇਸ਼ ਕੀਤੇ । ਪਰ ਉਸ ਦਾ ਸੰਗੀਤ ਬਜ਼ਾਰ ਵਿੱਚ ਸਭ ਤੋਂ ਪਹਿਲਾ ਤਵਾ "ਮੇਲਾ ਯਾਰਾ ਦਾ(1984)" ਨੂੰ ਐਚ ਐਮ ਵੀ ਕੰਪਨੀ ਨੇ ਰਿਕਾਰਡ ਕਰਿਆ । ਜਿਸਦੇ ਸਾਰੇ ਹੀ ਗੀਤ ਸੁਪਰਹਿੱਟ ਰਹੇ ਅਤੇ ਅੱਜ ਤੱਕ ਬਾ-ਦਸਤੂਰ ਉਸੇ ਤਰਾਂ ਹੀ ਲੋਕ ਗੀਤਾਂ ਵਾਂਗ ਸੁਣੇ ਅਤੇ ਗੁਣਗੁਣਾਏ ਜਾਂਦੇ ਹਨ | ਉਸ ਨੇ ਅੱਧੀ ਦਰਜਨ ਤੋਂ ਵੱਧ ਫ਼ਿਲਮਾਂ ਵਿੱਚ ਵੀ ਕੰਮ ਕਰਿਆ । ਮੇਲਾ ਯਾਰਾਂ ਦਾ,ਝੱਲਿਆ ਦਿਲਾ ਵੇ,ਤੋਂ ਵੀ ਦੋ ਕਦਮ ਅੱਗੇ ਵਧ ਕੇ ਨਿਭਿਆ ਵਰਿੰਦਰ ਦੀ ਫਿਲਮ ਯਾਰੀ ਜੱਟ ਦੀਵਿਚ ਗਾਇਆ ਗੀਤ ਪਾਣੀ ਵਿੱਚ ਮਾਰਾਂ ਡੀਟਾਂ,ਕਰਦੀ ਪਈ ਰੋਜ਼ ਉਡੀਕਾਂ,ਸੱਜਣ ਮਿਲਵਾ ਦੇ,ਪਾਵੀਂ ਨਾ ਦੂਰ ਤਰੀਕਾਂ,ਅੱਜ ਵੀ ਪੰਜਾਬੀਆਂ ਦੀ ਜ਼ੁਬਾਂਨ ਤੇ ਹੈ । ਇਸ ਤੋਂ ਇਲਾਵਾ ਉਨ੍ਹਾਂ ਦੀਆਂ ਦੋ ਕੈਸਿਟਾਂ ਦਿਲ ਵੱਟੇ ਦਿਲਅਤੇ ਦਿਲ ਤੜਫੇਬਾਜ਼ਾਰ ਵਿਚ ਆਈਆਂ,ਤਾਂ ਇਹਨਾਂ ਨੂੰ ਸਰੋਤਿਆਂ ਨੇ ਭਰਵਾਂ ਹੁੰਗਾਰਾ ਦਿੱਤਾ । ਹਾਕਮ ਬਗੈਰ ਕਿਸੇ ਤੜਕ-ਭੜਕ ਤੋਂ ਸਟੇਜ ਕਰਿਆ ਕਰਦਾ ਸੀ ਅਤੇ ਸਰੋਤੇ ਬਹੁਤ ਸਕੂਨ ਮਹਿਸੂਸ ਕਰਿਆ ਕਰਦੇ ਸਨ । ਉਸ ਨੇ ਪੈਸੇ ਲੈ ਕੇ ਨਹੀਂ ਗਾਇਆ,ਜਿਸ ਨੇ ਜੋ ਵੀ ਦੇ ਦਿੱਤਾ ,ਦੇ ਦਿੱਤਾ । ਚਰਖੇ ਦੀ ਟੁੱਟ ਗਈ ਮਾਹਲ ਅਤੇ ਕੋਕਾ ਘੜਵਾ ਦੇ ਮਾਹੀਆ ਕੋਕਾ ਵਰਗੇ ਗੀਤ ਵੀ ਬਹੁ-ਚਰਚਿੱਤ ਰਹੇ । ਹਾਕਮ ਨੇ ਪ੍ਰੋਗਰਾਮ ਹਾਸਲ ਕਰਨ ਲਈ ਕਿਸੇ ਟੀ ਵੀ ਚੈਨਲ ਦੀਆਂ ਮਿੰਤਾਂ ਨਹੀਂ ਕੀਤੀਆਂ । ਮੜ੍ਹਕ ਨਾਲ ਜਿਓਂ ਕਿ ਦਿਖਾਇਆ । ਅਖ਼ਬਾਰਾਂ ਵਿੱਚ ਵੱਡੇ ਵੱਡੇ ਇਸ਼ਤਿਹਾਰ ਨਹੀਂ ਦਿੱਤੇ ,ਕੈਸਿਟਾਂ ਰਿਲੀਜ਼ ਕਰਨ ਲਈ ਕੋਈ ਡਰਾਮਾਂ ਨਹੀਂ ਰਚਿਆ । ਉਸ ਨੂੰ ਸੁਰ ਸੰਗੀਤ ਦੀ ਪੂਰੀ ਸੋਝੀ ਸੀ ਅਤੇ ਉਹਦੀਆਂ ਇਹਨਾਂ ਕੈਸਿਟਾਂ ਮੇਲਾ ਯਾਰਾਂ ਦਾ,ਦਿਲ ਵੱਟੇ ਦਿਲ,ਝੱਲਿਆ ਦਿਲਾ ਵੇ,ਸੁਪਨਾ ਮਾਹੀ ਦਾ,ਕੋਲ ਬਹਿਕੇ ਸੁਣ ਸੱਜਣਾ,ਦਿਲ ਤੜਫ਼ੇ,ਗੱਭਰੂ ਪੰਜਾਬ ਦਾ,ਇਸ਼ਕ ਤੇਰੇ ਵਿੱਚ,ਚਰਖਾ ਅਤੇ ਛੱਲਾ ਨੇ ਪਾਕਿਸਤਾਨੀ ਪੰਜਾਬ ਦੇ ਬਾਜ਼ਾਰ ਵਿੱਚ ਵੀ ਧੁੰਮਾਂ ਪਾਈ ਰੱਖੀਆਂ । ਹਾਕਮ ਸੂਫ਼ੀ ਨੇ ਓਸ਼ੋ ਨੂੰ ਗੁਰੂ ਧਾਰਿਆ ਤਾਂ ਉਹਦੀ ਜ਼ਿੰਦਗੀ ਅਤੇ ਸੋਚ ਹੋਰ ਵੀ ਬਦਲ ਗਈ । ਉਸ ਦਾ ਕੁਦਰਤ ਨਾਲ ਬਹੁਤ ਮੋਹ ਸੀ । ਜੰਗੀਰਾਣਾ ਸਕੂਲ ਗਵਾਹੀ ਭਰਦਾ ਹੈ ਕਿ ਉੱਥੇ ਏਨੀ ਹਰਿਆਵਲ ਕਿਹੜੇ ਹੱਥਾਂ ਦੀ ਦੇਣ ਹੈ । ਗਿੱਦੜਬਹਾ ਦੇ ਸ਼ਮਸ਼ਾਨ ਘਾਟ ਦੀ ਹਰਿਆਵਲ ਇਸ ਗੱਲ ਨੂੰ ਤਸਦੀਕ ਕਰਦੀ ਹੈ ।

                    ਆਪਣੀ ਮਿੱਟੀ ਨਾਲ ਜੁੜੇ ਰਹਿਣ ਵਾਲੇ, ਜ਼ਮੀਨੀ ਹਕੀਕਤਾਂ ਨੂੰ ਗਲ ਲਗਾਕੇ ਰੱਖਣ ਵਾਲੇ ਹਾਕਮ ਸੂਫੀ ਲਈ ਇੱਕ ਖੁਸ਼ਗਵਾਰ ਸਮਾਂ ਅਜਿਹਾ ਵੀ ਆਇਆ । ਜਦ ਪੰਜਾਬੀ ਦੇ 10 ਸਿਖ਼ਰਲੇ ਗਾਇਕਾਂ ਵਿੱਚ ਉਸਦਾ ਨਾਅ ਬੋਲਣ ਲੱਗਿਆ ।ਉਸ ਨੂੰ ਪੀਪਲਜ਼ ਫੋਰਮ ਬਰਗਾੜੀ ਵੱਲੋਂ ਲਾਈਫ ਟਾਈਮ ਅਚੀਵਮੈਂਟ ਪੁਰਸਕਾਰ ਅਤੇ ਬਠਿੰਡਾ ਵਿਖੇ ਨਵੰਬਰ 2011 ਨੂੰ ਲਾਲ ਚੰਦ ਯਮਲਾ ਜੱਟ ਪੁਰਸਕਾਰ ਨਾਲ ਵੀ ਨਿਵਾਜਿਆ ਗਿਆ । ਗੁਰਦਾਸ ਮਾਨ ਨਾਲ ਉਸਦੀ ਖੂਬ ਨਿਭਦੀ ਸੀ । ਦੋਨੋ ਇੱਕੋ ਸ਼ਹਿਰ ਦੇ,ਸਮਕਾਲੀ ਗਾਇਕ,ਇਕੱਠੇ ਹੀ ਸਟੇਜ ਕਾਰਜ ਕਰਦੇ ਰਹੇ ਸਨ । ਪਰ ਫਿਰ ਅਲੱਗ ਅਲੱਗ ਗਾਉਣ ਲੱਗੇ, ਸ਼ਾਇਦ ਗੁਰਦਾਸ ਮਾਨ ਦਾ ਫ਼ਰਸ਼ ਤੋਂ ਅਰਸ਼ ਤੇ ਜਾਣਾ ਕਾਰਣ ਰਿਹਾ ਹੋਵੇ । ਕਰੀਬ 15 ਸਾਲਾਂ ਬਾਅਦ ਪਿਛਲੀਆਂ ਵਿਧਾਨ ਸਭਾ ਚੋਣਾਂ ਸਮੇ ਜਦ ਦੋਹਾਂ ਨੇ ਮਿਲਕੇ ਸੱਜਣਾ ਓ ਸੱਜਣਾ ਗਾਇਆ,ਤਾਂ ਸਰੋਤੇ ਨਸ਼ਿਆ ਗਏ ਸਨ । ਪਰ ਦੋਨੋ ਨਮ ਅੱਖਾਂ ਨਾਲ ਇੱਕ ਦੂਜੇ ਨੂੰ ਵੇਖ ਰਹੇ ਸਨ । ਡੱਫਲੀ  ਜਿਸ ਦਾ ਮੁਢਲਾ ਨਾਅ ਖੰਜਰੀ ਹੁੰਦਾ ਸੀ ਨੂੰ ਸੱਭ ਤੋਂ ਪਹਿਲਾਂ ਹਾਕਮ ਨੇ ਹੀ ਸਟੇਜ ਉੱਤੇ ਲਿਆਂਦਾ ਅਤੇ ਗਾਇਕੀ ਦੇ ਨਾਲ ਨਾਲ ਐਕਸ਼ਨ ਕਰਨ ਦੀ ਪਿਰਤ ਦਾ ਵੀ ਅਗਾਜ਼ ਕਰਿਆ । ਜਿਸ ਨੂੰ ਗੁਰਦਾਸ ਮਾਨ ਨੇ ਅਪਣਾਇਆ ਅਤੇ ਖ਼ੂਬ ਨਾਮ ਕਮਾਇਆ ।
                      ਗੁਰਦਾਸ ਮਾਨ ਅਤੇ ਹਾਕਮ ਸੂਫੀ ਨੇ ਜੋ ਕਵਾਲੀ ਹਿੰਦੀ ਫ਼ਿਲਮ ਵਿੱਚ ਪੇਸ਼ ਕੀਤੀ ,ਉਸ ਨੇ ਹਿੰਦੀ ਦੇ ਚਰਚਿੱਤ ਕਵਾਲਾਂ ਨੂੰ ਵੀ ਝੂਮਣ ਲਾ ਦਿੱਤਾ ਸੀ । ਤਿੜਕੀਆਂ ਕੰਧਾਂ ਦੇ ਅੰਗ ਸੰਗ ਲਿਪਟ ਕਿ ਲਿਓੜ ਵਰਗੀ ਜ਼ਿੰਦਗੀ ਹਾਂ ਜੀਅ ਰਹੇ ਵਰਗੇ ਗੰਭੀਰ ਅਤੇ ਸਾਹਿਤਕ ਸ਼ਬਦ ਹਾਕਮ ਦਾ ਹਾਸਲ ਹਨ । ਉਸ ਨੂੰ ਦੁਨੀਆਂਦਾਰੀ ਵਾਲੀ ਚਲਾਕੀ ਨਹੀਂ ਸੀ ਆਉਂਦੀ,ਕਈ ਵਾਰ ਅਜਿਹਾ ਵੀ ਹੋਇਆ ਕਿ ਉਹ ਸਿਵਿਆਂ ਵਿਚਲੇ ਦਰੱਖਤਾਂ ਹੇਠ ਸੌਂ ਲੈਂਦਾ । ਜਿੱਥੇ ਹੁਣ ਉਹਦਾ ਪੱਕਾ ਵਾਸਾ ਹੋ ਗਿਆ ਹੈ । ਇਸ ਬਾਰੇ ਉਹ ਹਸਦਾ ਹਸਦਾ ਕਿਹਾ ਕਰਦਾ ਸੀ ਕਿ ਜਦੋਂ ਕੋਈ ਮਰਦਾ ਹੈ ਤਾਂ ਲੋਕ ਉਸ ਨੂੰ ਸਿਵਿਆਂ ਵਿੱਚ ਲਿਆਉਂਦੇ ਹਨ,ਪਰ ਮੇਰੀ ਗੱਲ ਏਦੂੰ ਉਲਟ ਹੋਣੀ ਹੈ,ਪਹਿਲਾਂ ਮੇਰੀ ਲਾਸ਼ ਨੂੰ ਸਿਵਿਆਂ ਵਿੱਚੋਂ ਘਰ ਲਿਜਾਣਗੇ ਅਤੇ ਫਿਰ ਵਾਪਸ ਲਿਆਉਣਗੇ । ਪੜ੍ਹਾਈ ਸਮੇ ਉਸਦਾ ਛੋਟੀ ਉਮਰ ਵਿੱਚ ਹੀ ਪੇਟਿੰਗ ਅਤੇ ਬੁੱਤ ਤਰਾਸ਼ੀ ਨਾਲ ਲਗਾਓ ਸੀ । ਛੋਟੀ ਉਮਰ ਵਿੱਚ ਹੀ ਉਸ ਨੇ ਗੁਣਗੁਨਾਉਣਾ ਵੀ ਸ਼ੁਰੂ ਕਰ ਦਿੱਤਾ ਸੀ । ਕਹਿੰਦੇ ਹਨ ਕਿ ਇੱਕ ਵਾਰ ਇੱਕ ਲਾ-ਵਾਰਸ ਲਾਸ਼ ਦਾ ਇਹਨਾਂ ਕੁੱਝ ਮੁੰਡਿਆਂ ਨੇ ਰਲਕੇ ਸਸਕਾਰ ਕਰਿਆ,ਅਤੇ ਸਾਰੀ ਰਾਤ ਉਸ ਦੀ ਚਿਖਾ ਕੋਲ ਬੈਠੇ ਹੀ ਗਾਉਂਦੇ ਰਹੇ । ਅੱਜ ਵੱਡੇ ਵੱਡੇ ਅਮੀਰਜਾਦਿਆਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਦੀ ਰੋਜ਼ਾਨਾ ਕਿੰਨੀ ਆਮਦਨ ਹੈ । ਕਰੋੜਾਂ ਰੁਪਿਆ ਲਕੋਦੇ ਹਨ ,ਲੱਖਾ ਰੁਪਏ ਟੈਕਸ ਭਰਦੇ ਹਨ । ਇਹਨਾ ਦੀਆਂ ਭਰੀਆਂ ਤਜੌਰੀਆਂ ਦੇ ਸਾਹਮਣੇ ਇੱਕ ਗਰੀਬ ਪਰਿਵਾਰ ਦਾ ਜੰਮਪਲ ਸਿਰਫ਼ 60 ਸਾਲ ਦੀ ਉਮਰ ਵਿੱਚ ਇਲਾਜ ਦੀ ਘਾਟ ਕਾਰਣ ਸਾਥੋਂ ਵਿਛੜ ਗਿਆ । ਪਰ ਹੀਰੇ ਦੀ ਪਰਖ ਜੌਹਰੀ ਹੀ ਜਾਣਦੇ ਹਨ ,ਇਹਨਾਂ ਲੋਕਾਂ ਨੂੰ ਇਹਦੀ ਕੀਮਤ ਅਤੇ ਅਸਲੀਅਤ ਦਾ ਹੀ ਪਤਾ ਨਹੀਂ ਹੁੰਦਾ ।
               ਲੋਕ  ਹਾਕਮ ਸੂਫੀ ਨੂੰ ਗੁਰਦਾਸ ਮਾਨ ਦਾ ਉਸਤਾਦ ਕਹਿੰਦੇ ਰਹੇ ਹਨ । ਗੁਰਦਾਸ ਮਾਨ ਦਾ ਕਹਿਣਾ ਹੁੰਦਾ ਸੀ ਕਿ ਆਤਮ ਪ੍ਰਕਾਸ਼ ਅਤੇ ਚਰਨਜੀਤ ਅਹੂਜਾ ਤੋਂ ਗੀਤ ਸੰਗੀਤ ਬਾਰੇ ਕੁੱਝ ਕੁ ਜਾਣਕਾਰੀ ਹਾਸਲ ਕੀਤੀ ਹੈ । ਪਰ ਗੁਰਦਾਸ ਮਾਨ ਨੇ ਕਦੇ ਵੀ ਇਹ ਗੱਲ ਨਹੀਂ ਆਖੀ ਕਿ ਹਾਕਮ ਸੂਫੀ ਉਸਦਾ ਉਸਤਾਦ ਨਹੀਂ ਹੈ । ਉਹ ਕਹਿ ਦਿਆ ਕਰਦਾ ਏ ਠੀਕ ਏ ਬਾਬਿਓ । ਗੱਲ ਭਾਵੇਂ ਕੋਈ ਵੀ ਰਹੀ ਹੋਵੇ ਲੋਕ ਹਾਕਮ ਸੂਫੀ ਨੂਂ ਹੀ ਉਸਤਾਦ ਮੰਨਦੇ ਹਨ । ਹੁਣ ਗੁਰਦਾਸ ਮਾਨ ਕੀਹਨੂੰ ਮਿਲੂਗਾ,ਝੁੱਗੀਆਂਝੌਂਪੜੀਆਂ ਵਾਲੇ, ਜੋਗੀ,ਗੱਡੀਆਂ ਵਾਲੇ ਰਮਤਾ ਕਬੀਲੇ ਅਤੇ ਉਹਦੇ ਪ੍ਰਸੰਸਕ ਲੋਕ ਉਸ ਕਾਲੀ ਕੰਬਲੀ ਓੜੀ ਵਾਲੇ ਨੂੰ ਕਿੱਥੋਂ ਲੱਭਣਗੇ ? ਪਰ ਉਹ ਅਜਿਹੀਆਂ ਅਮਿਟ ਪੈੜਾਂ ਪਾ ਕਿ ਗਿਆ ਏ ,ਜਿੰਨ੍ਹਾਂ ਨੂੰ ਕੋਈ ਮਿਟਾ ਨਹੀਂ ਸਕਦਾ । ਉਹਦੀਆਂ ਯਾਦਾਂ ਇਤਿਹਾਸ ਦੀ ਬੁੱਕਲ਼ ਦਾ ਨਿੱਘ ਬਣੀਆਂ ਰਹਿਣਗੀਆਂ,ਜਿਤਨੀ ਦੇਰ ਤੱਕ ਸੂਫ਼ੀ ਗਾਇਕੀ ਅਤੇ ਸਾਫ਼ ਸੁਥਰੀ ਗਾਇਕੀ ਦੀ ਗੱਲ ਤੁਰਦੀ ਰਹੇਗੀ ।
**********************
ਰਣਜੀਤ ਸਿੰਘ ਪ੍ਰੀਤ
98157-07232

Thursday, February 23, 2012

ਛੋਟੇ ਸਫ਼ਰ ਦੀ ਵੱਡੀ ਅਦਾਕਾਰਾ–ਮਧੂਬਾਲਾ


       ਛੋਟੇ ਸਫ਼ਰ ਦੀ ਵੱਡੀ ਅਦਾਕਾਰਾਮਧੂਬਾਲਾ
                                               ਰਣਜੀਤ ਸਿੰਘ ਪ੍ਰੀਤ
                         ਕੁੱਝ ਲੋਕ ਇਸ ਦੁਨੀਆਂ ਤੇ ਆਉਂਦੇ ਹਨ,ਬਗੈਰ ਕੁੱਝ ਜ਼ਿਕਰਯੋਗ ਕਰਿਆਂ ਤੁਰ ਜਾਂਦੇ ਹਨ । ਪਰ ਕੁੱਝ ਅਜਿਹੇ ਵੀ ਹੁੰਦੇ ਹਨ, ਜੋ ਥੋੜ੍ਹੀ ਉਮਰ ਭੋਗ ਕੇ ਵੀ ਅਮਿੱਟ ਪੈੜਾਂ  ਛੱਡ ਜਾਂਦੇ ਹਨ । ਜਿੰਨ੍ਹਾਂ ਨੂੰ ਲੋਕ ਬਹੁਤ ਪਿਆਰ ਸਤਿਕਾਰ ਨਾਲ ਯਾਦ ਕਰਿਆ ਕਰਦੇ ਹਨ । ਅਜਿਹੀ ਹੀ ਸੀ ਅਦਾਕਾਰਾ ਮਧੂਬਾਲਾ ਮੁੱਢਲੇ ਨਾਂਅ ਮੁਮਤਾਜ ਬੇਗ਼ਮ ਜਹਾਂ ਦੇਹਲਵੀ ਵਾਲੀ ਮਧੂਬਾਲਾ ਦਾ ਜਨਮ ਦਿੱਲੀ ਵਿੱਚ ਅਤਾਉਲਾ ਖ਼ਾਂਨ ਦੇ ਘਰ 14 ਫਰਵਰੀ 1933 ਨੂੰ ਹੋਇਆ । ਉਹ ਪਰਿਵਾਰ ਦੇ 11 ਬੱਚਿਆਂ ਵਿੱਚੋਂ ਪੰਜਵਾਂ ਬੱਚਾ ਸੀ । ਮੁਮਤਾਜ ਦੇ ਅੱਬੂ ਜੋ ਪਿਸ਼ਾਵਰ ਵਿਖੇ ਇੰਪੀਰੀਅਲ ਤਮਾਕੂ ਕੰਪਨੀ ਵਿੱਚ ਨੌਕਰੀ ਕਰਦੇ ਸਨ ,ਉਹਨਾਂ ਨੂੰ ਉਹ ਛੱਡ ਕਿ ਮੂੰਬਈ ਆਉਣਾ ਪਿਆ । ਸਨ 1942 ਤੋਂ 1960 ਤੱਕ ਫ਼ਿਲਮੀ ਜਗਤ ਵਿੱਚ ਆਪਣੀ ਬਾਦਸ਼ਾਹਤ ਕਾਇਮ ਰੱਖਣ ਵਾਲੀ ਮੁਮਤਾਜ ਨੇ 10 ਕੁ ਸਾਲ ਦੀ ਉਮਰੇ 1942 ਵਿੱਚ ਬਾਲ ਕਲਾਕਾਰਾ ਵਜੋਂ ਫ਼ਿਲਮ ਬਸੰਤਲਈ ਪਹਿਲੀ ਭੂਮਿਕਾ ਨਿਭਾਈ । ਇਸ ਤੋਂ ਪ੍ਰਭਾਵਿਤ ਹੁੰਦਿਆਂ ਅਭਿਨੇਤਰੀ ਦੇਵਿਕਾ ਰਾਣੀ ਨੇ ਮਸ਼ਵਰਾ ਦਿੱਤਾ ਕਿ ਉਹ ਆਪਣਾ ਨਾਂਅ ਮਧੂ ਰੱਖ ਲਵੇ ,ਜਿਸ ਦਾ ਅਰਥ ਸ਼ਹਿਦ ਦੀ ਔਰਤ ਹੁੰਦਾ ਹੈ ਅਤੇ ਉਹ ਮੁਮਤਾਜ ਤੋਂ ਮਧੂਬਾਲਾ ਅਖਵਾਉਂਣ ਲੱਗੀ ।
                     ਫਿਰ 1947 ਵਿੱਚ ਬੇਬੀ ਮੁਮਤਾਜ ਨੂੰ ਨਾਇਕਾ ਮੁਮਤਾਜ ਦਾ ਨਾਂਅ ਦਿੰਦਿਆਂ ਨਿਰਮਾਤਾ-ਨਿਰਦੇਸ਼ਕ ਕੇਦਾਰ ਸ਼ਰਮਾਂ ਨੇ ਫ਼ਿਲਮ ਨੀਲ ਕਮਲ ਵਿੱਚ 14 ਵਰ੍ਹਿਆਂ ਦੇ ਰਾਜ ਕਪੂਰ ਨਾਲ ਅਹਿਮ ਰੋਲ ਦਿੱਤਾ । ਇਸ ਫਿਲਮ ਨਾਲ ਉਸਦੀ ਪਹਿਚਾਣ ਨਾਇਕਾ ਵਜੋਂ ਹੋਣ ਲੱਗੀ । ਪਰ ਫ਼ਿਲਮੀ ਸਟਾਰ ਅਦਾਕਾਰਾ ਦਾ ਰੁਤਬਾ 1949 ਵਿੱਚ ਬਣੀ ਮਹਿਲ ਫ਼ਿਲਮ ਤੋਂ ਮਿਲਿਆ । ਮਧੂਬਾਲਾ ਦੀ ਗਿਣਤੀ ਭਾਰਤੀ ਸਿਨੇ ਜਗਤ ਦੀ ਮੈਡੋਨਾਂ ਵਜੋਂ ਹੋਣ ਲੱਗੀ । 
                     ਮਧੂਬਾਲਾ ਨੇ ਪਹਿਲੇ ਚਾਰ ਸਾਲਾ ਵਿੱਚ 24 ਫ਼ਿਲਮਾਂ ਕੀਤੀਆਂ । ਅਲੋਚਕਾਂ ਦਾ ਕਹਿਣਾ ਸੀ ਕਿ ਉਹ ਕਲਾ ਦੀ ਬਜਾਇ ਸੁੰਦਰਤਾ ਦਾ ਹੀ ਵੱਧ ਲਾਹਾ ਖੱਟ ਰਹੀ ਹੈ । ਉਸਨੇ ਫ਼ਿਲਮ ਨਿਰਦੇਸ਼ਕਾਂ ਮਹਿਬੂਬ ਖ਼ਾਨ (ਅਮਰ),ਗੁਰੂਦੱਤ (ਸ਼੍ਰੀ ਔਰ ਸ਼੍ਰੀਮਤੀ-55),ਕਮਾਲ ਅਮਰੋਹੀ (ਮਹਿਲ),ਆਸਿਫ਼ (ਮੁਗ਼ਲ-ਇ-ਆਜ਼ਮ),ਲਈ ਕੰਮ ਕਰਿਆ । ਕੱਲ੍ਹ ਹਮਾਰਾ(1959) ਵਿੱਚ ਉਹ ਦੋਹਰੇ ਰੋਲ ਵਿੱਚ ਆਈ ਅਤੇ ਕਮਾਲ ਕਰ ਵਿਖਾਈ । ਸਨ 1950 ਵਿੱਚ ਉਸਨੇ ਹਰ ਪ੍ਰਕਾਰ ਦੇ ਰੋਲ ਕਰਦਿਆਂ ਟਿਪਣੀਕਾਰਾਂ ਦਾ ਮੂੰਹ ਬੰਦ ਕਰ ਵਿਖਇਆ । ਜਦ 1950 ਵਿੱਚ ਪਹਿਲੀ ਹਿੰਦੀ ਫ਼ਿਲਮ ਸਿਰਫ਼ ਬਾਲਗਾਂ ਲਈ ਫ਼ਿਲਮ ਸੈਂਟਰਲ ਬੋਰਡ ਵਲੋਂ ਹੰਸਤੇ ਆਂਸੂੰ ਪਾਸ ਹੋ ਕੇ  ਆਈ ,ਤਾਂ ਬਹੁਤ ਪਸੰਦ ਕੀਤੀ ਗਈ । ਸਨ 1951 ਵਿੱਚ  ਬਾਦਲ ਅਤੇ ਤਰਾਨਾ ਵੀ ਆਈਆਂ । ਸ਼ੀਰੀਂ ਫਰਿਹਾਦ ਅਤੇ ਰਾਜ ਹਥ ਨੇ ਵੀ ਚੰਗਾ ਨਾਮਣਾ ਖੱਟਿਆ । ਮਧੂਬਾਲਾ ਦਾ ਝੁਕਾਅ ਵੀ ਕੁੱਝ ਹੋਰਨਾਂ ਵਾਂਗ ਦਲੀਪ ਕੁਮਾਰ ਵੱਲ ਹੋਇਆ ,ਉਹ ਪਹਿਲੀ ਵਾਰ 1944 ਨੂੰ ਜਵਾਰ ਭਾਟਾ ਦੇ ਸੈੱਟਤੇ ਮਿਲੇ । ਫਿਰ ਹਾਰ ਸਿੰਗਾਰ (1949)ਚ ਇਕੱਠੇ ਨਿਭੇ,ਪਰ ਇਹ ਫ਼ਿਲਮ ਡੱਬਿਆਂ ਵਿੱਚ ਹੀ ਪਈ ਰਹਿ ਗਈ । ਸਨ 1951 ਦੀ ਤਰਾਨਾ ਸਮੇਤ ਇਹਨਾਂ ਨੇ 4 ਫ਼ਿਲਮਾਂ ਇਕੱਠਿਆਂ ਕੀਤੀਆਂ । ਦਲੀਪ ਕੁਮਾਰ ਨਾਲ ਇਹ ਸਬੰਧ 5 ਕੁ ਸਾਲਾਂ ਤੱਕ ਬਣੇ ਰਹੇ ।                             
                          ਮਧੂਬਾਲ ਨੂੰ ਡਾਕਟਰਾਂ ਨੇ ਬਚਪਨ ਵਿੱਚ ਹੀ ਦੱਸ ਦਿੱਤਾ ਸੀ ਕਿ ਉਸ ਦੇ ਦਿਲ ਵਿੱਚ ਮੋਰੀ ਹੈ ਅਤੇ ਇਸ ਦਾ ਇਲਾਜ ਵੀ ਸੰਭਵ ਨਹੀਂ ਹੈ । ਪਰ ਉਸਦਾ ਹੌਂਸਲਾ ਵੀ ਕਮਾਲ ਰਿਹਾ । ਸਨ 1950 ਵਿੱਚ ਉਸ ਨੂੰ ਖੰਘ ਦੇ ਨਾਲ ਹੀ ਖ਼ੂਨ ਵੀ ਆਉਣ ਲੱਗਿਆ । ਪਰ ਉਹ ਠੀਕ ਹੋ ਗਈ । ਉਹ ਘਰ ਤੋਂ ਬਾਹਰ ਕੁੱਝ ਨਹੀਂ ਖਾਂਦੀ-ਪੀਂਦੀ ਸੀ । ਇੱਥੋਂ ਤੱਕ ਕਿ ਖਾਣੇ ਦੇ ਨਾਲ ਪਾਣੀ ਵੀ ਘਰੋਂ ਹੀ ਲਿਆਇਆ ਕਰਦੀ ਸੀ । ਸਨ 1954 ਵਿੱਚ ਉਹਨੂੰ ਮਦਰਾਸ ਵਿਖੇ ਐਸ ਐਸ ਵਾਸਨ ਲਈ ਬਹੁਤ ਦਿਨ ਹੂਏ ਦੇ ਫ਼ਿਲਮਾਂਕਣ ਸਮੇ ਖ਼ੂਨ ਦੀ ਉਲਟੀ ਆ ਗਈ । ਪਰ ਉਹ ਚੁੱਪ ਅਤੇ ਮਸਤ ਰਹੀ । ਇਸ ਹਾਲਤ ਵਿੱਚ ਉਸਦੀ ਸਾਂਭ ਸੰਭਾਲ ਵਾਸਨ ਅਤੇ ਉਸਦੀ ਪਤਨੀ ਨੇ ਕੀਤੀ ।  ਇਹ ਗੱਲ ਮੀਡੀਆ ਵਿੱਚ ਆਉਣ ਨਾਲ ਰਾਜ਼, ਰਾਜ਼ ਨਾ ਰਿਹਾ ।               
              ਜਦ 1950 ਵਿੱਚ ਉਸ ਦੀ ਗੁੱਡੀ ਸਿਖ਼ਰਾਂ ਤੇ ਸੀ ਤਾਂ,ਹੌਲੀਵੁੱਡ ਵਿੱਚ ਵੀ ਉਸ ਦੇ ਨਾਂਅ ਦੀ ਬਹੁਤ ਚਰਚਾ ਸੀ । ਅਮਰੀਕਾ ਤੋਂ ਛਪਦੇ ਵਿਸ਼ੇਸ਼ ਮੈਗ਼ਜ਼ੀਨ ਥਿਏਟਰ ਆਰਟਸ ਵਿੱਚ ਪੂਰੇ ਪੇਜ਼ ਤੇ ਛਪੀ ਮਧੂਬਾਲਾ ਦੀ ਤਸਵੀਰ ਸਮੇਤ ਆਰਟੀਕਲ ਛਪਿਆ । ਅਮਰੀਕੀ ਫ਼ਿਲਮ ਨਿਰਮਾਤਾ ਫ਼੍ਰੈਕ ਕਾਪਰਾ ਨੇ ਮਧੂਬਾਲਾ ਨੂੰ ਫ਼ਿਲਮ ਲਈ ਸਾਈਨ ਕਰਨ ਵਾਸਤੇ ਮੁੰਬਈ ਆ ਕੇ ਪ੍ਰਪੋਜ਼ਲ ਵੀ ਰੱਖੀ।ਪਰ ਮਧੂਬਾਲਾ ਦੇ ਪਿਤਾ ਨੇ ਇਨਕਾਰ ਕਰ ਦਿੱਤਾ । ਮਧੂ ਬਾਲਾ ਦੀ ਇਹ ਵੀ ਖ਼ਵਾਇਸ਼ ਸੀ ਕਿ ਜੇ ਇੱਕ ਦਿਨ ਮਰਨਾਂ ਹੀ ਹੈ ਤਾਂ ਮਾਂਗ ਵਿੱਚ ਸੰਧੂਰ ਪੁਆ ਕੇ ਹੀ ਮਰੇ । ਉਸਨੇ ਕਿਸ਼ੋਰ ਕੁਮਾਰ ਨਾਲ 1958 ਵਿੱਚ ਫ਼ਿਲਮ ਚਲਤੀ ਕਾ ਨਾਮ ਗਾੜੀ ਅਤੇ 1961 ਨੂੰ ਝੁਮਰੂ ਵਿੱਚ ਕੰਮ ਕੀਤਾ । ਇਕੱਠਿਆਂ ਨੇ ਕੁੱਝ ਹੋਰ ਫ਼ਿਲਮਾਂ ਵੀ ਕੀਤੀਆਂ। ਇਸ ਤਰ੍ਹਾਂ ਉਹ ਇੱਕ ਦੂਜੇ ਦੇ ਕਰੀਬ ਆ ਗਏ । ਕਿਸ਼ੋਰ ਦਾ ਪਹਿਲੀ ਪਤਨੀ ਰੂਮਾਂ ਗੁਹਾ ਠਾਕੁਰਤਾ (1950-1958) ਨਾਲੋ ਤਲਾਕ ਦਾ ਕੇਸ ਚੱਲ ਰਿਹਾ ਸੀ,ਜੋ ਜਲਦੀ ਖ਼ਤਮ ਹੋ ਗਿਆ । ਕਿਸ਼ੋਰ ਅਤੇ ਮਧੂ ਨੇ ਜਾਤੀ ਵਿਰੋਧਾਂ ਤੋਂ ਬੇਪ੍ਰਵਾਹ ਹੁੰਦਿਆਂ 16 ਨਵੰਬਰ 1960 ਨੂੰ ਨਿਕਾਹ ਕਰਵਾ ਲਿਆ ।
                     ਫ਼ਿਲਮ ਮੁਗਲ-ਇ-ਆਜ਼ਮ ਵਿੱਚ ਅਨਾਰਕਲੀ ਵਜੋਂ ਨਿਭਾਈ ਭੂਮਿਕਾ ਅੱਜ ਵੀ ਤਰੋ-ਤਾਜਾ ਜਾਪਦੀ ਹੈ।ਇਸ ਫ਼ਿਲਮ ਨੂੰ ਐਨੀ ਅਹਿਮੀਅਤ ਹਾਸਲ ਹੈ ਕਿ ਇਸ ਨੂੰ ਹੁਣ ਰੰਗੀਨ ਬਣਾ ਕੇ ਦਰਸ਼ਕਾਂ ਲਈ ਫਿਰ ਤੋਂ ਪੇਸ਼ ਕੀਤਾ ਗਿਆ ਹੈ । ਪਿਆਰ ਕੀਆ ਤੋ ਡਰਨਾਂ ਕਿਆ ਗੀਤ ਤੇ ਨਾਚ ਕਰਨ ਲਈ ਮਧੂਬਾਲਾ ਨੇ ਡੇਢ ਸਾਲ ਅਭਿਆਸ ਕੀਤਾ ਅਤੇ ਇਸ ਵਿੱਚ ਰੂਹ ਭਰ ਵਿਖਾਈ । ਅਨਾਰਕਲੀ ਦੇ ਰੋਲ ਨੂੰ ਮਧੂਬਾਲਾ ਨੇ ਅਮਰ ਕਰ ਵਿਖਾਇਆ ਅਤੇ ਅਨਾਰਕਲੀ ਨੇ ਮਧੂਬਾਲਾ ਨੂੰ ਜ਼ਿੰਦਗੀ ਦਿੱਤੀ ।
                ਮਧੂਬਾਲਾ ਨੇ ਪ੍ਰਾਈਵੇਟ ਲਿਮਟਿਡ ਦੇ ਨਾਅ ਤਹਿਤ ਕੁੱਝ ਖ਼ਾਸ ਭੂਮਿਕਾਵਾਂ ਕਰਨ ਦੀ ਤਮੰਨਾ ਦਾ ਸਿਰ ਵੀ ਪਲੋਸਿਆ । ਉਸ ਨੇ 1949 ਵਿੱਚ ਇਮਤਿਹਾਂਨ 1955 ਵਿੱਚ ਨਾਤਾ ਅਤੇ 1960 ਵਿੱਚ ਮਹਿਲੋਂ ਕੇ ਖ਼ਵਾਬ ਫ਼ਿਲਮ ਦਾ ਨਿਰਮਾਣ ਵੀ ਕੀਤਾ । ਮਧੂਬਾਲਾ ਨੇ ਧੰਨਾ ਭਗਤ(1945)ਅਤੇ ਪੁਜਾਰੀ(1946)ਵਿੱਚ ਗੀਤ ਵੀ ਗਾਏ ,ਜਿਹੜੇ ਕਿ ਬੇਬੀ ਮੁਮਤਾਜ ਉੱਤੇ ਹੀ ਫ਼ਿਲਮਾਏ ਗਏ ਸਨ । ਮਧੂਬਾਲਾ ਦੀਆਂ ਕੁੱਝ ਫ਼ਿਲਮਾਂ ਉਸ ਦੇ ਰੁਖ਼ਸਤ ਹੋਣ ਮਗਰੋਂ ਵੀ ਰਿਲੀਜ਼ ਹੋਈਆਂ ।
             
                        ਕਿਸ਼ੋਰ ਕੁਮਾਰ ਨਾਲ 9 ਸਾਲ ਤੱਕ ਹੀ ਸਾਥ ਨਿਭਾ ਸਕਣ ਵਾਲੀ ਮਧੂ ਬਾਲਾ ਨੂੰ 23 ਫਰਵਰੀ 1969 ਐਤਵਾਰ ਦੀ ਸਵੇਰ ਅਜਿਹਾ ਦਿਲ ਦਾ ਦੌਰਾ ਪਿਆ ਕਿ ਉਹ ਆਪਣੀ ਉਮਰ ਦੇ ਮਹਿਜ 36 ਬਸੰਤ ਵੇਖਣ ਉਪਰੰਤ ਹੀ ਸਦਾ ਦੀ ਨੀਂਦ ਸੌਂ ਗਈ । ਐਨੀ ਮਕਬੂਲੀਅਤ ਵਾਲੀ ਅਦਾਕਾਰਾ ,ਜਿਸ ਬਾਰੇ ਪਹਿਲਾਂ ਹੀ ਇਹ ਦੱਸ ਦਿੱਤਾ ਗਿਆ ਸੀ ਕਿ ਉਹ ਪਤਾ ਨਹੀਂ ਕਿਸ ਦਿਨ ਇਸ ਦੁਨੀਆਂ ਤੋਂ ਰੁਖ਼ਸਤ ਹੋ ਜਾਏ ,ਨੂੰ ਕੋਈ ਵੀ ਇਨਾਮ-ਸਨਮਾਨ ਨਾਂ ਦਿੱਤਾ ਗਿਆ । ਭਾਵੇਂ ਉਹਦੇ ਕਈ ਰੋਲ ਅਤੇ ਉਹਦੀਆਂ ਕਈ ਫ਼ਿਲਮਾਂ ਬਹੁਤ ਹਿੱਟ ਰਹੀਆਂ । ਜਿਉਂਦੇ ਜੀਅ ਉਹਦੀ ਇਹ ਸੱਧਰ ਖ਼ੁਦਕਸ਼ੀਆਂ ਕਰਦੀ ਰਹਿ ਗਈ ਅਤੇ ਉਸ ਦੇ ਨਾਲ ਹੀ ਦਫ਼ਨ ਹੋ ਗਈ । ਜਿਸਦਾ ਉਹਦੇ ਚਹੇਤਿਆਂ ਨੂੰ ਕੱਲ੍ਹ ਵੀ ਗਿਲਾ ਸੀ ,ਅੱਜ ਵੀ ਗਿਲਾ ਹੈ ਅਤੇ ਇਹ ਕੱਲ੍ਹ ਨੂੰ ਵੀ ਬਰਕਰਾਰ ਰਹੇਗਾ ।  
ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ:98157-07232
             www.ranjitsinghpreet.com
             www.rpreet.blogspot.com
             www.rspreet.blogspot.com

Wednesday, January 18, 2012

ਮਲਿਕਾ-ਇ-ਹੁਸਨ ; ਕਲਪਨਾ ਮੋਹਨ








                               
                          ਹੁਸਨ ਦੀ ਮਲਿਕਾ  ਸੀ ਕਲਪਨਾ ਮੋਹਨ
          ਮਲਿਕਾ-ਇ-ਹੁਸਨ ; ਕਲਪਨਾ ਮੋਹਨ
                                                              ਰਣਜੀਤ ਸਿੰਘ ਪ੍ਰੀਤ
                           ਜੇ ਖ਼ੂਬਸੂਰਤੀ ਅਤੇ ਕਲਾ ਦੀ ਗੱਲ ਕਰੀਏ ,ਤਾਂ ਬਹੁਤ ਘੱਟ ਅਜਿਹੀਆਂ ਅਦਾਕਾਰਾ ਹਨ,ਜਿਨ੍ਹਾਂ ਦੇ ਨਾਅ ਇਸ ਗਿਣਤੀ ਵਿੱਚ ਆਉਂਦੇ ਹਨ । ਪਰ ਕਲਪਨਾ ਮੋਹਨ ਦਾ ਨਾਂਅ ਇਸ ਦਰਜਾਬੰਦੀ ਵਿੱਚ ਵਿਸ਼ੇਸ਼ ਮੁਕਾਮ ਰਖਦਾ ਹੈ। ਬਹੁਤ ਛੋਟੀ ਹੀ ਸੀ ਜਦ ਉਸ ਬਾਰੇ ਚਰਚਾ ਚੱਲਿਆ ਕਰਦੀ ਸੀ । ਪੂਰੀ ਜ਼ਿੰਦਗੀ ਤਲਵਾਰ ਦੀ ਧਾਰ ਤੇ ਤੁਰਦੀ ਕਲਪਨਾ ਦੀਆਂ ਅੱਖਾਂ ਦੀ ਬਨਾਵਟ ਪੰਜਾਬੀਆਂ ਦੇ ਮੁੱਛਾਂ ਵਾਲੇ ਗੰਡਾਸੇ ਵਰਗੀ ਸੀ । ਅੱਖਾਂ ਚਿਹਰੇ ਦੀ ਕਸ਼ਿਸ਼ ਨੂੰ ਨਿਖ਼ਾਰ ਕੇ ਸੋਨੇ ਤੇ ਸੁਹਾਗੇ ਦਾ ਕੰਮ ਕਰਿਆ ਕਰਦੀਆਂ ਸਨ । ਦਰਸ਼ਕਾਂ ਦੇ ਮਨ ਵਿੱਚ ਇਹ ਸੁਆਲ ਵੀ ਉਸਲਵੱਟੇ ਲਿਆ ਕਰਦਾ ਸੀ ਕਿ ਕੀ ਕਲਪਨਾ ਦੀ ਮਾਂ ਉਸ ਨੂੰ ਨਿੱਕੀ ਹੁੰਦੀ ਨੂੰ ਕੱਚੇ ਦੁੱਧ ਨਾਲ ਨੁਹਾਉਂਦੀ ਰਹੀ ਹੈ ?
              ਇਸ ਮਿਕਨਾਤੀਸੀ ਕਸ਼ਿਸ਼ ਦੀ ਮਾਲਕ ਕਲਪਨਾ ਮੋਹਨ ਦਾ ਜਨਮ ਸ਼੍ਰੀਨਗਰ ਵਿੱਚ 18 ਜੁਲਾਈ 1946 ਨੂੰ ਪਿਤਾ ਅਵਾਨੀ ਮੋਹਨ ਦੇ ਘਰ ਹੋਇਆ । ਅਵਾਨੀ ਮੋਹਨ ਜੀ ਸੁਤੰਤਰਤਾ ਸੇਨਾਨੀ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਐਕਟਿਵ ਮੈਂਬਰ ਤੋਂ ਇਲਾਵਾ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਜੀ ਦੇ ਬਹੁਤ ਨੇੜਲੇ ਸਾਥੀ ਸਨ । ਕੱਥਕ ਦੀ ਮਾਹਿਰ ਕਲਪਨਾ ਨੂੰ ਅਕਸਰ ਹੀ ਮਹਿਮਾਨਾਂ ਦੇ ਮਨਪ੍ਰਚਾਵੇ ਲਈ ਡਾਨਸ ਲਈ ਰਾਸ਼ਟਰਪਤੀ ਭਵਨ ਵਿੱਚ ਬੁਲਾਇਆ ਜਾਂਦਾ ਸੀ ।
             ਇੱਕ ਵਾਰ ਇੱਥੇ ਹੀ ਹੋਰਨਾਂ ਪ੍ਰਮੁੱਖ ਹਸਤੀਆਂ ਦੇ ਨਾਲ ਬਲਰਾਜ ਸਾਹਨੀ ਅਤੇ ਉਰਦੂ ਲੇਖਕ ਇਸਮਤ ਚੁਗਤਾਈ ਵੀ ਇੱਥੇ ਸਨ । ਜਿੰਨ੍ਹਾਂ ਨੇ ਕਲਪਨਾ ਮੋਹਨ ਨੂੰ ਬਹੁਤ ਹੌਂਸਲਾ ਦਿੱਤਾ ,ਅਤੇ ਮੁੰਬਈ ਆਉਂਣ ਲਈ ਕਿਹਾ । ਉਹ ਉਹਨਾਂ ਦੇ ਹੌਂਸਲੇ ਨਾਲ ਹੀ ਮੁੰਬਈ ਜਾ ਪਹੁੰਚੀ।ਬਲਰਾਜ ਸਾਹਨੀ ਨੇ ਉਸ ਨੂੰ ਕਈ ਪ੍ਰੋਡਿਊਸਰਾਂ ਅਤੇ ਡਾਇਰੈਕਟਰਾਂ ਨਾਲ ਮਿਲਾਇਆ।ਸਾਰੇ ਉਸ ਦੀ ਪ੍ਰਭਾਵਸ਼ਾਲੀ ਦਿੱਖ ਤੋਂ ਬਹੁਤ ਪ੍ਰਭਾਵਿਤ ਹੋਏ ।ਪਰ ਪਹਿਲੀ ਜ਼ਿਕਰਯੋਗ ਬ੍ਰੇਕ 1962 ਵਿੱਚ ਫ਼ਿਲਮ ਪ੍ਰੌਫ਼ੈਸਰ ਨਾਲ ਮਿਲੀ । ਇਸ ਫ਼ਿਲਮ ਵਿੱਚ ਨਾਮਵਰ ਅਦਾਕਾਰ ਸ਼ਮੀ ਕਪੂਰ ਨਾਲ ਨਿਭਾਇਆ ਗੀਤ : ਖੁੱਲ੍ਹੀ ਪਲਕ ਮੇਂ ਝੂਠਾ ਗੁੱਸਾ ਅੱਜ ਵੀ ਫ਼ਿਲਮ ਜਗਤ ਵਿੱਚ ਮੀਲ ਪੱਥਰ ਹੈ । ਉਸ ਦੇ ਰੁਮਾਂਟਿਕ ਕਿੱਸੇ ਜਿੱਥੇ ਸ਼ਮੀ ਕਪੂਰ ਨਾਲ ਚਰਚਾ ਵਿੱਚ ਰਹੇ,ਉੱਥੇ ਦੇਵਾ ਅਨੰਦ ਨਾਲ ਵੀ ਨਾਅ ਬੋਲਦਾ ਰਿਹਾ । ਫ਼ਿਲਮ ਪ੍ਰੋਫ਼ੈਸਰ (1962),ਨੌਟੀ ਬੁਆਇ (1962),ਸਹੇਲੀ (1965), ਤੀਨ ਦੇਵੀਆਂ (1965),ਤਸਵੀਰ (1966),ਨਵਾਬ ਸਿਰਾਜੁਦੌਲਾ (1967) ਨੇ ਵੀ ਉਸ ਨੂੰ ਦਰਸ਼ਕਾਂ ਦੀ ਚਹੇਤੀ ਬਣਾਈ ਰੱਖਿਆ ।                     

       ਕਲਪਨਾ ਮੋਹਨ ਜਿਸ ਨੂੰ ਜ਼ਿਆਦਾਤਰ ਕਲਪਨਾ ਦੇ ਨਾਅ ਨਾਲ ਹੀ ਜਾਣਿਆਂ ਜਾਂਦਾ ਹੈ ,ਨੇ 1960 ਤੋਂ 1970 ਤੱਕ ਬਾਲੀਵੁੱਡ ਵਿੱਚ ਬਰਫ਼ ਨੂੰ ਅੱਗ ਲਾਈ ਰੱਖੀ । ਫਿਰ ਦਰਸ਼ਕਾਂ ਦੀਆਂ ਸੋਚਾਂ ਤੋਂ ਉਲਟ 1967 ਵਿੱਚ ਇੱਕ ਸੇਵਾ ਮੁਕਤ ਨੇਵੀ ਅਫ਼ਸਰ ਨਾਲ ਵਿਆਹ ਕਰਵਾ ਲਿਆ । ਫ਼ਿਲਮਾਂ ਤੋਂ ਕਿਨਾਰਾਕਸ਼ੀ ਕਰਦਿਆਂ ਕਲਿਆਣੀ ਨਗਰ ਵਿੱਚ ਜਾ ਨਿਵਾਸ ਕੀਤਾ । ਇਸ ਸ਼ਾਦੀ ਤੋਂ ਆਪ ਦੇ ਘਰ ਇੱਕ ਬੇਟੀ ਪ੍ਰੀਤੀ ਮਨਸੁਖਾਨੀ ਨੇ ਜਨਮ ਲਿਆ । ਪਰ 1972 ਵਿੱਚ ਵਿੱਚ ਇਹ ਵਿਆਹ ਤਲਾਕ ਵਿੱਚ ਬਦਲ ਗਿਆ । 
                                ਤਲਾਕ ਤੋਂ ਪਿੱਛੋਂ ਉਹ ਅਕਸਰ ਹੀ ਤਣਾਅ ਵਿੱਚ ਰਹਿਣ ਲੱਗੀ, ਉਸ ਨੇ ਫ਼ਿਲਮਾਂ ਨਾਲੋਂ ਵੀ ਨਾਤਾ ਤੋੜ ਲਿਆ  । ਸਨ 1992 ਦੇ ਆਸ ਪਾਸ ਜਦ ਉਸਦੀ ਸਿਹਤ ਵਿਗੜਨ ਲੱਗੀ ,ਤਾਂ ਡਾਕਟਰਾਂ ਨੇ ਕਲਪਨਾ ਨੂੰ ਰਿਹਾਇਸ਼ ਬਦਲੀ ਕਰਨ ਲਈ ਕਿਹਾ,ਅਤੇ ਉਹ ਕਰੀਬ 20 ਵਰ੍ਹੇ ਪਹਿਲਾਂ ਪੂਨੇ ਆ ਵਸੀ । ਅਮਰੀਕਾ ਰਹਿੰਦੇ ਉਸ ਦੇ ਦਾਮਾਦ ਹਰੀਸ਼ ਅਤੇ ਪ੍ਰੀਤੀ ਦਾ ਕਹਿਣਾ ਸੀ ਕਿ ਜਦ ਉਸ ਨੇ ਪ੍ਰੀਤੀ ਨਾਲ ਮਿਲਣਾ-ਜੁਲਣਾ ਸ਼ੁਰੂ ਕੀਤਾ,ਤਾਂ ਉਹ ਸਿੱਧੇ ਉਹਨਾਂ ਦੇ ਘਰ ਆਈ,ਅਤੇ ਪੂਰੇ ਰੋਹਬ ਨਾਲ ਕਿਹਾ ,ਬੋਲ ਤੇਰੇ ਇਰਾਦੇ ਕੀ ਹਨ ,ਸ਼ਾਦੀ ਕਰਨੀ ਹੈ ਕਿਆ ?ਏਵੇਂ ਹੀ ਪ੍ਰੀਤੀ ਦਾ ਆਪਣੀ ਮਾਂ ਬਾਰੇ ਕਹਿਣਾ ਸੀ ਕਿ ਉਸ ਦੀ ਮਾਂ ਬਹੁਤ ਬਹਾਦਰ ਸੀ,ਉਸ ਨੇ ਉਸ ਨੂੰ ਚੰਗੀ ਤਾਲੀਮਯਾਫ਼ਤਾ ਬਣਾਇਆ ਅਤੇ ਹਮੇਸ਼ਾਂ ਉਸਦਾ ਖ਼ਿਆਲ ਰੱਖਿਆ ।
                  ਕਲਪਨਾ ਦੀ ਬਹੁ- ਕੀਮਤੀ ਜਾਇਦਾਦ ਤੇ ਕਈ ਲੋਕਾਂ ਦੀ ਨਿਗਾਹ ਟਿਕੀ ਹੋਈ ਸੀ । ਗੱਲ 2007 ਦੀ ਹੈ ਜਦ ਉਹ ਪੂਨੇ ਰਹਿ ਰਹੀ ਸੀ ਤਾਂ ਕਥਿਤ ਜਾਹਲੀ ਦਸਤਖ਼ਤਾਂ ਨਾਲ  ਮੈਮੋਰੈਂਡਮ ਆਫ਼ ਅੰਡਰਸਟੈਡਿੰਗ (ਐਮ ਓ ਯੂ)ਤਹਿਤ ਤਿੰਨ ਆਦਮੀਆਂ ਨੇ ਉਸ ਦੀ 56;18 ਹੈਕਟੇਅਰ ਪਲਾਟ ਪ੍ਰਾਪਰਟੀ ,ਸਹਾਰਾ ਵਾਲਿਆਂ ਨੂੰ ਵੇਚ ਦਿੱਤੀ  ਜੋ ਪਿੰਡ ਮੌਜੇ ਵਿਸਾਗਰ ਵਿੱਚ ਸਥਿੱਤ ਸੀ । ਇਸ ਸਬੰਧੀ ਪਤਾ ਲੱਗਣ ਤੇ ਜਦ ਕਲਪਨਾ ਨੇ ਪੌਡ ਪੁਲਿਸ ਸਟੇਸ਼ਨ ਵਿਖੇ ਸ਼ਿਕਾਇਤ ਦਰਜ ਕਰਵਾਉਣੀ ਚਾਹੀ,ਤਾਂ ਅਫ਼ਸਰ ਨੇ ਕਿਹਾ ਕਿ ਇਹ ਕੇਸ ਖ਼ੜਕ ਥਾਣੇ ਅਧੀਨ ਪੈਂਦਾ ਹੈ,ਉੱਥੇ ਰਿਪੋਰਟ ਲਿਖਵਾਓ । ਕਿਉਂਕਿ ਐਮ ਓ ਯੂ ਖ਼ੜਕਮਲ ਦੀ ਹਵੇਲੀ ਤਹਿਸੀਲ ਤੋਂ ਹੀ 22 ਅਕਤੂਬਰ 2007 ਨੂੰ ਤਸਦੀਕ ਹੋਇਆ ਹੈ । ਸਿਨੀਅਰ ਪੁਲੀਸ ਇੰਸਪੈਕਟਰ ਜੀ ਵੀ ਨਿਕੰਮ ਨੇ ਕਿਹਾ ਕਿ ਇਸ ਕਥਿੱਤ ਧੋਖਾਧੜੀ ਵਿੱਚ ਰਾਜ ਕੁਮਾਰ ਜੇਤਿਆਂਨ ਨਿਵਾਸੀ ਬਾਲਵਾੜੀ,ਨੌਟਰੀ ਪਰਮੋਦ ਸ਼ਰਮਾਂ ( ਕੋਥੁਰਡ),ਅਤੇ ਗਵਾਹ ਅਸ਼ੋਕ ਅਮਭੁਰੇ, ਸ਼ਾਮਲ ਹਨ ।
                  ਪਿਛਲੇ 5 ਸਾਲ ਤੋਂ,ਕੈਂਸਰ ਵਰਗੀ ਨਾ-ਮੁਰਾਦ ਬਿਮਾਰੀ ਨਾਲ ਲੜਦੀ ਆ ਰਹੀ ਕਲਪਨਾ ਦਾ ਇਲਾਜ ਰੂਬੀ ਹਾਲ ਕਲੀਨਿਕ ਤੋਂ ਚੱਲ ਰਿਹਾ ਸੀ । ਇਨਫੈਕਸ਼ਨ ਅਤੇ ਨਿਮੋਨੀਆਂ  ਹੋਣ ਦੀ ਵਜ੍ਹਾ ਕਰਕੇ 3 ਦਸੰਬਰ 2011 ਨੂੰ ਉਸ ਨੂੰ ਪੂਨਾ ਰਿਸਰਚ ਸੈਂਟਰ ਵਿਖੇ ਦਾਖ਼ਲ ਕਰਵਾਇਆ ਗਿਆ । ਠੀਕ ਹੋਣ ਉਪਰੰਤ 13 ਦਸੰਬਰ ਨੂੰ ਘਰ ਭੇਜ ਦਿੱਤਾ ਗਿਆ । ਪਰ ਉਸੇ ਦਿਨ 2 ਕੁ ਘੰਟਿਆਂ ਬਾਅਦ ਹੀ ਖੱਬੇ ਪਾਸੇ ਦਰਦ ਹੋਣ ਸਦਕਾ ਫਿਰ ਹਸਪਤਾਲ ਲਿਜਾਇਆ ਗਿਆ,ਅਤੇ ਆਈ ਸੀ ਯੂ ਵਿੱਚ ਭਰਤੀ ਕਰਦਿਆਂ ਵੈਂਟੀਲੇਟਰ ਦੀ ਮਦਦ ਸਹਾਰੇ ਰੱਖਿਆ ਗਿਆ । ਜਿਸ ਦੀ ਮਦਦ ਨਾਲ ਉਹ ਉਵੇਂ 20-22 ਦਿਨ ਪਈ ਰਹੀ । ਅਖ਼ੀਰ ਇਹ ਖ਼ੂਬਸੂਰਤੀ ਦਾ ਧਰੂ ਤਾਰਾ 4 ਜਨਵਰੀ 2012 ਬੁੱਧਵਾਰ ਦੀ ਸਵੇਰੇ ਸਦਾ ਸਦਾ ਲਈ ਅਸਤ ਹੋ ਗਿਆ । ਜਿਸ ਦਾ ਅੰਤਮ ਸੰਸਕਾਰ ਵੈਕੁੰਠ ਵਿੱਚ ਹਰੀਸ਼,ਪ੍ਰੀਤੀ,ਰਿਸ਼ਤੇਦਾਰਾਂ ਅਤੇ ਨਜ਼ਦੀਕੀ ਮਿਤਰਾਂ ਦੀ ਹਾਜ਼ਰੀ ਵਿੱਚ ਕੀਤਾ ਗਿਆ ।ਉਸ ਦੀ ਅਦਾਕਾਰੀ,ਹੁਸਨ ,ਨਾਚ ਦੇ ਕਿੱਸੇ ਕੱਲ੍ਹ ਵੀ ਲੋਕਾਂ ਦੀ ਜ਼ੁਬਾਂਨ ਤੇ ਸਨ,ਅੱਜ ਵੀ ਹਨ,ਅਤੇ ਕੱਲ੍ਹ ਵੀ ਹੋਣਗੇ।                .
                  *********************************
ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ:98157-07232